ਚੜ੍ਹਦਾ ਪੰਜਾਬ

August 14, 2022 12:59 AM

ਸੁਖਬੀਰ ਨੇ ਕੀਤੀ ਸਨਅਤਕਾਰਾਂ ਨੂੰ ਬੇਨਤੀ : ਬਲਬੀਰ ਸਿੰਘ ਸਿੱਧੂ ਤੇ ਕੁਲਵੰਤ ਸਿੰਘ ਨੂੰ ਵੋਟ ਦੇਣਾ ਫਜ਼ੂਲ, ਨੌਜਵਾਨ ਪਰਵਿੰਦਰ ਸਿੰਘ ਸੋਹਾਣਾ ਨੂੰ ਚੁਣੋ

ਮੋਹਾਲੀ ਦੇ ਸਨਅਤਕਾਰਾਂ ਨਾਲ ਰੂਬਰੂ ਦੌਰਾਨ ਬੋਲੇ ਸੁਖਬੀਰ ਬਾਦਲ।…

ਸਰਕਾਰ ਆਉਣ ‘ਤੇ ਸਨਅਤਕਾਰਾਂ ਨੂੰ ਸੋਲਰ ਪਲਾਂਟ ਲਗਾਉਣ ਦੀ ਮਿਲੇਗੀ ਇਜਾਜ਼ਤ

ਮੋਹਾਲੀ ਵਿੱਚ ਬਣੇਗਾ 300 ਏਕੜ ਖੇਤਰ ਵਿੱਚ ਐਗਜ਼ੀਬਿਸ਼ਨ ਸੈਂਟਰ : ਸੁਖਬੀਰ ਸਿੰਘ ਬਾਦਲ

ਮੁੱਖ ਮੰਤਰੀ ਇੰਜਣ, ਮੰਤਰੀ ਤੇ ਵਿਧਾਇਕ ਡੱਬੇ : ਇੰਜਣ ਵਧੀਆ ਨਾ ਹੋਏ ਤਾਂ ਖੜ੍ਹੀ ਰਹਿੰਦੀ ਹੈ ਟ੍ਰੇਨ : ਸੁਖਬੀਰ ਸਿੰਘ ਬਾਦਲ

ਸੁਖਬੀਰ ਨੇ ਕੀਤੀ ਸਨਅਤਕਾਰਾਂ ਨੂੰ ਬੇਨਤੀ : ਬਲਬੀਰ ਸਿੰਘ ਸਿੱਧੂ ਤੇ ਕੁਲਵੰਤ ਸਿੰਘ ਨੂੰ ਵੋਟ ਦੇਣਾ ਫਜ਼ੂਲ, ਨੌਜਵਾਨ ਪਰਵਿੰਦਰ ਸਿੰਘ ਸੋਹਾਣਾ ਨੂੰ ਚੁਣੋ

ਮੋਹਾਲੀ ਸ਼ਹਿਰ ਮੇਰੇ ਦਿਲ ਦੇ ਨੇੜੇ, ਏਅਰ ਪੋਰਟ, ਆਈਐਸਬੀ, ਚੌੜੀਆਂ ਸੜਕਾਂ ਅਕਾਲੀ ਦਲ ਦੀ ਦੇਣ : ਸੁਖਬੀਰ ਸਿੰਘ ਬਾਦਲ

