ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਰਵਨੀਤ ਬਰਾੜ ਨੇ ਕੀਤੇ ਨਾਮਜ਼ਦਗੀ ਕਾਗਜ਼ ਦਾਖਲ।
ਵੱਖ ਵੱਖ ਪਿੰਡਾਂ ਵਿਚ ਕੀਤਾ ਚੋਣ ਪ੍ਰਚਾਰ ਤੇਜ।
ਮੋਹਾਲੀ :
ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਮੋਹਾਲੀ ਵਿਧਾਨ ਸਭਾ ਹਲਕੇ ਵਿੱਚ ਆਗਾਮੀ 20 ਫਰਵਰੀ ਨੂੰ ਪੈਣ ਵਾਲੀਆਂ ਵੋਟਾਂ ਲਈ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਰਵਨੀਤ ਬਰਾੜ ਨੇ ਅੱਜ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ।
ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਲਗਾਈਆਂ ਕਰੋਨਾ ਪਾਬੰਦੀਆਂ ਦੇ ਚਲਦਿਆਂ ਨਿਯਮਾਂ ਦੀ ਪਾਲਣਾ ਕਰਦੇ ਹੋਏ ਬਰਾਡ਼ ਨੇ ਬਹੁਤ ਘੱਟ ਗਿਣਤੀ ਵਿੱਚ ਆਪਣੇ ਸਾਥੀਆਂ ਸਮੇਤ ਐਸਡੀਐਮ ਦਫਤਰ ਵਿਖੇ ਨਾਮਜ਼ਦਗੀ ਕਾਗਜ ਦਾਖ਼ਲ ਕੀਤੇ। ਇਸ ਮੌਕੇ ਬੋਲਦਿਆਂ ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਪੰਜਾਬ ਦੇ ਲੋਕ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋਡ਼ ਕੇ ਖਡ਼੍ਹੇ ਹਨ ਅਤੇ ਸੰਯੁਕਤ ਸਮਾਜ ਮੋਰਚਾ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਨਿਰਣਾਇਕ ਭੂਮਿਕਾ ਨਿਭਾਵੇਗਾ।
ਨਾਮਜ਼ਦਗੀ ਪੇਪਰ ਦਾਖ਼ਲ ਕਰਨ ਤੋਂ ਮਗਰੋਂ ਬਰਾਡ਼ ਨੇ ਹਲਕੇ ਦੇ ਪਿੰਡ ਕੈਲੋਂ ਚੱਪੜਚਿੜੀ, ਬਲਿਆਲੀ ਅਤੇ ਲਖਨੌਰ ਵਿੱਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਮੋਹਾਲੀ ਹਲਕੇ ਨੂੰ ਇਕ ਅਜਿਹਾ ਉਮੀਦਵਾਰ ਦਿੱਤਾ ਹੈ ਜਿਸ ਦਾ ਇੰਨਾ ਭਰੋਸਾ ਵੀ ਨਹੀਂ ਕਿ ਉਹ ਚੋਣਾਂ ਮਗਰੋਂ ਕਿਹੜੀ ਪਾਰਟੀ ਵਿੱਚ ਜਾ ਵੜੇ। ਉਨ੍ਹਾਂ ਆਸ ਪ੍ਰਗਟਾਈ ਕਿ ਮੋਹਾਲੀ ਹਲਕੇ ਦੇ ਲੋਕ ਬਲਬੀਰ ਸਿੱਧੂ ਅਤੇ ਕੁਲਵੰਤ ਸਿੰਘ ਦੀਆਂ ਕੋਝੀਆਂ ਚਾਲਾਂ ਨੂੰ ਬਾਖੂਬੀ ਸਮਝਦੇ ਹਨ ਅਤੇ ਇਸ ਵਾਰੀ ਰਵਾਇਤੀ ਪਾਰਟੀਆਂ ਨੂੰ ਨਕਾਰਦੇ ਹੋਏ ਸੰਯੁਕਤ ਸਮਾਜ ਮੋਰਚੇ ਨੂੰ ਇੱਕ ਮੌਕਾ ਦੇਣਗੇ।
ਇਸ ਦੇ ਨਾਲ ਹੀ ਬਰਾਡ਼ ਨੇ ਸੰਯੁਕਤ ਸਮਾਜ ਮੋਰਚੇ ਵੱਲੋਂ 31 ਜਨਵਰੀ ਨੂੰ ਮਨਾਏ ਜਾਣ ਵਾਲੇ ਵਿਸ਼ਵਾਸ਼ਘਾਤ ਦਿਵਸ ਮੌਕੇ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਬਰਾੜ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਕਾਰਪੋਰੇਟ ਵਰਸਿਜ਼ ਕਿਸਾਨੀ ਦੀ ਲੜਾਈ ਹੈ। ਇਕ ਪਾਸੇ ਵੱਡੇ ਕਾਰਪੋਰੇਟ ਘਰਾਣੇ ਹਨ ਜੋ ਕਿਸਾਨਾਂ ਨੂੰ ਆਪਣੇ ਗੁਲਾਮ ਬਣਾਉਂਣ ਲਈ ਜ਼ੋਰ ਲਗਾ ਰਹੇ ਹਨ ਅਤੇ ਦੂਜੇ ਪਾਸੇ ਪੰਜਾਬ ਦੇ ਕਿਸਾਨ ਆਪਣੇ ਹੱਕਾਂ ਲਈ ਖੜ੍ਹੇ ਹਨ। ਬਰਾੜ ਨੇ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਕਿਸੇ ਵੀ ਹਾਲਤ ਵਿੱਚ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰਨ ਦੀਆਂ ਕੁਝ ਕੋਝੀਆਂ ਚਾਲਾਂ ਕਾਮਯਾਬ ਨਹੀਂ ਹੋਣ ਦੇਵੇਗਾ।
ਬਰਾੜ ਨੇ ਕਿਹਾ ਕਿ ਭਾਜਪਾ ਅਤੇ ਮੋਦੀ ਸਰਕਾਰ ਨੇ ਕਿਸਾਨਾਂ ਦੇ ਨਾਲ ਵਿਸਵਾਸ਼ਘਾਤ ਕੀਤਾ ਕਿਸਾਨ ਅੰਦੋਲਨ ਖਤਮ ਕਰਨ ਵੇਲੇ ਜੋ ਵਾਅਦੇ ਕਿਸਾਨਾਂ ਨਾਲ ਕੀਤੇ ਗਏ ਸਨ, ਉਨ੍ਹਾਂ ਨੂੰ ਪੂਰਾ ਕਰਨ ਤੋਂ ਮੋਦੀ ਸਰਕਾਰ ਪਿੱਛੇ ਹਟ ਰਹੀ ਹੈ। ਅਜਿਹੇ ਵਿੱਚ ਜੇਕਰ ਭਵਿੱਖ ਵਿੱਚ ਮੁੜ ਤੋਂ ਕਿਸਾਨ ਮੋਰਚਾ ਲਗਾਉਣਾ ਪਿਆ ਤਾਂ ਉਸ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।
