ਚੜ੍ਹਦਾ ਪੰਜਾਬ

August 14, 2022 11:48 AM

ਦਿੱਲੀ ਦੇ ਮੁਲਾਜ਼ਮਾਂ ਨੇ ਕੇਜਰੀਵਾਲ ਦੀ ਵਾਅਦਾਖਿਲਾਫੀ ਦਾ ਭਾਂਡਾ ਭੰਨਿਆ

ਡੀਟੀਸੀ ਦੇ ਵਰਕਰਾਂ ਨੇ ਪੰਜਾਬ ਦੇ ਲੋਕਾਂ ਨੂੰ ਸੋਚ-ਸਮਝ ਕੇ ਵੋਟ ਪਾਉਣ ਦੀ ਕੀਤੀ ਅਪੀਲ

* ਦਿੱਲੀ ਦੇ ਮੁਲਾਜ਼ਮਾਂ ਨੇ ਕੇਜਰੀਵਾਲ ਦੀ ਵਾਅਦਾਖਿਲਾਫੀ ਦਾ ਭਾਂਡਾ ਭੰਨਿਆ

* 17 ਹਜ਼ਾਰ ਕੱਚੇ ਮੁਲਾਜ਼ਮ ਪੱਕੇ ਕਰਨ ਦੀ ਕੀਤੀ ਮੰਗ

ਮੋਹਾਲੀ  : ਦਿੱਲੀ ਸਰਕਾਰ ਦੇ ਟਰਾਂਸਪੋਰਟ ਕਾਰਪੋਰੇਸ਼ਨ ਵਿੱਚ ਕੰਮ ਕਰਦੇ ਪੱਕੇ ਅਤੇ ਕੱਚੇ ਮੁਲਾਜ਼ਮਾਂ ਨੇ ਦਿੱਲੀ ਦੀ ਕੇਜਰੀਵਾਲ ਸਰਕਾਰ ਉਤੇ ਵਾਅਦਾਖਿਲਾਫੀ ਦਾ ਦੋਸ਼ ਲਗਾਇਆ ਹੈ। ਅੱਜ ਇੱਥੇ ਮੋਹਾਲੀ ਪ੍ਰੈਸ ਕਲੱਬ ਵਿੱਚ ਇਕ ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਦੇ ਹੋਏ ਡੀਟੀਸੀ ਵਰਕਰ ਯੂਨਿਟੀ ਸੈਂਟਰ (ਏਕਟੂ) ਦੇ ਜਨਰਲ ਸਕੱਤਰ ਰਾਜੇਸ਼ ਚੋਪੜਾ, ਸਕੱਤਰ ਨਰੇਸ਼ ਕੁਮਾਰ, ਕੈਸ਼ੀਅਰ ਵਿਨੋਦ ਕੁਮਾਰ ਅਤੇ ਏਆਈਸੀਸੀਟੀਯੂ ਦਿੱਲੀ ਦੇ ਆਗੂ ਅਭਿਸ਼ੇਕ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ 2015 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਸਮੇਂ ਸਾਰੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ, ਪ੍ਰੰਤੂ ਅੱਜ ਸਰਕਾਰ ਉਨ੍ਹਾਂ ਨਾਲ ਗੱਲਬਾਤ ਕਰਨ ਨੂੰ ਵੀ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੀ ਯੂਨੀਅਨ ਵੱਲੋਂ ਅਨੇਕਾਂ ਵਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਕਿਰਤ ਮੰਤਰੀ ਤੇ ਉਪ ਮੁੱਖ ਮੰਤਰੀ ਮੁਨੀਸ਼ ਸਿਸ਼ੋਦੀਆ ਸਮੇਤ ਹੋਰ ਮੰਤਰੀਆਂ ਨਾਲ ਆਪਣੀਆਂ ਹੱਕੀ ਮੰਗਾਂ ਲਈ ਗੱਲਬਾਤ ਕਰਨ ਦਾ ਸਮਾਂ ਮੰਗਿਆ, ਪ੍ਰੰਤੂ ਸਾਨੂੰ ਨਿਰਾਸ਼ਾ ਹੀ ਮਿਲੀ। ਉਨ੍ਹਾਂ ਅੱਗੇ ਕਿਹਾ ਕਿ ਸਾਡਾ ਇੱਥੇ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਪੰਜਾਬ ਦੇ ਮੁਲਾਜ਼ਮਾਂ ਨੂੰ ਕੇਜਰੀਵਾਲ ਵੱਲੋਂ ਕੀਤੇ ਜਾ ਰਹੇ ਝੂਠੇ ਵਾਅਦਿਆਂ ਤੋਂ ਚੌਕਸ ਕੀਤਾ ਜਾਵੇ। ਜਿਸ ਨੇ ਸਾਡੀਆਂ ਰੈਲੀਆਂ, ਮੀਟਿੰਗਾਂ ਵਿੱਚ ਆ ਕੇ ਸਾਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ, ਅੱਜ ਉਸ ਕੋਲ ਸਾਡੀ ਗੱਲ ਸੁਣਨ ਦਾ ਸਮਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਆਉਣ ਤੋਂ ਬਾਅਦ ਦਿੱਲੀ ਟਰਾਂਸਪੋਰਟ ਵਿੱਚ ਨਵੀਂਆਂ ਬੱਸਾਂ ਦਾ ਵਾਧਾ ਨਹੀਂ ਕੀਤਾ ਗਿਆ।
ਉਨ੍ਹਾਂ ਮੰਗ ਕੀਤੀ ਕਿ 17 ਹਜ਼ਾਰ ਦੇ ਕਰੀਬ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ, ਖਟਾਰਾ ਬੱਸਾਂ ਦੀ ਥਾਂ 11000 ਨਵੀਆਂ ਬੱਸਾਂ ਪਾਈਆਂ ਜਾਣ, ਮੁਲਾਜ਼ਮਾਂ ਦੀਆਂ ਘੱਟੋ ਘੱਟ ਉਜਰਤਾਂ ਵਿੱਚ ਵਾਧਾ ਕੀਤਾ ਜਾਵੇ।
ਇਸ ਮੌਕੇ ਉਹਨਾਂ ਦੇ ਨਾਲ ਏਆਈਸੀਸੀਟੀਯੂ ਚੰਡੀਗੜ੍ਹ ਦੇ ਪ੍ਰਧਾਨ ਕੰਵਲਜੀਤ ਸਿੰਘ, ਜਨਰਲ ਸਕੱਤਰ ਸਤੀਸ਼ ਕੁਮਾਰ ਅਤੇ ਏਆਈਸੀਸੀਟੀਯੂ ਦੇ ਕੌਮੀ ਮੈਂਬਰ ਜੀਵਾ ਰਾਜ ਵੀ ਹਾਜ਼ਰ ਸਨ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014806