ਚੜ੍ਹਦਾ ਪੰਜਾਬ

August 11, 2022 1:34 AM

ਸੂਬੇ ਵਿੱਚ ਸੜਕ ਸੁਰੱਖਿਆ ਸਭਿਆਚਾਰ ਨੂੰ ਯਕੀਨੀ ਬਣਾਉਣ ਲਈ ਹੋਰ ਹੰਭਲੇ ਮਾਰਨ ਦੀ ਲੋੜ ‘ਤੇ ਜ਼ੋਰ

ਪੀ.ਆਰ.ਐਸ.ਸੀ. ਨੇ “ਪੰਜਾਬ ਵਿੱਚ ਐਡਵਾਂਸ ਟ੍ਰੈਫਿਕ ਪ੍ਰਬੰਧਨ ਪ੍ਰਣਾਲੀਆਂ ਅਤੇ ਸੜਕ ਸੁਰੱਖਿਆ” ਵਿਸ਼ੇ ‘ਤੇ ਸੈਮੀਨਾਰ ਕਰਵਾਇਆ
 ਚੰਡੀਗੜ੍ਹ :    ਪੰਜਾਬ ਰਾਜ ਸੜਕ ਸੁਰੱਖਿਆ ਪ੍ਰੀਸ਼ਦ (ਪੀ.ਆਰ.ਐਸ.ਸੀ.) ਵੱਲੋਂ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ (ਮੈਗਸੀਪਾ), ਸੈਕਟਰ-26, ਚੰਡੀਗੜ੍ਹ ਵਿਖੇ ਪੰਜਾਬ ਵਿੱਚ ਐਡਵਾਂਸ ਟ੍ਰੈਫਿਕ ਪ੍ਰਬੰਧਨ ਪ੍ਰਣਾਲੀਆਂ ਅਤੇ ਸੜਕ ਸੁਰੱਖਿਆ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ। ਸੜਕ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਨ ਦੇ ਪੇਸ਼ੇਵਰਾਂ ਅਤੇ ਪੂਰੇ ਭਾਰਤ ਤੋਂ ਮਾਹਰਾਂ ਨੇ ਇਸ ਸੈਮੀਨਾਰ ਵਿੱਚ ਮਹਿਮਾਨ ਬੁਲਾਰਿਆਂ ਵਜੋਂ ਸ਼ਮੂਲੀਅਤ ਕੀਤੀ।
ਆਪਣੇ ਉਦਘਾਟਨੀ ਸੰਬੋਧਨ ਦੌਰਾਨ ਪ੍ਰਮੁੱਖ ਸਕੱਤਰ ਟਰਾਂਸਪੋਰਟ ਕੇ. ਸਿਵਾ ਪ੍ਰਸਾਦ ਨੇ ਕਿਹਾ ਕਿ ਹੁਣ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਕੀਮਤੀ ਮਨੁੱਖੀ ਜਾਨਾਂ ਬਚਾਉਣ ਦਾ ਸਮਾਂ ਹੈ ਅਤੇ ਸਾਨੂੰ ਇਸ ਲਈ ਹੋਰ ਹੰਭਲੇ ਮਾਰਨ ਦੀ ਜ਼ਰੂਰਤ ਹੈ। ਲੀਡ ਏਜੰਸੀ, ਸੜਕ ਸੁਰੱਖਿਆ ਦੇ ਡਾਇਰੈਕਟਰ ਜਨਰਲ ਆਰ. ਵੈਂਕਟਮ ਰਤਨਮ ਨੇ ਕਿਹਾ ਕਿ ਅਸੀਂ ਸਾਰੇ ਭਾਈਵਾਲਾਂ ਜਿਵੇਂ ਇੰਜੀਨੀਅਰਿੰਗ, ਸਿਹਤ, ਟ੍ਰੈਫਿਕ ਪ੍ਰਬੰਧਨ, ਗੈਰ-ਸਰਕਾਰੀ ਸੰਗਠਨਾਂ ਅਤੇ ਪੰਜਾਬ ਦੇ ਲੋਕਾਂ ਦੀ ਸਰਗਰਮ ਭਾਗੀਦਾਰੀ ਰਾਹੀਂ ਪੰਜਾਬ ਵਿੱਚ ਸੜਕ ਸੁਰੱਖਿਆ ਸਭਿਆਚਾਰ ਲਿਆਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਾਂ ਅਤੇ ਚਾਹੁੰਦੇ ਹਾਂ ਕਿ ਸੂਬੇ ਦੀ ਸੜਕ ਸੁਰੱਖਿਆ ਵਿੱਚ ਸਭਨਾਂ ਦਾ ਸਥਾਈ ਯੋਗਦਾਨ ਹੋਵੇ। ਇਸ ਦੇ ਨਾਲ ਹੀ ਏਡੀਜੀਪੀ ਟ੍ਰੈਫਿਕ ਡਾ. ਐਸ.ਐਸ. ਚੌਹਾਨ ਨੇ ਸੂਬੇ ਵਿੱਚ ਐਡਵਾਂਸ ਅਤੇ ਇਲੈਕਟ੍ਰੌਨਿਕ ਪਰਿਵਰਤਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।
ਟ੍ਰੈਫਿਕ ਸਲਾਹਕਾਰ ਪੰਜਾਬ ਡਾ. ਨਵਦੀਪ ਅਸੀਜਾ ਨੇ ਪੰਜਾਬ ਵਿੱਚ ਸੜਕ ਸੁਰੱਖਿਆ ਦੀ ਮੌਜੂਦਾ ਸਥਿਤੀ ‘ਤੇ ਚਾਨਣਾ ਪਾਇਆ। ਆਈ.ਆਈ.ਏ. ਪੰਜਾਬ ਚੈਪਟਰ ਦੇ ਚੇਅਰਮੈਨ ਸੰਜੇ ਗੋਇਲ ਨੇ ਟ੍ਰੈਫਿਕ ਪ੍ਰਬੰਧਨ ਲਈ ਸਮਾਰਟ ਉਪਾਵਾਂ ਬਾਰੇ ਵਿਚਾਰ ਕੀਤਾ।
ਦੂਜੇ ਪਾਸੇ, ਸ਼ੇਰਵੁੱਡ ਟੈਕਨੋਕ੍ਰੇਟਸ ਐਂਡ ਕੰਸਲਟੈਂਟਸ ਪ੍ਰਾਈਵੇਟ ਲਿਮਟਿਡ ਅਤੇ ਰੋਡ ਸੇਫਟੀ ਕਮਿਊਨੀਕੇਸ਼ਨ ਮਾਹਰ ਸ਼ਬੀਰ ਮੁਹੰਮਦ ਨੇ ਸੜਕ ਸੁਰੱਖਿਆ ਪ੍ਰਬੰਧਨ ਬਾਰੇ ਜਾਗਰੂਕ ਕੀਤਾ। ਇਸ ਮੌਕੇ ਸਵਤੰਤਰ ਕੁਮਾਰ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।
ਸੂਬੇ ਵਿੱਚ ਟ੍ਰੈਫਿਕ ਨਿਯਮਾਂ ਅਤੇ ਸੜਕ ਸੁਰੱਖਿਆ ਦੇ ਪਹਿਲੂਆਂ ਨਾਲ ਨਜਿੱਠਣ ਵਾਲੇ ਅਧਿਕਾਰੀਆਂ ਨੂੰ ਜਾਗਰੂਕ ਕਰਨ ਲਈ, ਸੈਮੀਨਾਰ ਵਿੱਚ ਵੱਖ-ਵੱਖ ਭਾਈਵਾਲ ਵਿਭਾਗਾਂ/ਅਥਾਰਟੀਆਂ ਜਿਵੇਂ ਪੁਲਿਸ, ਐਨ.ਐਚ.ਏ.ਆਈ., ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ), ਸਥਾਨਕ ਸਰਕਾਰ, ਪੰਜਾਬ ਮੰਡੀ ਬੋਰਡ, ਟਰਾਂਸਪੋਰਟ ਵਿਭਾਗ ਅਤੇ ਟ੍ਰੈਫਿਕ ਸਲਾਹਕਾਰ ਪੰਜਾਬ ਦਫ਼ਤਰ ਦੇ ਇੰਜੀਨੀਅਰਾਂ ਨੇ ਸਰਗਰਮੀ ਨਾਲ ਹਿੱਸਾ ਲਿਆ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014792