ਚੜ੍ਹਦਾ ਪੰਜਾਬ

August 14, 2022 12:44 AM

ਪੰਜਾਬ ਸਫ਼ਾਈ ਕਰਮਚਾਰੀ ਕਮਿਸ਼ਨ ਨੇ ਸਫ਼ਾਈ ਕਰਮਚਾਰੀਆਂ ਲਈ ਡੀ.ਸੀ. ਰੇਟ ’ਤੇ ਤਨਖ਼ਾਹ ਤੇ ਹੋਰ ਸਹੂਲਤਾਂ ਯਕੀਨੀ ਬਣਾਈਆਂ

ਚੇਅਰਮੈਨ ਵੱਲੋਂ ਸਾਇੰਟੀਫ਼ਿਕ ਸਕਿਊਰਿਟੀ ਮੈਨੇਜਮੈਂਟ ਸਰਵਿਸ ਪ੍ਰਾਈਵੇਟ ਲਿਮਟਿਡ ਨੂੰ ਕਾਰਵਾਈ ਰਿਪੋਰਟ ਕਮਿਸ਼ਨ ਨੂੰ ਭੇਜਣ ਦੇ ਨਿਰਦੇਸ਼

ਚੜ੍ਹਦਾ ਪੰਜਾਬ ਬਿਊਰੋ / ਚੰਡੀਗੜ੍ਹ :       

ਪੰਜਾਬ ਰਾਜ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਗੇਜਾ ਰਾਮ ਵਾਲਮੀਕੀ ਨੇ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਤੇ ਮੈਡੀਕਲ ਕਾਲਜ ਵਿੱਚ ਕੰਮ ਕਰਦੇ ਸਫ਼ਾਈ ਕਰਮਚਾਰੀ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਕਰਾਉਂਦਿਆਂ ਸਬੰਧਤ ਕੰਪਨੀ ਨੂੰ ਸਫ਼ਾਈ ਕਰਮਚਾਰੀਆਂ ਨੂੰ ਡੀ.ਸੀ. ਰੇਟ ਮੁਤਾਬਕ ਤਨਖ਼ਾਹਾਂ ਤੇ ਬਣਦਾ ਬਕਾਇਆ ਦੇਣ, ਈ.ਪੀ.ਐੱਫ ਦੀ ਰਕਮ ਉਨਾਂ ਦੇ ਖਾਤੇ ਵਿੱਚ ਜਮਾਂ ਕਰਨ ਅਤੇ ਵਰਦੀਆਂ ਮੁਹੱਈਆ ਕਰਾਉਣ ਲਈ ਪਾਬੰਦ ਕੀਤਾ ਹੈ ਅਤੇ ਕੰਪਨੀ ਨੂੰ ਸਮੂਹ ਸਹੂਲਤਾਂ ਦੇਣ ਉਪਰੰਤ ਰਿਪੋਰਟ ਕਮਿਸ਼ਨ ਨੂੰ ਭੇਜਣ ਦੇ ਨਿਰਦੇਸ਼ ਦਿੱਤੇ ਹਨ।

 ਇਹ ਵੀ ਪੜ੍ਹੋ : ਆਖਰਕਾਰ ਸੁਣੀ ਗਈ ਸਨਅਤੀ ਖੇਤਰ ਫੇਜ਼ 8 ਬੀ ਅਤੇ ਰਿਹਾਇਸ਼ੀ ਖੇਤਰ ਸੈਕਟਰ 74 ਦੇ ਵਸਨੀਕਾਂ ਦੀ…..

ਕਮਿਸ਼ਨ ਦੇ ਮੋਹਾਲੀ ਸਥਿਤ ਦਫ਼ਤਰ ਵਿੱਚ ਸਫ਼ਾਈ ਕਰਮਚਾਰੀ ਯੂਨੀਅਨ ਅਤੇ ਠੇਕੇਦਾਰ ਕੰਪਨੀ ਸਾਇੰਟੀਫ਼ਿਕ ਸਕਿਊਰਿਟੀ ਮੈਨੇਜਮੈਂਟ ਸਰਵਿਸ ਪ੍ਰਾਈਵੇਟ ਲਿਮਟਿਡ ਦੇ ਨੁਮਾਇੰਦਿਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਵਾਲਮੀਕੀ ਨੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣੀਆਂ। ਉਨਾਂ ਕਿਹਾ ਕਿ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਕੰਮ ਕਰਦੇ ਸਫ਼ਾਈ ਕਰਮਚਾਰੀ ਨਾਲ ਧੱਕਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