ਮੋਹਾਲੀ :
ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੋਹਾਲੀ ਦੇ ਸਨਅਤਕਾਰਾਂ ਨਾਲ ਕੀਤੀ ਚੋਣ ਮੀਟਿੰਗ ਵਿੱਚ ਐਲਾਨ ਕੀਤਾ ਕਿ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਆਉਣ ਤੇ ਸਨਅਤਕਾਰਾਂ ਨੂੰ ਸੋਲਰ ਪਾਵਰ ਪਲਾਂਟ ਲਗਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਨਅਤਕਾਰ ਰਲ ਕੇ ਪੰਜਾਬ ਵਿੱਚ ਕਿਸੇ ਵੀ ਥਾਂ ਤੇ ਸਸਤੀ ਜ਼ਮੀਨ ਉੱਤੇ ਪਲਾਂਟ ਲਗਾ ਸਕਦੇ ਹਨ ਅਤੇ ਪਾਵਰ ਨੂੰ ਇੱਥੇ ਟਰਾਂਸਫਰ ਕਰ ਸਕਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਨਾਲ ਸਨਅਤਕਾਰਾਂ ਨੂੰ ਪ੍ਰਤੀ ਯੂਨਿਟ 10 ਪੈਸੇ ਦੇ ਹਿਸਾਬ ਨਾਲ ਬਿਜਲੀ ਦੀ ਲਾਗਤ ਪਵੇਗੀ।

ਉਨ੍ਹਾਂ ਕਿਹਾ ਕਿ ਸਨਅਤਾਂ ਤੋਂ ਬਗੈਰ ਕੋਈ ਵੀ ਸੂਬਾ ਤਰੱਕੀ ਨਹੀਂ ਕਰ ਸਕਦਾ ਅਤੇ ਉਨ੍ਹਾਂ ਦੀ ਇਹ ਸੋਚ ਹੈ ਕਿ ਸਰਕਾਰ ਆਉਣ ਤੇ ਉਹ ਮੋਹਾਲੀ ਵਿੱਚ 300 ਏਕੜ ਵਿੱਚ ਐਗਜ਼ੀਬਿਸ਼ਨ ਸੈਂਟਰ ਬਣਾਉਣਗੇ। ਉਨ੍ਹਾਂ ਕਿਹਾ ਕਿ ਉੱਤਰੀ ਭਾਰਤ ਵਿੱਚ ਦਿੱਲੀ ਤੋਂ ਇਲਾਵਾ ਅਜਿਹਾ ਕੋਈ ਐਗਜ਼ੀਬੀਸ਼ਨ ਸੈਂਟਰ ਨਹੀਂ ਹੈ ਅਤੇ ਵਿਦੇਸ਼ਾਂ ਦੀ ਗੱਲ ਕੀਤੀ ਜਾਵੇ ਤਾਂ ਫ੍ਰੈਂਕਫਰਟ ਵਿਚ ਇਕ ਵੱਡਾ ਐਗਜ਼ੀਬੀਸ਼ਨ ਸੈਂਟਰ ਹੈ।

ਸੁਖਬੀਰ ਸਿੰਘ ਬਾਦਲ ਮੋਹਾਲੀ ਹਲਕੇ ਤੋਂ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਦੇ ਹੱਕ ਵਿਚ ਮੋਹਾਲੀ ਦੇ ਸਨਅਤਕਾਰਾਂ ਨਾਲ ਚੋਣ ਮੀਟਿੰਗ ਕਰ ਰਹੇ ਸਨ। ਉਨ੍ਹਾਂ ਇਸ ਮੌਕੇ ਕਿਹਾ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਵੋਟਾਂ ਪਾਉਣਾ ਫਜ਼ੂਲ ਹੈ। ਉਨ੍ਹਾਂ ਇਸ ਮੌਕੇ ਸਮੂਹ ਸਨਅਤਕਾਰਾਂ ਨੂੰ ਪਰਵਿੰਦਰ ਸਿੰਘ ਸੋਹਾਣਾ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ।

