ਚੜ੍ਹਦਾ ਪੰਜਾਬ

August 11, 2022 2:50 AM

ਸਰਕਾਰਾਂ ਦੀਆਂ ਨਲਾਇਕੀਆਂ ਕਾਰਨ ਪਿੰਡਾਂ ਦੇ ਕਾਨੂੰਨ ਹੱਥਾਂ ‘ਚ ਲੈਣ ਲਈ ਮਜ਼ਬੂਰ ਹੋਏ ਲੋਕ: ਹਰਪਾਲ ਸਿੰਘ ਚੀਮਾ

ਸਰਕਾਰਾਂ ਦੀਆਂ ਨਲਾਇਕੀਆਂ ਕਾਰਨ ਪਿੰਡਾਂ ਦੇ ਕਾਨੂੰਨ ਹੱਥਾਂ ‘ਚ ਲੈਣ ਲਈ ਮਜ਼ਬੂਰ ਹੋਏ ਲੋਕ: ਹਰਪਾਲ ਸਿੰਘ ਚੀਮਾ

ਪਿੰਡ ਕਾਲਝਰਾਨੀ ਦੇ ਵਸਨੀਕਾਂ ਵੱਲੋਂ ਨਸ਼ਾ ਸਮਗਰਲਰਾਂ ਦੀਆਂ ਲੱਤਾਂ ਤੋੜਨ ਦੇ ਐਲਾਨ ‘ਤੇ ਬੋਲੇ ਵਿਰੋਧੀ ਧਿਰ ਦੇ ਨੇਤਾ

‘ਆਪ’ ਦੀ ਸਰਕਾਰ ਨਸ਼ਾ ਮਾਫੀਆ ਨੂੰ ਕਰੇਗੀ ਖ਼ਤਮ, ਸਰਪ੍ਰਸਤੀ ਦੇਣ ਵਾਲੇ ਸਿਆਸੀ ਆਗੂਆਂ ਅਤੇ ਪੁਲੀਸ ਅਧਿਕਾਰੀਆਂ ਖ਼ਿਲਾਫ਼ ਹੋਵੇਗੀ ਕਾਰਵਾਈ: ਹਰਪਾਲ ਸਿੰਘ ਚੀਮਾ

