ਚੜ੍ਹਦਾ ਪੰਜਾਬ

August 14, 2022 12:16 AM

ਸੁਤੰਤਰਤਾ ਦਿਵਸ ਸਮਾਰੋਹ ਦੌਰਾਨ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਦੀ ਕਿਸਾਨਾਂ ਨਾਲ ਖੜ੍ਹਨ ਦੀ ਵਚਨਬੱਧਤਾ ਦੁਹਰਾਈ

ਐਸ.ਏ.ਐਸ. ਨਗਰ :   ਜ਼ਿਲ੍ਹਾ ਪੱਧਰੀ ਸੁਤੰਤਰਤਾ ਦਿਵਸ ਸਮਾਰੋਹ ਦੌਰਾਨ ਦੇਸ਼ ਭਗਤੀ ਦੇ ਜਜ਼ਬੇ ਨਾਲ ਭਰੇ ਦਰਸ਼ਕਾਂ ਦੀ ਹਾਜ਼ਰੀ ਵਿੱਚ ਕੌਮੀ ਝੰਡਾ ਚੜ੍ਹਾਉਂਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕੇਂਦਰ ਸਰਕਾਰ ਵੱਲੋਂ ਜਬਰੀ ਲਾਗੂ ਕੀਤੇ ਕਿਸਾਨ ਮਾਰੂ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਦੀ ਆਪਣੀ ਸਰਕਾਰ ਦੀ ਵਚਨਬੱਧਤਾ ਪ੍ਰਗਟਾਈ।
ਇਹ ਵੀ ਪੜ੍ਹੋ : 1200 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਐਲਾਨ, ਸਰਕਾਰੀ ਹਸਪਤਾਲਾਂ ਵਿੱਚ ਕਈ ਮਹਿੰਗੇ ਟੈਸਟ ਮੁਫ਼ਤ ਕੀਤੇ ਗਏ
ਇੱਥੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ (ਸ਼ੌਰਿਆ ਚੱਕਰ) ਸਰਕਾਰੀ ਕਾਲਜ ਫ਼ੇਜ਼-6 ਵਿੱਚ ਕਰਵਾਏ ਸਮਾਗਮ ਦੌਰਾਨ ਆਪਣੇ ਸੰਬੋਧਨ ਵਿੱਚ ਕੈਬਨਿਟ ਮੰਤਰੀ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਮੁਤਾਬਕ ਖੇਤੀਬਾੜੀ ਰਾਜਾਂ ਦਾ ਵਿਸ਼ਾ ਹੈ ਪਰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਇਹ ਤਿੰਨ ਕਾਲੇ ਖੇਤੀ ਕਾਨੂੰਨ ਲਾਗੂ ਕਰ ਕੇ ਰਾਜਾਂ ਦੇ ਅਧਿਕਾਰਾਂ ਉਤੇ ਸਿੱਧਾ ਹਮਲਾ ਕੀਤਾ ਹੈ, ਜਿਸ ਨਾਲ ਦੇਸ਼ ਭਰ ਵਿੱਚ ਬੇਚੈਨੀ ਤੇ ਰੋਸ ਦਾ ਮਾਹੌਲ ਸਿਰਜਿਆ ਗਿਆ ਹੈ, ਜਦੋ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਕਿਸਾਨਾਂ ਦੀ ਬਾਂਹ ਫੜਦਿਆਂ ‘ਕਰਜ਼ਾ ਮੁਆਫੀ ਸਕੀਮ’ ਲਿਆਂਦੀ, ਜਿਸ ਤਹਿਤ ਵੱਖ-ਵੱਖ ਸਹਿਕਾਰੀ ਅਤੇ ਵਪਾਰਕ ਬੈਂਕਾਂ ਦੇ ਕਰਜ਼ਾ ਪ੍ਰਾਪਤ ਛੋਟੇ ਅਤੇ ਦਰਮਿਆਨੇ ਕਰੀਬ ਛੇ ਲੱਖ ਕਿਸਾਨਾਂ ਦਾ 4600 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਮੁਆਫ਼ ਕੀਤਾ ਗਿਆ। ਸਰਕਾਰ ਨੇ ਆਪਣੇ ਹੁਣ ਤੱਕ ਦੇ ਕਾਰਜਕਾਲ ਦੌਰਾਨ 9 ਫਸਲਾਂ ਦੀ ਖਰੀਦ 48 ਘੰਟਿਆਂ ਵਿੱਚ ਕਰਕੇ ਕਿਸਾਨਾਂ ਨੂੰ ਬਣਦੀ ਰਕਮ ਸਮੇਂ ਸਿਰ ਅਦਾ ਕੀਤੀ।
ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਅੰਮਿ੍ਰਤਸਰ ਵਿਚ ਕੌਮੀ ਝੰਡਾ ਲਹਿਰਾਇਆ, 45 ਸਟੇਟ ਐਵਾਰਡੀਆਂ ਨੂੰ ਕੀਤਾ ਸਨਮਾਨਿਤ
ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਤੇ ਜ਼ਿਲ੍ਹਾ ਪੁਲਿਸ ਮੁਖੀ ਸਤਿੰਦਰ ਸਿੰਘ ਦੀ ਹਾਜ਼ਰੀ ਵਾਲੇ ਇਸ ਸਮਾਗਮ ਦੌਰਾਨ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਬੇਗਾਨਗੀ ਵਾਲੇ ਰੁਖ਼ ਦੇ ਬਾਵਜੂਦ ਪੰੰਜਾਬ ਸਰਕਾਰ ਨੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਰਾਜ ਦੇ ਕਿਸਾਨਾਂ ਦੀ ਮਾਲੀ ਮਦਦ ਤੇ ਪਰਿਵਾਰ ਦੇ ਇਕ ਜੀਅ ਨੂੰ ਨੌਕਰੀ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਆਖਿਆ ਕਿ ਜਿੰਨੀ ਦੇਰ ਤੱਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਲੈਂਦੀ, ਉਦੋਂ ਤੱਕ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਰਹੇਗੀ।
ਇਹ ਵੀ ਪੜ੍ਹੋ : ਜੇ ਪਾਕਿਸਤਾਨ ਹਮਲਾਵਰ ਰੁਖ ਅਪਣਾਉਂਦਾ ਹੈ ਤਾਂ ਮੂੰਹ ਤੋੜਵਾਂ ਜਵਾਬ ਦੇਵਾਂਗੇ
ਸਮਾਗਮ ਦੇ ਮੁੱਖ ਮਹਿਮਾਨ ਸ. ਸਿੱਧੂ ਨੇ ਆਖਿਆ ਕਿ ਸਾਡੀ ਸਰਕਾਰ ਕਿਸਾਨਾਂ ਦੇ ਨਾਲ-ਨਾਲ ਸਮਾਜ ਦੇ ਹਰੇਕ ਵਰਗ ਨੂੰ ਨਾਲ ਲੈ ਕੇ ਚੱਲ ਰਹੀ ਹੈ। ਅਜ਼ਾਦੀ ਘੁਲਾਟੀਆਂ ਨੂੰ ਘਰ ਮੁਹੱਈਆ ਕਰਵਾਉਣ ਲਈ ਪੁੱਡਾ ਤੇ ਗਮਾਡਾ ਵਿੱਚ ਪਲਾਟਾਂ ਦੀ ਵੰਡ ਵਿੱਚ ਰਾਖਵਾਂਕਰਨ 2 ਤੋਂ ਵਧਾ ਕੇ 3 ਫ਼ੀਸਦੀ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਕਿਸੇ ਵੀ ਦੇਸ਼, ਕੌਮ ਦੀ ਉੱਨਤੀ ਉੱਥੋਂ ਦੀ ਨੌਜਵਾਨੀ `ਤੇ ਨਿਰਭਰ ਕਰਦੀ ਹੈ। ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਦੇ ਖੇਤਰ ਵੱਲ ਉਤਸ਼ਾਹਤ ਕਰਨ ਲਈ ਅਥਾਹ ਉਪਰਾਲੇ ਕੀਤੇ ਹਨ। ਸਰਕਾਰ ਵੱਲੋਂ ਬਣਾਈ ਨਵੀਂ ਖੇਡ ਨੀਤੀ ਤਹਿਤ ਸੂਬੇ ਵਿੱਚ ਖੇਡ-ਪੱਖੀ ਮਾਹੌਲ ਸਿਰਜਿਆ ਗਿਆ ਹੈ। ਟੋਕੀਉ ਉਲੰਪਿਕਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਸਰਕਾਰ ਨੇ ਖਿਡਾਰੀਆਂ ਨੂੰ ਖੇਡ ਨੀਤੀ ਤੋਂ ਅਗਾਂਹ ਵਧ ਕੇ 2.51 ਕਰੋੜ ਰੁਪਏ ਦੀ ਰਾਸ਼ੀ ਕਾਂਸੀ ਦੇ ਤਮਗ਼ੇ ਲਈ ਦਿੱਤੀ ਹੈ, ਜਦੋਂ ਕਿ ਪਹਿਲਾਂ 2.25 ਕਰੋੜ ਰੁਪਏ ਦੀ ਰਾਸ਼ੀ ਰਾਜ ਦੇ ਸੋਨ ਤਮਗਾ ਜੇਤੂ ਨੂੰ ਦੇਣ ਦਾ ਐਲਾਨ ਕੀਤਾ ਗਿਆ ਸੀ।
ਸਿੱਖਿਆ ਦੇ ਖੇਤਰ ਵਿੱਚ ਸਰਕਾਰ ਦੀਆਂ ਅਹਿਮ ਪਹਿਲਕਦਮੀਆਂ ਦੀ ਨਿਸ਼ਾਨਦੇਹੀ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ 13 ਹਜ਼ਾਰ ਦੇ ਕਰੀਬ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕੀਤਾ ਗਿਆ ਹੈ। ਭਾਰਤ ਸਰਕਾਰ ਵੱਲੋਂ ਹਾਲ ਹੀ ਵਿੱਚ ਜਾਰੀ ਦਰਜਾਬੰਦੀ ਵਿੱਚ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਦੇਸ਼ ਦਾ ਨੰਬਰ ਇਕ ਸੂਬਾ ਬਣਿਆ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ ਸਮਾਜਿਕ ਸੁਰੱਖਿਆ ਪੈਨਸ਼ਨ ਪ੍ਰਤੀ ਮਹੀਨਾ 1500 ਰੁਪਏ ਅਤੇ ਆਸ਼ੀਰਵਾਦ ਸਕੀਮ ਦੀ ਰਾਸ਼ੀ ਵਧਾ ਕੇ 51 ਹਜ਼ਾਰ ਰੁਪਏ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਪਹਿਲੇ ਪੂਰੀ ਤਰ੍ਹਾਂ ਏਅਰ ਕੰਡੀਸ਼ਨਡ ਸਰਕਾਰੀ ਹਾਈ ਸਮਾਰਟ ਸਕੂਲ ਦਾ ਉਦਘਾਟਨ
ਕੋਰੋਨਾ ਕਾਰਨ ਸੰਖੇਪ ਰੂਪ ਵਿੱਚ ਕਰਵਾਏ ਸੁਤੰਤਰਤਾ ਦਿਵਸ ਸਮਾਗਮ ਦੌਰਾਨ ਮੁੱਖ ਮਹਿਮਾਨ ਸ. ਸਿੱਧੂ ਨੇ ਆਖਿਆ ਕਿ ਹੈਲਥ ਵਰਕਰਾਂ ਅਤੇ ਮੈਡੀਕਲ ਸਟਾਫ ਨੇ ਇਸ ਮਹਾਂਮਾਰੀ ਖ਼ਿਲਾਫ਼ ਜਾਨ ਹੂਲ ਕੇ ਲੜਾਈ ਲੜੀ, ਜਿਨ੍ਹਾਂ ਦੇ ਸਮਰਪਣ ਦੀ ਕੋਈ ਮਿਸਾਲ ਨਹੀਂ ਮਿਲਦੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਯਤਨਾਂ ਨਾਲ ਮੌਜੂਦਾ ਸਮੇਂ ਪੰਜਾਬ ਭਰ ਦੇ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਵਿੱਚ ਰੋਜ਼ਾਨਾ 40 ਹਜ਼ਾਰ ਦੇ ਕਰੀਬ ਆਰ.