ਉਨ੍ਹਾਂ ਸਨਅਤਕਾਰਾਂ ਨੂੰ ਕਿਹਾ ਕਿ ਸਰਕਾਰ ਬਣਾਉਣ ਵਾਲੇ ਵੀ ਸਨਅਤਕਾਰ ਹੀ ਹਨ ਅਤੇ ਮਾੜੀ ਸਰਕਾਰ ਆਉਣ ਤੇ ਭੁਗਤਣ ਵਾਲੇ ਵੀ ਸਨਅਤਕਾਰ। ਉਨ੍ਹਾਂ ਕਿਹਾ ਕਿ ਚੰਗੀ ਸਰਕਾਰ ਬਣੇਗੀ ਤਾਂ ਸਨਅਤਾਂ ਨੂੰ ਵੀ ਪ੍ਰਫੁੱਲਤ ਕਰੇਗੀ ਨਹੀਂ ਤਾਂ ਸਨਅਤਾਂ ਨੂੰ ਪਿਛਲੀ ਕਾਂਗਰਸ ਸਰਕਾਰ ਵਾਂਗ ਨੁਕਸਾਨ ਹੀ ਉਠਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਨਵੈਸਟ ਪੰਜਾਬ ਲਿਆਂਦਾ ਜਿਸ ਦੇ ਤਹਿਤ ਇਕ ਮਹੀਨੇ ਵਿਚ ਹਰ ਤਰ੍ਹਾਂ ਦੀ ਕਲੀਅਰੈਂਸ ਮਿਲਦੀ ਸੀ ਪਰ ਕਾਂਗਰਸ ਨੇ ਇਸ ਨੂੰ ਬੰਦ ਕਰ ਦਿੱਤਾ। ਉਹਨਾਂ ਨੇ ਸੇਵਾ ਕੇਂਦਰ ਲਿਆਂਦੇ ਕਾਂਗਰਸ ਨੇ ਉਹ ਵੀ ਬੰਦ ਕਰ ਦਿੱਤੇ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕਿਸੇ ਟ੍ਰੇਨ ਦਾ ਇੰਜਣ ਹੁੰਦਾ ਹੈ ਜਦੋਂ ਕਿ ਮੰਤਰੀ ਤੇ ਵਿਧਾਇਕ ਉਸ ਦੇ ਡੱਬੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਕੈਪਟਨ ਅਮਰਿੰਦਰ ਸਿੰਘ ਟ੍ਰੇਨ ਦਾ ਇੰਜਣ ਸੀ ਤੇ ਪੰਜ ਸਾਲ ਟਰੇਨ ਖੜੀ ਰਹੀ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਮੁੱਖ ਮੰਤਰੀ ਦੇ ਤਿੰਨ ਚਿਹਰੇ ਹਨ ਜਿਨ੍ਹਾਂ ਵਿੱਚ ਭਗਵੰਤ ਮਾਨ, ਚਰਨਜੀਤ ਚੰਨੀ ਅਤੇ ਉਹ ਖੁਦ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਉਮੀਦਵਾਰ ਦੀ ਸੋਚ, ਪਿਛੋਕੜ ਅਤੇ ਉਸ ਦੀ ਸਾਖ ਉੱਤੇ ਬਹੁਤ ਕੁਝ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ ਇਸ ਦੇ ਅਨੁਸਾਰ ਜੋ ਵੀ ਉਮੀਦਵਾਰ ਠੀਕ ਲੱਗਦਾ ਹੈ ਉਸ ਨੂੰ ਤਸੱਲੀ ਨਾਲ ਵੋਟਾਂ ਪਾ ਦਿਓ ਪਰ ਸਹੀ ਫ਼ੈਸਲਾ ਕਰਿਓ।

ਮੋਹਾਲੀ ਸ਼ਹਿਰ ਨੂੰ ਆਪਣੇ ਦਿਲ ਦੇ ਨੇੜੇ ਦੱਸਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੋਹਾਲੀ ਦਾ ਏਅਰ ਪੋਰਟ, ਇੰਡੀਅਨ ਸਕੂਲ ਆਫ਼ ਬਿਜ਼ਨਸ, ਆਈ ਟੀ ਸਿਟੀ ਸਮੇਤ ਹੋਰ ਵੱਡੇ ਪ੍ਰੋਜੈਕਟ ਅਕਾਲੀ ਦਲ ਨੇ ਹੀ ਲਿਆਂਦੇ। ਉਨ੍ਹਾਂ ਕਿਹਾ ਕਿ ਮੋਹਾਲੀ ਸ਼ਹਿਰ ਵਿਚ ਚੌੜੀਆਂ ਸੜਕਾਂ ਵਾਲਾ ਬੁਨਿਆਦੀ ਢਾਂਚਾ ਉਨ੍ਹਾਂ ਦੀ ਹੀ ਸਿਰਜਣਾ ਸੀ।

