ਚੜ੍ਹਦਾ ਪੰਜਾਬ

August 14, 2022 1:01 PM

ਨਿਗਮ ਵਿਚ ਵਿਰੋਧੀ ਧਿਰ ਨਹੀਂ, ‘ਸ਼ਹਿਰ ਵਿਰੋਧੀ ਧਿਰ’ ਬਣ ਗਿਆ ਹੈ ਅਜਾਦ ਗਰੁੱਪ : ਬੇਦੀ

ਮਾਮਲਾ ਸਵਾ ਤਿੰਨ ਏਕੜ ਜਮੀਨ ਨੂੰ ਪਸ਼ੂ ਪਾਲਕਾਂ ਨੂੰ ਦੇਣ ਦਾ…..
ਡਿਪਟੀ ਮੇਅਰ ਕੁਲਜੀਤ ਬੇਦੀ ਨੇ ਕਿਹਾ, ਬੇਬੁਨਿਆਦ ਤੇ ਹਾਸੋਹੀਣੇ ਦੋਸ਼ ਲਗਾ ਰਹੀ ਹੈ ਵਿਰੋਧੀ ਧਿਰ
ਮੋਹਾਲੀ :    ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਵਿਰੋਧੀ ਧਿਰ ਆਜ਼ਾਦ ਗਰੁੱਪ ਦੇ ਕੌਂਸਲਰਾਂ ਵਲੋਂ ਇਕ ਪੱਤਰਕਾਰ ਸੰਮੇਲਨ ਕਰਕੇ ਪਸ਼ੂ ਪਾਲਕਾਂ ਨੂੰ ਲੀਜ਼ ਤੇ ਦਿੱਤੀ ਜਾਣ ਵਾਲੀ ਲਗਭਗ ਸਵਾ ਤਿੰਨ ਏਕੜ ਜਮੀਨ ਸਬੰਧੀ ਲਿਆਂਦੇ ਮਤੇ ਨੂੰ ਗੈਰਕਾਨੂੰਨੀ  ਦੱਸਣ ਦੀ ਨਿਖੇਧੀ ਕਰਦਿਆਂ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਤੇ ਹਾਸੋਹੀਣਾ ਕਰਾਰ ਦਿੱਤਾ ਹੈ। ਵਿਰੋਧੀ ਧਿਰ ਆਜ਼ਾਦ ਗਰੁੱਪ ਨੇ ਬੀਤੇ ਦਿਨ ਪੱਤਰਕਾਰ ਸੰਮੇਲਨ ਵਿਚ ਦੋਸ਼ ਲਗਾਇਆ ਸੀ ਕਿ ਗਮਾਡਾ ਨੇ ਇਹ ਜਮੀਨ ਨਗਰ ਨਿਗਮ ਮੋਹਾਲੀ ਨੂੰ ਲੀਜ਼ ਤੇ ਦਿੱਤੀ ਹੈ ਅਤੇ ਨਿਗਮ ਇਸਨੂੰ ਗੈਰਕਾਨੂੰਨੀ ਢੰਗ ਨਾਲ ਪਸ਼ੂ ਪਾਲਕਾਂ ਨੂੰ ਸਬ ਲੀਜ਼ ਨਹੀਂ ਕਰ ਸਕਦੀ। ਵਿਰੋਧੀ ਧਿਰ ਨੇ ਇਹ ਵੀ ਦੋਸ਼ ਲਗਾਇਆ ਸੀ ਕਿ ਅਜਿਹਾ ਮੰਤਰੀ ਸਿੱਧੂ ਅਤੇ ਮੇਅਰ ਦੀ ਟੀਮ ਵਲੋਂ ਇਸ ਮਹਿੰਗੀ ਜਮੀਨ ਨੂੰ ਆਪਣੇ ਕਬਜੇ ਅਧੀਨ ਲੈਣ ਲਈ ਕੀਤਾ ਜਾ ਰਿਹਾ ਹੈ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਆਜ਼ਾਦ ਗਰੁੱਪ ਦਾ ਵਿਰੋਧ ਦਾ ਪੱਧਰ ਇੰਨਾ ਨੀਵਾਂ ਹੋ ਗਿਆ ਹੈ ਕਿ ਹੁਣ ਉਹ ਲੋਕਾਂ ਦੇ ਅਹਿਮ ਮਸਲਿਆਂ ਦੇ ਹੱਲ ਲਈ ਚੁੱਕੇ ਜਾਂਦੇ ਕਦਮਾਂ ਦਾ ਵੀ  ਵਿਰੋਧ ਕਰਨ ਤੇ ਉਤਾਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਮੋਹਾਲੀ ਸ਼ਹਿਰ ਵਿਚ ਨਿਗਮ ਅਧੀਨ ਆਉਂਦੇ ਪਿੰਡਾਂ ਵਿਚ ਜਿਨ੍ਹਾਂ ਲੋਕਾਂ ਕੋਲ ਪਸ਼ੂ ਹਨ, ਉਹ ਆਪਣੇ ਪਸ਼ੂਆਂ ਨੂੰ ਸ਼ਹਿਰ ਵਿਚ ਛੱਡਦੇ ਹਨ ਜਿਸ ਕਰਕੇ ਹਾਦਸੇ ਵੀ ਹੁੰਦੇ ਹਨ, ਕੀਮਤੀ ਜਾਨਾਂ ਵੀ ਜਾਂਦੀਆਂ ਹਨ ਅਤੇ ਸੀਵਰੇਜ ਵੀ ਜਾਮ ਹੁੰਦਾ ਹੈ। ਇਸ ਲਈ ਨਿਗਮ ਵਲੋਂ ਗਮਾਡਾ ਤੋਂ ਮਿਲੀ ਲਗਭਗ ਸਾਢੇ 13 ਏਕੜੇ ਜਮੀਨ ਵਿਚੋਂ ਸਵਾ ਤਿੰਨ ਏਕੜ ਜਮੀਨ ਵਿਚ 1000 ਦੇ ਲਗਭਗ ਪਸ਼ੂਆਂ ਨੂੰ ਲਿਜਾਉਣ ਲਈ ਇਹ ਮਤਾ ਲਿਆਂਦਾ ਗਿਆ ਹੈ।
ਉਨ੍ਹਾਂ ਕਿਹਾ ਕਿ ਸਗੋਂ ਵਿਰੋਧੀ ਧਿਰ ਨੂੰ ਇਸਦੀ ਸ਼ਲਾਘਾ ਕਰਨੀ ਚਾਹੀਦਾ ਸੀ ਪਰ ਸਿਰਫ ਫੋਕੀ ਸ਼ੋਹਰਤ ਲਈ ਇੰਨੇ ਮਹੱਤਵਪੂਰਨ ਮਤੇ ਉੱਤੇ ਵੀ ਇਹ ਵਿਰੋਧੀ ਧਿਰ ਸਵਾਲ ਖੜ੍ਹੇ ਕਰ ਰਹੀ ਹੈ।  ਉਨ੍ਹਾਂ ਕਿਹਾ ਕਿ ਜੇਕਰ ਨਿਗਮ ਸ਼ਹਿਰ ਵਿਚੋਂ ਪਸ਼ੂ ਬਾਹਰ ਕਢ ਕੇ ਇਕ ਵੀ ਜਾਨ ਬਚਾਉਣ ਵਿਚ ਕਾਮਯਾਬ ਹੁੰਦੀ ਹੈ ਤਾਂ ਉਹ ਆਪਣੇ ਆਪ ਨੂੰ ਸਫਲ ਸਮਝਣਗੇ। ਉਨ੍ਹਾਂ ਕਿਹਾ ਕਿ ਜਿੱਥੋਂ ਤਕ ਵਿਧਾਇਕ ਸਿੱਧੂ ਉੱਤੇ ਲਗਾਏ ਗਏ ਜਮੀਨ ਦੇ ਕਬਜੇ ਕਰਨ ਦਾ ਦੋਸ਼ ਹੈ ਤਾਂ ਇਸ ਸਬੰਧੀ ਸਪਸ਼ਟ ਕੀਤਾ ਜਾਂਦਾ ਹੈ ਕਿ ਹਰੇਕ ਪਸ਼ੂ ਪਾਲਕ ਤੋਂ ਪ੍ਰਤੀ ਪਸ਼ੂ ਦੇ ਹਿਸਾਬ ਨਾਲ ਹਰ ਮਹੀਨੇ ਦਾ ਕਿਰਾਇਆ ਇਸ ਜਮੀਨ ਦਾ ਲਿਆ ਜਾਣਾ ਹੈ ਅਤੇ ਜਮੀਨ ਦੇ ਕਿਰਾਏ ਸਬੰਧੀ ਪੂਰਾ ਕੰਮ ਪਾਰਦਰਸ਼ਤਾ ਨਾਲ ਹੋਵੇਗਾ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਵੀ ਜਾਣਦੀ ਹੈ ਕਿ ਕਿਨ੍ਹਾਂ ਲੋਕਾਂ ਕੋਲ ਇਨ੍ਹਾਂ ਪਿੰਡਾਂ ਵਿਚ ਪਸ਼ੂ ਹਨ ਅਤੇ ਇਸ ਸਬੰਧੀ ਬਾਕਾਇਦਾ ਸਰਵੇ ਵੀ ਕੀਤਾ ਜਾ ਚੁੱਕਿਆ ਹੈ।