ਟੀ.ਪੀ.ਸੀ.ਆਰ. ਟੈਸਟਾਂ ਦੀ ਸਮਰੱਥਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਯਤਨਾਂ ਨਾਲ 1500 ਕਰੋੜ ਰੁਪਏ ਦੀ ਲਾਗਤ ਨਾਲ 4 ਨਵੇਂ ਮੈਡੀਕਲ ਕਾਲਜ ਵੀ ਸ਼ੁਰੂ ਕੀਤੇ ਜਾ ਰਹੇ ਹਨ।
ਆਪਣੀ ਸਰਕਾਰ ਦੇ ਸੁਪਨਮਈ ਪ੍ਰਾਜੈਕਟ ਸਿਹਤ ਬੀਮਾ ਪ੍ਰੋਗਰਾਮ ਦੀ ਗੱਲ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਅਧੀਨ ਪੰਜਾਬ ਦੇ ਕਰੀਬ 40 ਲੱਖ ਪਰਿਵਾਰਾਂ ਨੂੰ ਪ੍ਰਤੀ ਸਾਲ 5 ਲੱਖ ਰੁਪਏ ਪ੍ਰਤੀ ਪਰਿਵਾਰ ਤੱਕ ਦੇ ਨਗਦੀ ਰਹਿਤ ਸਿਹਤ ਬੀਮੇ ਦੀ ਸਹੂਲਤ ਦਿੱਤੀ ਜਾ ਰਹੀ ਹੈ। ਪੰਜਾਬ ਵਿੱਚ 906 ਸੂਚੀਬੱਧ ਹਸਪਤਾਲਾਂ (213 ਸਰਕਾਰੀ ਹਸਪਤਾਲ ਅਤੇ 693 ਸੂਚੀਬੱਧ ਪ੍ਰਾਈਵੇਟ ਹਸਪਤਾਲ) ਵਿੱਚ ਕੋਈ ਵੀ ਲਾਭਪਾਤਰੀ ਇਲਾਜ ਦੀ ਸਹੂਲਤ ਲੈ ਸਕਦਾ ਹੈ। ਹਲਕਾ ਮੁਹਾਲੀ ਦੇ ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੁਹਾਲੀ ਵਿਖੇ ਤਕਰੀਬਨ 374 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਮੈਡੀਕਲ ਕਾਲਜ ਉਸਾਰੀ ਅਧੀਨ ਹੈ ਅਤੇ ਇਕ ਨਰਸਿੰਗ ਕਾਲਜ ਵੀ ਸਥਾਪਤ ਕੀਤਾ ਜਾ ਰਿਹਾ ਹੈ। ਉਨ੍ਹਾਂ ਮੁਹਾਲੀ ਵਿਖੇ 8.72 ਏਕੜ ਵਿੱਚ ਬਣ ਰਹੇ ਨਵੇਂ ਸਿਵਲ ਹਸਪਤਾਲ, ਲਾਂਡਰਾਂ ਜੰਕਸ਼ਨ, ਪੇਂਡੂ ਲਿੰਕ ਸੜਕਾਂ ਦੀ ਕਾਇਆਕਲਪ ਕਰਨ, ਸਰਕਾਰੀ ਸਕੂਲਾਂ ਦੀਆਂ ਨਵੀਆਂ ਇਮਾਰਤਾਂ ਬਣਾਉਣ, ਪੰਚਾਇਤ ਘਰਾਂ ਦੇ ਨਿਰਮਾਣ ਅਤੇ ਗਰੀਬਾਂ ਨੂੰ ਘਰ ਬਣਾ ਕੇ ਦੇਣ ਦੇ ਸਰਕਾਰ ਦੇ ਯਤਨਾਂ ਬਾਰੇ ਵੀ ਗੱਲ ਕੀਤੀ।
ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਮੇਅਰ ਨੂੰ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਲੋੜੀਂਦੇ ਫੰਡ ਮੁਹੱਈਆ ਕਰਵਾਉਣ ਦਾ ਭਰੋਸਾ
