ਚੜ੍ਹਦਾ ਪੰਜਾਬ

August 11, 2022 2:17 AM

ਸੰਜੀਵ ਵਸ਼ਿਸ਼ਟ ਨੂੰ ਆਪਣੀ ਹੋਂਦ ਬਚਾਉਣ ਦਾ ਪੈਦਾ ਹੋਇਆ ਖ਼ਤਰਾ : ਕੁਲਜੀਤ ਬੇਦੀ

ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸੁਣਾਈਆਂ ਸੰਜੀਵ ਵਸ਼ਿਸ਼ਟ ਨੂੰ ਖਰੀਆਂ ਖਰੀਆਂ

ਡਰਾਇੰਗ ਰੂਮ ਵਿੱਚ ਬੈਠ ਕੇ ਬਿਆਨਬਾਜ਼ੀ ਕਰਨ ਵਾਲੇ ਪੈਂਦੀ ਬਰਸਾਤ ਵਿੱਚ ਕਿੱਥੇ ਲੁਕੇ ਹੋਏ ਸਨ : ਕੁਲਜੀਤ ਸਿੰਘ ਬੇਦੀ

ਸੰਜੀਵ ਵਸ਼ਿਸ਼ਟ ਦੀ ਮਜਬੂਰੀ ; ਤਾਕਤਵਰ ਆਗੂ ਭਾਜਪਾ ਵਿੱਚ ਸ਼ਾਮਲ ਹੋਣ ਕਾਰਨ ਹੋਂਦ ਬਚਾਉਣ ਦਾ ਪੈਦਾ ਹੋਇਆ ਖ਼ਤਰਾ : ਕੁਲਜੀਤ ਸਿੰਘ ਬੇਦੀ

 

ਮੁਹਾਲੀ : ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਅੱਜ ਮੁਹਾਲੀ ਵਿਚ ਉਨ੍ਹਾਂ ਦੀਆਂ ਤਸਵੀਰਾਂ ਵਾਇਰਲ ਕਰਨ ਵਾਲੇ ਵਿਰੋਧੀ ਧਿਰ ਦੇ ਸੰਜੀਵ ਵਸ਼ਿਸ਼ਟ ਨੂੰ ਖਰੀਆਂ ਖਰੀਆਂ ਸੁਣਾਈਆਂ। ਉਨ੍ਹਾਂ ਕਿਹਾ ਕਿ ਉਹ ਅਚਨਚੇਤ ਆਈ ਬਰਸਾਤ ਕਾਰਨ ਮੁਹਾਲੀ ਵਿਚ ਆਏ ਪਾਣੀ ਦੀ ਨਿਕਾਸੀ ਲਈ ਖ਼ੁਦ ਬਰਸਾਤ ਵਿੱਚ ਬੰਦੋਬਸਤ ਕਰਦੇ ਰਹੇ ਪਰ ਸੰਜੀਵ ਵਸ਼ਿਸ਼ਟ ਵਰਗੇ ਲੋਕ ਜੋ ਰਹਿੰਦੇ ਵੀ ਚੰਡੀਗਡ਼੍ਹ ਹਨ ਆਪਣੇ ਡਰਾਇੰਗ ਰੂਮ ਵਿੱਚ ਬੈਠ ਕੇ ਬਿਆਨਬਾਜ਼ੀ ਕਰਨ ਤੱਕ ਹੀ ਸੀਮਤ ਹਨ। ਇਸ ਮੌਕੇ ਕੁਲਜੀਤ ਬੇਦੀ ਨੇ ਪੱਤਰਕਾਰਾਂ ਨੂੰ ਮੁਹਾਲੀ ਦੇ ਫੇਜ਼ ਪੰਜ ਦਾ ਕਾਜ਼ਵੇ ਵੀ ਦਿਖਾਇਆ ਅਤੇ ਫ਼ੇਜ਼ 3ਬੀ 2 ਵਿੱਚ ਬਣਾਏ ਅੰਡਰ ਗਰਾਊਂਡ ਟੈਂਕ ਵੀ ਦਿਖਾਏ ਜਿਨ੍ਹਾਂ ਦੇ ਕਾਰਨ ਇਨ੍ਹਾਂ ਦੋਹਾਂ ਇਲਾਕਿਆਂ ਵਿੱਚ ਲੋਕਾਂ ਦਾ ਬਰਸਾਤੀ ਪਾਣੀ ਦੀ ਨਿਕਾਸੀ ਸਮੇਂ ਸਿਰ ਹੋਣ ਕਾਰਨ ਕੋਈ ਨੁਕਸਾਨ ਨਹੀਂ ਹੋਇਆ।

ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਸੰਜੀਵ ਵਸ਼ਿਸ਼ਟ ਨੇ ਮੋਹਾਲੀ ਤੋਂ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੇ ਚੋਣ ਲੜੀ ਸੀ ਤੇ ਹੁਣ ਉਸ ਦੀ ਇਹ ਮਜਬੂਰੀ ਹੈ ਕਿ ਆਪਣੇ ਆਪ ਨੂੰ ਸਿਆਸੀ ਤੌਰ ਤੇ ਜਿੰਦਾ ਰੱਖਣ ਲਈ ਕੋਈ ਨਾ ਕੋਈ ਬਿਆਨਬਾਜ਼ੀ ਕਰਦਾ ਰਹੇ ਕਿਉਂਕਿ ਉਸ ਤੋਂ ਕਿਤੇ ਵੱਡੇ ਕੱਦ ਦੇ ਆਗੂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ਅਤੇ ਸੰਜੀਵ ਵਸ਼ਿਸ਼ਟ ਨੂੰ ਆਪਣੀ ਹੋਂਦ ਬਚਾਉਣੀ ਔਖੀ ਹੋਈ ਪਈ ਹੈ।

ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਉਹ ਲੋਕਾਂ ਦੇ ਮਸਲਿਆਂ ਦੇ ਮਾਮਲੇ ਵਿੱਚ ਸਿਆਸਤ ਤੇ ਯਕੀਨ ਨਹੀਂ ਰੱਖਦੇ ਸਗੋਂ ਕੰਮ ਕਰਨ ਵਿੱਚ ਯਕੀਨ ਰੱਖਦੇ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵਿਚ ਉਨ੍ਹਾਂ ਨੇ ਕੁਝ ਸਾਲ ਪਹਿਲਾਂ ਇਸ ਕਰਕੇ ਰੋਸ ਪ੍ਰਦਰਸ਼ਨ ਕੀਤਾ ਸੀ ਕਿ ਫੇਜ਼ ਪੰਜ ਵਿਚ ਕਾਜ਼ਵੇ ਬਣਾਇਆ ਜਾਵੇ ਅਤੇ ਲੋਕਾਂ ਨੂੰ ਪਾਣੀ ਦੀ ਮਾਰ ਤੋਂ ਬਚਾਇਆ ਜਾਵੇ। ਉਨ੍ਹਾਂ ਕਿਹਾ ਕਿ ਫੇਸ 3 ਬੀ 2 ਵਿੱਚ ਉਨ੍ਹਾਂ ਨੇ ਗਲੇ ਤੱਕ ਪਹੁੰਚੇ ਪਾਣੀ ਦੀਆਂ ਤਸਵੀਰਾਂ ਉਦੋਂ ਨਸ਼ਰ ਕੀਤੀਆਂ ਸਨ ਜਦੋਂ ਉਨ੍ਹਾਂ ਦੇ ਵਾਰਡ ਦੇ ਲੋਕ ਸ਼ਿਮਲੇ ਵਿਚ ਬੱਦਲ ਹੁੰਦਾ ਸੀ ਤਾਂ ਇੱਥੇ ਰਾਤ ਨੂੰ ਸੋਂਦੇ ਨਹੀਂ ਸਨ ਕਿਉਂਕਿ ਇੱਥੇ ਬਰਸਾਤ ਪੈਣ ਦੀ ਸੂਰਤ ਵਿੱਚ ਉਨ੍ਹਾਂ ਦੇ ਘਰ ਪਾਣੀ ਵੜਦਾ ਸੀ ਅਤੇ ਉਨ੍ਹਾਂ ਦਾ ਕਰੋੜਾਂ ਰੁਪਇਆਂ ਦਾ ਨੁਕਸਾਨ ਹੁੰਦਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਵਾਰਡ ਵਿਚ ਦੋ ਟੈਂਕ ਬਣਵਾ ਕੇ ਪਾਣੀ ਨੂੰ ਅੱਗੇ ਪੰਪ ਲਵਾ ਕੇ ਕੱਢਣ ਦਾ ਉਪਰਾਲਾ ਕੀਤਾ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਨ੍ਹਾਂ ਦੇ ਵਾਰਡ ਦੇ ਲੋਕ ਬਰਸਾਤ ਦੇ ਮੌਸਮ ਵਿੱਚ ਰਾਤ ਨੂੰ ਚੈਨ ਦੀ ਨੀਂਦ ਸੌਂਦੇ ਹਨ।