 ਇਹ ਵੀ ਪੜ੍ਹੋ : ਪਸ਼ੂਆਂ ਦੀ ਸਮੱਸਿਆ ਦਾ ਹਰ ਹਾਲ ਵਿਚ ਕੀਤਾ ਜਾਵੇਗਾ ਹੱਲ; ਲੋਡ਼ ਪਈ ਤਾਂ ਵਰਤਾਂਗੇ ਸਖ਼ਤੀ

ਸਫ਼ਾਈ ਕਰਮਚਾਰੀ ਯੂਨੀਅਨ ਵੱਲੋਂ ਪ੍ਰਧਾਨ ਸ਼੍ਰੀ ਰਾਮ ਕਿਸ਼ਨ ਅਤੇ ਸ਼੍ਰੀ ਅਜੈ ਕੁਮਾਰ ਸਿੱਪਾ, ਸ਼੍ਰੀ ਰਾਜੇਸ਼ ਕੁਮਾਰ, ਸ਼੍ਰੀ ਅਰੁਣ ਕੁਮਾਰ, ਸ਼੍ਰੀ ਪ੍ਰਦੀਪ ਕੁਮਾਰ ਅਤੇ ਸ਼੍ਰੀ ਅਮਨ ਨੇ ਰਾਜਿੰਦਰਾ ਹਸਪਤਾਲ ਤੇ ਸਰਕਾਰੀ ਮੈਡੀਕਲ ਕਾਲਜ ਵਿਖੇ ਸਫ਼ਾਈ ਕਰਮਚਾਰੀ ਦੀਆਂ ਸੇਵਾਵਾਂ ਵਿੱਚ ਊਣਤਾਈਆਂ ਜਿਵੇਂ ਕੰਪਨੀ ਵੱਲੋਂ ਦਿੱਤੀ ਜਾਂਦੀ ਘੱਟ ਤਨਖ਼ਾਹ, ਵਰਦੀਆਂ ਨਾ ਦੇਣ ਆਦਿ ਮਸਲੇ ਚੁੱਕੇ। ਉਨਾਂ ਦੱਸਿਆ ਕਿ ਰਾਜਿੰਦਰਾ ਹਸਪਤਾਲ/ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ 28 ਅਗਸਤ, 2021 ਨੂੰ ਕੰਪਨੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਇਹ ਮਸਲੇ ਚੁੱਕੇ ਗਏ ਸਨ ਪਰ ਕੋਈ ਹੱਲ ਨਹੀਂ ਨਿਕਲਿਆ।

 ਇਹ ਵੀ ਪੜ੍ਹੋ : ਮੇਜ਼ਬਾਨੀ: ਮੁੱਖ ਮੰਤਰੀ ਨੇ ਓਲੰਪੀਅਨ ਖਿਡਾਰੀਆਂ ਲਈ ਖੁਦ ਖਾਣਾ ਤਿਆਰ ਕਰਕੇ ਪਰੋਸਿਆ