ਉਨ੍ਹਾਂ ਸਨਅਤਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਡਾ ਕਿਸੇ ਵੀ ਪਾਰਟੀ ਨਾਲ ਲਿੰਕ ਹੋਵੇ ਪਰ ਮੁੱਖ ਮੰਤਰੀ ਉਸ ਨੂੰ ਚੁਣੋ ਜਿਸ ਤੇ ਤੁਸੀਂ ਵਿਸ਼ਵਾਸ ਕਰ ਸਕਦੇ ਹੋ ਅਤੇ ਉਸ ਦੇ ਪਿਛੋਕੜ ਅਤੇ ਸੋਚ ਬਾਰੇ ਜਾਣਦੇ ਹੋਵੋ। ਉਨ੍ਹਾਂ ਕਿਹਾ ਕਿ ਕੰਪਨੀ ਦਾ ਮੈਨੇਜਰ ਰੱਖਣ ਵੇਲੇ ਵੀ ਉਸ ਦਾ ਤਜਰਬਾ ਤੇ ਭਰੋਸੇਯੋਗਤਾ ਨੂੰ ਵੇਖਿਆ ਜਾਂਦਾ ਹੈ ਕਿਉਂ ਕਿ ਇਕ ਚੰਗਾ ਬੰਦਾ ਕਿਸੇ ਮਾੜੀ ਕੰਪਨੀ ਨੂੰ ਵੀ ਅੱਗੇ ਲੈ ਜਾਂਦਾ ਹੈ ਜਦੋਂ ਕਿ ਇਕ ਮਾੜਾ ਬੰਦਾ ਚੰਗੀ ਕੰਪਨੀ ਨੂੰ ਵੀ ਡੁਬੋ ਦਿੰਦਾ ਹੈ।
ਉਨ੍ਹਾਂ ਕਿਹਾ ਕਿਸੇ ਵੀ ਹਲਕੇ ਵਿਚ ਵੋਟ ਅਜਿਹੇ ਉਮੀਦਵਾਰ ਨੂੰ ਪਾਉਣੀ ਚਾਹੀਦੀ ਹੈ ਜੋ ਮੁੱਖ ਮੰਤਰੀ ਤਕ ਪਹੁੰਚ ਰੱਖਦਾ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਕਾਲੀ ਬਸਪਾ ਸਰਕਾਰ ਆ ਰਹੀ ਹੈ। ਉਨ੍ਹਾਂ ਮੋਹਾਲੀ ਦੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਪਰਵਿੰਦਰ ਸਿੰਘ ਸੋਹਾਣਾ ਨੂੰ ਭਾਰੀ ਬਹੁਮਤ ਨਾਲ ਇਸ ਇਲਾਕੇ ਤੋਂ ਜਿਤਾਉਣ ਤਾਂ ਜੋ ਮੋਹਾਲੀ ਦਾ ਪਹਿਲਾਂ ਨਾਲੋਂ ਵੀ ਵੱਧ ਕੇ ਵਿਕਾਸ ਕੀਤਾ ਜਾ ਸਕੇ।
ਇਸ ਤੋਂ ਪਹਿਲਾਂ ਇੱਥੇ ਪਹੁੰਚਣ ਤੇ ਸਨਅਤਕਾਰਾਂ ਵੱਲੋਂ ਸੁਖਬੀਰ ਸਿੰਘ ਬਾਦਲ ਦਾ ਨਿੱਘਾ ਸਵਾਗਤ ਕੀਤਾ ਗਿਆ। ਮੁਹਾਲੀ ਤੋਂ ਅਕਾਲੀ ਬਸਪਾ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਰੇ ਸਨਅਤਕਾਰਾਂ ਦਾ ਧੰਨਵਾਦ ਕੀਤਾ।

 

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014804