ਉਨ੍ਹਾਂ ਕਿਹਾ ਕਿ ਪਹਿਲਾਂ ਉਹ ਕੌਂਸਲਰ ਹੋਣ ਦੇ ਨਾਤੇ ਆਪਣੇ ਵਾਰਡ ਤਕ ਸੀਮਤ ਸਨ ਪਰ ਇਸ ਵਾਰ ਉਨ੍ਹਾਂ ਨੇ ਡਿਪਟੀ ਮੇਅਰ ਹੋਣ ਦੇ ਨਾਤੇ ਪੂਰੇ ਸ਼ਹਿਰ ਵਿਚ ਇਕ ਤਰ੍ਹਾਂ ਨਾਲ ਬਰਸਾਤੀ ਪਾਣੀ ਦਾ ਪਿੱਛਾ ਕੀਤਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ ਫੇਜ਼ ਪੰਜ ਵਿਚ ਕਾਜ਼ਵੇ ਦਾ ਨਿਰਮਾਣ ਕਰਵਾਇਆ ਤੇ ਫੇਜ਼ 3 ਬੀ 2 ਵਾਲੀ ਸੜਕ ਨੂੰ ਵੀ ਹੇਠਾਂ ਕਰਵਾਇਆ ਤਾਂ ਕਿ ਪਾਣੀ ਦਾ ਕੁਦਰਤੀ ਵਹਾਅ ਪਾਣੀ ਨੂੰ ਅੱਗੇ ਲੈ ਜਾਵੇ ਅਤੇ ਲੋਕ ਇਸ ਦੀ ਮਾਰ ਤੋਂ ਬਚ ਸਕਣ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਨੂੰ ਇਸ ਗੱਲ ਦੀ ਸਮਝ ਆ ਚੁੱਕੀ ਹੈ ਕਿ ਇਸ ਪਾਣੀ ਤੋਂ ਕਿਸ ਤਰ੍ਹਾਂ ਬਚਾਅ ਕਰਨਾ ਹੈ ਅਤੇ ਅਮਰੂਤ ਸਕੀਮ ਤਹਿਤ ਕੇਂਦਰੀ ਸਰਕਾਰ ਨੂੰ ਡੇਢ ਸੌ ਕਰੋੜ ਤੋਂ ਵੱਧ ਦਾ ਇੱਕ ਪ੍ਰੋਜੈਕਟ ਬਣਾ ਕੇ ਭੇਜਿਆ ਵੀ ਗਿਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਫੇਜ਼ 4, ਫੇਜ਼ 5 ਦਾ ਕੁਝ ਹਿੱਸਾ, ਫੇਜ਼ 11 ਤੇ ਫੇਜ਼ ਸੱਤ ਦਾ ਕੁਝ ਹਿੱਸਾ ਪਾਣੀ ਦੀ ਮਾਰ ਹੇਠ ਆਉਂਦੇ ਹਨ। ਉਨ੍ਹਾਂ ਕਿਹਾ ਕਿ ਇਸ ਦੀ ਵਜ੍ਹਾ ਵੀ ਇਹ ਹੈ ਕਿ ਚੰਡੀਗਡ਼੍ਹ ਤੋਂ ਪਾਣੀ ਦਾ ਕੁਦਰਤੀ ਵਹਾਅ ਮੋਹਾਲੀ ਵੱਲ ਨੂੰ ਹੈ ਅਤੇ ਚੰਡੀਗੜ੍ਹ ਵਿੱਚ ਬੰਦੋਬਸਤ ਨਾ ਹੋਣ ਕਾਰਨ ਪਾਣੀ ਮੁਹਾਲੀ ਵੱਲ ਨੂੰ ਆਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਹੱਲ ਕਰਨ ਵਾਸਤੇ ਉਹ ਅਤੇ ਨਗਰ ਨਿਗਮ ਦੀ ਚੁਣੀ ਹੋਈ ਸਮੁੱਚੀ ਟੀਮ ਵਚਨਬੱਧ ਹੈ।