ਚੇਅਰਮੈਨ ਨੇ ਫ਼ੌਰੀ ਕਾਰਵਾਈ ਕਰਦਿਆਂ ਰਾਜਿੰਦਰਾ ਹਸਪਤਾਲ ਵਿਖੇ ਸਫ਼ਾਈ ਕਰਮਚਾਰੀਆਂ ਦੀ ਸਪਲਾਈ ਨਾਲ ਸਬੰਧਤ ਠੇਕੇਦਾਰ ਕੰਪਨੀ ਦੇ ਡਾਇਰੈਕਟਰ ਸ਼੍ਰੀ ਪ੍ਰਦੀਪ ਗਰਗ, ਸ਼੍ਰੀ ਸੰਜੇ ਮੌਂਗਾ ਅਤੇ ਰੀਜਨਲ ਮੈਨੇਜਰ ਸ਼੍ਰੀ ਪ੍ਰਦੀਪ ਸ਼ਰਮਾ ਨੂੰ ਤੁਰੰਤ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਲਈ ਕਿਹਾ। ਸ੍ਰੀ ਗੇਜਾ ਰਾਮ ਨੇ ਦੱਸਿਆ ਕਿ ਦੋਹਾਂ ਧਿਰਾਂ ਦਰਮਿਆਨ ਹੋਏ ਸਮਝੌਤੇ ਮੁਤਾਬਕ ਸਾਇੰਟੀਫ਼ਿਕ ਸਕਿਊਰਿਟੀ ਮੈਨੇਜਮੈਂਟ ਸਰਵਿਸ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ ਰਜਿੰਦਰਾ ਹਸਪਤਾਲ ਪਟਿਆਲਾ, ਗੁਰੂ ਨਾਨਕ ਦੇਵ ਹਸਪਤਾਲ ਤੇ ਸਰਕਾਰੀ ਮੈਡੀਕਲ ਕਾਲਜ ਅੰਮਿ੍ਰਤਸਰ ਅਤੇ ਹੋਰਨਾਂ ਅਜਿਹੇ ਸ਼ਹਿਰਾਂ, ਜਿੱਥੇ ਕੰਪਨੀ ਸਫ਼ਾਈ ਕਰਮਚਾਰੀਆਂ ਦੀ ਸਪਲਾਈ ਕਰਦੀ ਹੈ, ਵਿਖੇ ਸਾਰੇ ਸਫ਼ਾਈ ਕਰਮਚਾਰੀਆਂ ਨੂੰ ਮੌਜੂਦਾ ਡੀ.ਸੀ. ਰੇਟ ਮੁਤਾਬਕ ਤਨਖ਼ਾਹ ਦੇਣਾ ਯਕੀਨੀ ਬਣਾਏਗੀ। ਇਸ ਤੋਂ ਇਲਾਵਾ ਕੰਪਨੀ ਵੱਲੋਂ 1 ਅਪ੍ਰੈਲ, 2021 ਤੋਂ ਸਫ਼ਾਈ ਕਰਮਚਾਰੀਆਂ ਨੂੰ ਤਨਖ਼ਾਹਾਂ ਦਾ ਬਣਦਾ ਬਕਾਇਆ ਦਿੱਤਾ ਜਾਵੇਗਾ ਅਤੇ ਈ.ਪੀ.ਐਫ਼. ਦੀ ਰਕਮ ਉਨਾਂ ਦੇ ਖਾਤੇ ਵਿੱਚ ਜਮਾਂ ਕਰਵਾਈ ਜਾਵੇਗੀ। ਕੰਪਨੀ ਹਰ ਮਹੀਨੇ ਦੀ 7 ਤਰੀਕ ਨੂੰ ਤਨਖ਼ਾਹ ਦੇਣ ਲਈ ਪਾਬੰਦ ਹੋਵੇਗੀ ਅਤੇ ਹਰ ਸਫ਼ਾਈ ਕਰਮਚਾਰੀ ਨੂੰ ਵਰਦੀਆਂ ਦੇ ਦੋ ਸੈੱਟ, ਬੂਟ ਅਤੇ ਦਸਤਾਨੇ ਮੁਹੱਈਆ ਕਰਵਾਏਗੀ।