ਸਮਾਗਮ ਦੌਰਾਨ ਸ. ਸਿੱਧੂ ਨੇ ਪਰੇਡ ਦਾ ਨਿਰੀਖਣ ਵੀ ਕੀਤਾ ਅਤੇ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਲਈ। ਮਾਰਚ ਪਾਸਟ ਵਿੱਚ ਪੰਜਾਬ ਪੁਲਿਸ ਦੇ ਜਵਾਨਾਂ ਦੀਆਂ ਚਾਰ ਟੁਕੜੀਆਂ ਸ਼ਾਮਲ ਹੋਈਆਂ। ਮਾਰਚ ਪਾਸਟ ਵਿੱਚ ਇਕ ਟੁਕੜੀ ਸਰਕਾਰੀ ਕਾਲਜ ਫ਼ੇਜ਼-6 ਦੇ ਐਨ.ਸੀ.ਸੀ. ਕੈਡੇਟਾਂ ਦੀ ਅਤੇ ਇਕ ਟੁਕੜੀ ਪੰਜਾਬ ਪੁਲਿਸ ਅਕੈਡਮੀ ਫਿਲੌਰ ਦੇ ਬਰਾਸ ਬੈਂਡ ਦੀ ਸ਼ਾਮਲ ਹੋਈ। ਇਸ ਦੌਰਾਨ ਵੱਖ ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਸ਼ਖਸੀਅਤਾਂ ਦਾ ਵੀ ਸਨਮਾਨ ਕੀਤਾ ਗਿਆ।
ਸਮਾਗਮ ਵਿੱਚ ਜ਼ਿਲ੍ਹਾ ਤੇ ਸੈਸ਼ਨ ਜੱਜ ਆਰ.ਐਸ. ਰਾਏ, ਸੀ.ਜੇ.ਐਮ.-ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਲਜਿੰਦਰ ਸਿੰਘ ਮਾਨ, ਏ.ਡੀ.ਜੀ.ਪੀ. ਈਸ਼ਵਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਕੋਮਲ ਮਿੱਤਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਿਮਾਂਸ਼ੂ ਅਗਰਵਾਲ, ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਸਿੱਧੂ, ਨਗਰ ਨਿਗਮ ਕਮਿਸ਼ਨਰ ਕਮਲ ਕੁਮਾਰ ਗਰਗ, ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਜੀ.ਬੀ. ਸਿੰਘ, ਸਹਾਇਕ ਕਮਿਸ਼ਨਰ (ਜ) ਤਰਸੇਮ ਚੰਦ ਸ਼ਰਮਾ, ਐਸ.ਡੀ.ਐਮ. ਹਰਬੰਸ ਸਿੰਘ, ਐਸ.ਪੀ. ਏ.ਐਸ. ਔਲਖ, ਡੀ.ਐਸ.ਪੀ ਮਨਵੀਰ ਬਾਜਵਾ ਤੇ ਪੀ.ਪੀ.ਐਸ. ਗੁਰਪ੍ਰੀਤ ਸਿੰਘ ਬੈਂਸ, ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੰਵਰਬੀਰ ਸਿੰਘ ਸਿੱਧੂ, ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਜਸਵਿੰਦਰ ਕੌਰ ਹਾਜ਼ਰ ਸਨ।
ਇਹ ਵੀ ਪੜ੍ਹੋ : ਬਲਬੀਰ ਸਿੰਘ ਸਿੱਧੂ ਵਲੋਂ ਹਲਕੇ ਦੀਆਂ ਜਮੀਨਾਂ ਹੜੱਪਣ ਵਿਰੁੱਧ ਡੱਟ ਕੇ ਖੜੀ ਹੈ, ਆਪ

ਇਸ ਦੌਰਾਨ ਡੇਰਾਬੱਸੀ ਵਿਖੇ ਐਸ.ਡੀ.ਐਮ. ਕੁਲਦੀਪ ਬਾਵਾ ਅਤੇ ਖਰੜ ਵਿਖੇ ਐਸ.ਡੀ.ਐਮ. ਆਕਾਸ਼ ਬਾਂਸਲ ਦੀ ਅਗਵਾਈ ਹੇਠ ਝੰਡਾ ਚੜ੍ਹਾਇਆ ਗਿਆ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014804