ਉਨ੍ਹਾਂ ਕਿਹਾ ਕਿ ਪੈਂਦੀ ਬਰਸਾਤ ਵਿੱਚ ਮੁਹਾਲੀ ਦੇ ਸਮੂਹ ਕੌਂਸਲਰ ਆਪੋ ਆਪਣੇ ਵਾਰਡਾਂ ਵਿੱਚ ਚੌਕਸ ਰਹੇ ਅਤੇ ਪਾਣੀ ਦੀ ਮਾਰ ਤੋਂ ਲੋਕਾਂ ਨੂੰ ਬਚਾਉਣ ਦਾ ਉਪਰਾਲਾ ਕਰਦੇ ਰਹੇ ਪਰ ਸੰਜੀਵ ਵਸ਼ਿਸ਼ਟ ਵਰਗੇ ਆਗੂ ਡਰਾਇੰਗ ਰੂਮ ਵਿੱਚ ਬੈਠ ਕੇ ਬਿਆਨਬਾਜ਼ੀ ਕਰਨ ਤੱਕ ਸੀਮਤ ਰਹੇ। ਉਨ੍ਹਾਂ ਕਿਹਾ ਕਿ ਚੰਡੀਗਡ਼੍ਹ ਵਿਚ ਤਾਂ ਐਮਪੀ ਵੀ ਭਾਜਪਾ ਦਾ ਹੈ ਅਤੇ ਨਗਰ ਨਿਗਮ ਵੀ ਭਾਜਪਾ ਦੀ ਹੈ ਤੇ ਚੰਡੀਗਡ਼੍ਹ ਵਿੱਚ ਮੋਹਾਲੀ ਨਾਲੋਂ ਕਿਤੇ ਮਾੜਾ ਹਾਲ ਬਰਸਾਤੀ ਪਾਣੀ ਨੇ ਕੀਤਾ ਹੈ ਤੇ ਇਸੇ ਪਾਣੀ ਨੇ ਮੁਹਾਲੀ ਵਿਚ ਵੀ ਚੱਕ ਥੱਲ ਮਚਾਈ ਜਿਸ ਲਈ ਨਾ ਤਾਂ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੂ ਦਾ ਕੋਈ ਕਸੂਰ ਹੈ ਤੇ ਨਾ ਹੀ ਨਗਰ ਨਿਗਮ ਦਾ ਕੋਈ ਕਸੂਰ ਹੈ ਸਗੋਂ ਨਗਰ ਨਿਗਮ ਪਾਣੀ ਦੀ ਨਿਕਾਸੀ ਲਈ ਪੂਰੇ ਜ਼ੋਰ ਸ਼ੋਰ ਨਾਲ ਪੈਂਦੀ ਬਰਸਾਤ ਵਿਚ ਉਪਰਾਲੇ ਕਰਦੀ ਰਹੀ ਹੈ।

ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਨੂੰ ਸੰਜੀਵ ਵਸ਼ਿਸ਼ਟ ਵਰਗੇ ਲੋਕਾਂ ਤੋਂ ਕਿਸੇ ਤਰ੍ਹਾਂ ਦੇ ਸਰਟੀਫਿਕੇਟ ਦੀ ਕੋਈ ਲੋੜ ਨਹੀਂ ਹੈ ਸਗੋਂ ਉਹ ਮੋਹਾਲੀ ਦੇ ਲੋਕਾਂ ਲਈ ਕੰਮ ਕਰਦੇ ਹਨ ਅਤੇ ਹਮੇਸ਼ਾ ਲੋਕਾਂ ਨੂੰ ਬਿਹਤਰ ਸੁਵਿਧਾਵਾਂ ਦੇਣ ਲਈ ਹਰ ਉਪਰਾਲਾ ਕਰਦੇ ਰਹਿਣਗੇ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014792