 ਇਹ ਵੀ ਪੜ੍ਹੋ : ਗਊਸ਼ਾਲਾਵਾਂ ਦੇ ਪ੍ਰਬੰਧ ਲਈ ਫੰਡਾਂ ਦੀ ਕੋਈ ਕਮੀ ਨਹੀਂ: ਜੰਜੂਆ

ਇਸ ਦੇ ਨਾਲ ਹੀ ਚੇਅਰਮੈਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਸਫ਼ਾਈ ਕਰਮਚਾਰੀ ਵੀ ਵਰਦੀ ਨੂੰ ਪਹਿਨਣ ਦੇ ਪਾਬੰਦ ਹੋਣਗੇ। ਵਰਦੀ ਨਾ ਪਾਉਣ ਦੀ ਸੂਰਤ ਵਿੱਚ ਕਰਮਚਾਰੀਆਂ ਨੂੰ ਇਸ ਸਹੂਲਤ ਤੋਂ ਵਾਂਝਾ ਕਰ ਦਿੱਤਾ ਜਾਵੇਗਾ। ਇਸੇ ਤਰਾਂ ਜੇ ਕੋਈ ਸਫ਼ਾਈ ਕਰਮਚਾਰੀ ਬਿਨਾਂ ਪ੍ਰਵਾਨਗੀ ਡਿਊਟੀ ਤੋਂ ਲਗਾਤਾਰ 15 ਦਿਨ ਗ਼ੈਰ ਹਾਜ਼ਰ ਰਹਿੰਦਾ ਹੈ ਤਾਂ ਕੰਪਨੀ ਵੱਲੋਂ ਅਜਿਹੇ ਕਰਮਚਾਰੀ ਨੂੰ ਬਿਨਾਂ ਦੱਸੇ ਜਾਂ ਬਿਨਾਂ ਨੋਟਿਸ ਕੱਢੇ ਉਸ ਦੀ ਥਾਂ ਦੂਜੇ ਕਰਮਚਾਰੀ ਦੀ ਭਰਤੀ ਕਰ ਸਕਦੀ ਹੈ। ਉਨਾਂ ਕਿਹਾ ਕਿ ਸਫ਼ਾਈ ਕਰਮਚਾਰੀ ਕੰਪਨੀ ਵੱਲੋਂ ਨਾਜਾਇਜ਼ ਪਰੇਸ਼ਾਨ ਕਰਨ ਸਬੰਧੀ ਸ਼ਿਕਾਇਤ ਸਿੱਧੇ ਤੌਰ ’ਤੇ ਕਮਿਸ਼ਨ ਕੋਲ ਕਰ ਸਕਣਗੇ। ਇਸ ਤੋਂ ਇਲਾਵਾ ਕੰਪਨੀ 270 ਨਰਸਾਂ ਨੂੰ ਵੀ ਦੋ-ਦੋ ਵਰਦੀਆਂ ਦੇਣ, ਹਰ ਸਫ਼ਾਈ ਕਰਮਚਾਰੀ ਤੇ ਨਰਸਾਂ ਦੀਆਂ ਸੇਵਾਵਾਂ ਨਾਲ ਸਬੰਧਤ ਰਿਕਾਰਡ, ਬੈਂਕ ਖਾਤੇ, ਉਨਾਂ ਨੂੰ ਮਿਲਣ ਵਾਲਾ ਈ.ਪੀ.ਐੱਫ. ਦਾ ਰਿਕਾਰਡ ਦੇਣ ਅਤੇ ਲੈਬ ਅਟੈਂਡੇਂਟ/ਪੈਰਾ ਮੈਡੀਕਲ ਸਟਾਫ਼ ਲਈ ਦੋ-ਦੋ ਓਵਰ ਕੋਟ ਦੇਣ ਲਈ ਪਾਬੰਦ ਹੋਵੇਗੀ।

 ਇਹ ਵੀ ਪੜ੍ਹੋ : ਸੋਨ ਤਮਗ਼ਾ ਜੇਤੂ ਨੀਰਜ ਚੋਪੜਾ ਦਾ 2.51 ਕਰੋੜ ਅਤੇ ਪੈਰਾ ਏਸ਼ੀਅਨ ਖੇਡਾਂ ਦੇ ਕਾਂਸੀ ਤਮਗ਼ਾ ਜੇਤੂ ਗੁਰਲਾਲ ਸਿੰਘ ਦਾ 50 ਲੱਖ ਰੁਪਏ ਨਾਲ ਸਨਮਾਨ

ਉਨਾਂ ਦੱਸਿਆ ਕਿ ਇਨਾਂ ਕਰਮਚਾਰੀਆਂ ਨੂੰ ਕੰਪਨੀ ਵੱਲੋਂ ਦਿੱਤੀਆਂ ਜਾਣ ਵਾਲੀ ਵਰਦੀਆਂ, ਬੂਟ ਅਤੇ ਦਸਤਾਨੇ ਖ਼ਰੀਦਣ ਲਈ ਕਮੇਟੀ ਬਣਾਈ ਗਈ ਹੈ ਜਿਸ ਦੇ ਇੰਚਾਰਜ ਕਮਿਸ਼ਨ ਦੇ ਵਾਈਸ ਚੇਅਰਮੈਨ ਸ਼੍ਰੀ ਰਾਮ ਸਿੰਘ ਸਰਦੂਲਗੜ ਹੋਣਗੇ ਜਦਕਿ ਕੰਪਨੀ ਦੇ ਰੀਜਨਲ ਮੈਨੇਜਰ ਸ਼੍ਰੀ ਪ੍ਰਦੀਪ ਕੁਮਾਰ ਸ਼ਰਮਾ ਅਤੇ ਯੂਨੀਅਨ ਦੇ ਪ੍ਰਧਾਨ ਸ਼੍ਰੀ ਰਾਮ ਕਿਸ਼ਨ, ਸ਼੍ਰੀ ਅਜੈ ਕੁਮਾਰ ਸਿੱਪਾ ਸਹਿਯੋਗੀ ਮੈਂਬਰ ਹੋਣਗੇ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014804