ਡਿਪਟੀ ਮੇਅਰ ਨੇ ਇਹ ਸਪਸ਼ਟ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਦਾ ਇਹ ਇਲਜਾਮ ਹੀ ਗਲਤ ਹੈ ਕਿ ਇਹ ਜਮੀਨ ਗਮਾਡਾ ਨੇ ਨਿਗਮ ਨੂੰ ਲੀਜ਼ ਤੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਜਮੀਨ ਗਮਾਡਾ ਨੇ ਨਿਗਮ ਨੂੰ ਅਲਾਟ ਕੀਤੀ ਹੋਈ ਹੈ ਅਤੇ ਇਸ ਜਮੀਨ ਉੱਤੇ ਨਜਾਇਜ਼ ਤੌਰ ਤੇ ਫਸਲ ਬੀਜੀ ਹੋਈ ਹੈ ਜਿਸ ਬਾਰੇ ਪਿਛਲੀ ਨਿਗਮ (ਜਿਸ ਉੱਤੇ ਅਜਾਦ ਗਰੁੱਪ ਜੋ ਕਿ ਪਹਿਲਾਂ ਅਕਾਲੀ ਦਲ ਸੀ, ਕਾਬਜ ਸੀ) ਤੇ ਇਸਨੇ ਕਦੇ ਵੀ ਇਸ ਜਮੀਨ ਦਾ ਕਬਜਾ ਲੈਣ ਦਾ ਯਤਨ ਹੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਨੇ ਇਸ ਜਮੀਨ  ਦਾ ਪਤਾ ਲਗਾ ਕੇ ਇਸਦਾ ਕਬਜਾ ਲਿਆ ਹੈ ਅਤੇ ਇਸਦੇ ਇਕ ਟੁਕੜੇ ਰਾਹੀਂ ਸ਼ਹਿਰ ਦੀ ਇੰਨੀ ਵੱਡੀ ਸਮੱਸਿਆ  ਦਾ ਹੱਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਤਾਂ ਇਸ ਵਿਚ ਵੀ ਵਿਰੋਧੀ ਧਿਰ ਰੋੜੇ ਅਟਕਾਉਣ ਤੋਂ ਬਾਜ਼ ਨਹੀਂ ਆ ਰਹੀ।
ਉਨ੍ਹਾਂ ਕਿਹਾ ਕਿ ਅਸਲ ਗੱਲ ਇਹ ਹੈ ਕਿ ਵਿਰੋਧੀ ਧਿਰ ਨੂੰ ਨਿਗਮ ਚੋਣਾਂ ਵਿਚ ਮੂੰਹ ਦੀ ਖਾਣੀ ਪਈ ਹੈ ਅਤੇ ਵਿਰੋਧੀ ਧਿਰ ਨੂੰ ਇਹ ਵੀ ਪਤਾ ਹੈ ਕਿ ਆਉਂਦੀਆਂ ਵਿਧਾਨਸਭਾ ਚੋਣਾਂ ਵਿਚ ਵੀ ਇਸਦੀ ਹਾਲਤ ਬੁਰੀ ਹੋਣੀ ਹੈ ਇਸ ਲਈ ਬੁਖਲਾਹਟ ਵਿਚ ਇਹ ਧਿਰ ਬੇਬੁਨਿਆਦ ਅਤੇ ਹਾਸੋਹੀਣੇ, ਬਚਕਾਨੇ ਸਵਾਲ ਖੜ੍ਹੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਵਿਰੋਧੀ ਧਿਰ ਨਿਗਮ ਦੀ ਵਿਰੋਧੀ ਧਿਰ ਨਹੀਂ ਸਗੋਂ ‘ਸ਼ਹਿਰ ਵਿਰੋਧੀ’ ਧਿਰ ਬਣ ਗਈ ਹੈ ਅਤੇ ਮੋਹਾਲੀ ਦੇ ਸੂਝਵਾਨ ਲੋਕ ਇਨ੍ਹਾਂ ਨੂੰ ਕਦੇ ਮੁਆਫ ਨਹੀਂ ਕਰਨਗੇ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014807