‘ਆਪ’ ਆਗੂ ਨੇ ਲੋਕਾਂ ਨੂੰ ਕਾਨੂੰਨ ਆਪਣੇ ਹੱਥਾਂ ‘ਚ ਨਾ ਲੈਣ ਦੀ ਕੀਤੀ ਅਪੀਲ

ਚੰਡੀਗੜ : 
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪਿੰਡ ਕਾਲਝਰਾਨੀ ਦੇ ਵਸਨੀਕਾਂ ਵੱਲੋਂ ਨਸ਼ਾ ਸਮਗਰਲਰਾਂ ਦੀਆਂ ਲੱਤਾਂ ਤੋੜਨ ਦੇ ਐਲਾਨ ‘ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਕਾਂਗਰਸ ਅਤੇ ਪਿਛਲੀ ਬਾਦਲ ਸਰਕਾਰ ਦੀਆਂ ਨਲਾਇਕੀਆਂ ਕਾਰਨ ਪਿੰਡਾਂ ਦੇ ਲੋਕ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਲਈ ਮਜ਼ਬੂਰ ਹੋ ਰਹੇ ਹਨ। ਚੀਮਾ ਨੇ ਪਿੰਡ ਕਾਲਝਰਾਨੀ ਸਮੇਤ ਪੰਜਾਬਵਾਸੀਆਂ ਨੂੰ ਕਾਨੂੰਨ ਤੋਂ ਬਾਹਰ ਜਾ ਕੇ ਕੋਈ ਕਦਮ ਨਾ ਚੁਕਣ ਦੀ ਅਪੀਲ ਕਰਦਿਆਂ ਕਿਹਾ ਕਿ 10 ਮਾਰਚ ਤੋਂ ਬਾਅਦ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਵੇਗੀ ਅਤੇ ‘ਆਪ’ ਦੀ ਸਰਕਾਰ ਆਪਣੀ ਜ਼ਿੰਮੇਵਾਰੀ ਸਮਝ ਕੇ ਪੰਜਾਬ ਵਿਚੋਂ ਨਸ਼ਾ ਮਾਫੀਆ ਖ਼ਤਮ ਕਰੇਗੀ ਅਤੇ ਲੋਕਾਂ ਦੀਆਂ ਇੱਛਾਵਾਂ ਅਨੁਸਾਰ ਫ਼ੈਸਲੇ ਕਰੇਗੀ।
ਸ਼ੁੱਕਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ‘ਚ ਰਾਜ ਕਰਦੀਆਂ ਰਹੀਆਂ ਰਿਵਾਇਤੀ ਸਿਆਸੀ ਧਿਰਾਂ ਕਾਂਗਰਸ, ਕੈਪਟਨ ਅਮਰਿੰਦਰ ਸਿੰਘ, ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਹਮੇਸ਼ਾਂ ਹੀ ਲੋਕ ਭਾਵਨਾਵਾਂ ਦੇ ਖਿਲਾਫ਼ ਫ਼ੈਸਲੇ ਕੀਤੇ ਹਨ। ਰਿਵਾਇਤੀ ਪਾਰਟੀਆਂ ਨਸ਼ੇ ਖ਼ਤਮ ਕਰਨ ਦੇ ਵਾਅਦੇ ਕਰਕੇ ਸਰਕਾਰਾਂ ਬਣਾਉਂਦੀਆਂ ਰਹੀਆਂ, ਪਰ ਸਰਕਾਰ ਬਣਾ ਕੇ ਨਸ਼ਾ ਮਾਫੀਆ ਨੂੰ ਸਰਪ੍ਰਸਤੀ ਦੇ ਕੇ ਲੋਕਾਂ ਦੇ ਜੀਵਨ ਅਤੇ ਭਾਵਨਾਵਾਂ ਨਾਲ ਖਿਲਵਾੜ ਕਰਦੀਆਂ ਰਹੀਆਂ ਹਨ। ਉਨਾਂ ਕਿਹਾ ਕਿ ਪਿੰਡ ਕਾਲਝਰਾਨੀ ਜ਼ਿਲਾ ਬਠਿੰਡਾ ਦਾ ਪ੍ਰਸਿੱਧ ਪਿੰਡ ਹੈ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜ਼ਿਲਾ ਬਠਿੰਡਾ ਨੂੰ ਵਿਕਸਤ ਹੋਣ ਦਾ ਦਾਅਵਾ ਕਰਦੇ ਆ ਰਹੇ ਹਨ। ਕਰੀਬ 20 ਸਾਲ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਆਪਣੇ ਇਲਾਕਿਆਂ ਵਿੱਚੋਂ ਨਸ਼ਿਆਂ ਦਾ ਜਾਲ ਖ਼ਤਮ ਨਹੀਂ ਕਰ ਸਕੇ, ਇਸ ਲਈ ਪਿੰਡ ਕਾਲਝਰਾਨੀ ਦੇ ਵਸਨੀਕਾਂ ਨੂੰ ਨਸ਼ੇ ਸਮਗਰਲਰਾਂ ਖਿਲਾਫ਼ ਆਪਣੇ ਪੱਧਰ ‘ਤੇ ਕਾਰਵਾਈ ਕਰਨ ਦਾ ਫ਼ੈਸਲਾ ਲੈਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਸ੍ਰੀ ਗੁੱਟਕਾ ਸਾਹਿਬ ਦੀ ਸਹੁੰ ਚੁੱਕ ਕੇ ਪੰਜਾਬ ਵਿੱਚ ਨਸ਼ੇ ਦਾ ਲੱਕ ਤੋੜਨ ਦਾ ਐਲਾਨ ਕੀਤਾ ਸੀ, ਪਰ ਨਸ਼ੇ ਦੀ ਸਪਲਾਈ ਅਤੇ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਲਗਾਤਾਰ ਮੌਤਾਂ ਹੋਣ ਦਾ ਸਿਲਸਿਲਾ ਜਾਰੀ ਹੈ। ਉਨਾਂ ਕਿਹਾ ਕਿ ਰਿਵਾੲਤੀ ਪਾਰਟੀਆਂ ਦੀਆਂ ਨਸ਼ਾ ਸਮਗਲਰਾਂ ਨਾਲ ਮਿਲੀਭੁਗਤ ਅਤੇ ਸਰਪ੍ਰਸਤੀ ਕਾਰਨ ਪੰਜਾਬ ‘ਚ ਨਸ਼ੇ ਦਾ ਕਹਿਰ ਜਾਰੀ ਹੈ ਅਤੇ ਸਿਆਸੀ ਦਖਲਅੰਦਾਜੀ ਕਾਰਨ ਪੰਜਾਬ ਪੁਲੀਸ ਵੀ ਨਸ਼ਾ ਸਮਗਲਰਾਂ ਖਿਲਾਫ਼ ਕਾਰਵਾਈ ਕਰਨ ਤੋਂ ਕੰਨੀਂ ਕਤਰਾ ਰਹੀ ਹੈ, ਜਿਸ ਕਾਰਨ ਲੋਕਾਂ ਦਾ ਪੁਲੀਸ ‘ਤੇ ਵਿਸ਼ਵਾਸ਼ ਨਹੀਂ ਰਿਹਾ। ਇਸ ਕਾਰਨ ਪਿੰਡ ਕਾਲਝਰਾਨੀ ਵਾਂਗ ਪੰਜਾਬ ਦੇ ਲੋਕ ਆਪਣੀ ਨੌਜਵਾਨੀ ਨੂੰ ਬਚਾਉਣ ਲਈ ਕਾਨੂੰਨ ਆਪਣੇ ਹੱਥਾਂ ‘ਚ ਲੈਣ ਲੱਗੇ ਹਨ।
ਚੀਮਾ ਨੇ ਪਿੰਡ ਕਾਲਝਰਾਨੀ ਸਮੇਤ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਾਨੂੰਨ ਵਿੱਚ ਵਿਸ਼ਵਾਸ਼ ਰੱਖਣ ਅਤੇ ਕਾਨੂੰਨ ਨੂੰ ਆਪਣੇ ਹੱਥਾਂ ‘ਚ ਲੈਣ ਤੋਂ ਗੁਰੇਜ਼ ਕਰਨ। ਉਨਾਂ ਭਰੋਸਾ ਦਿੱਤਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਨਸ਼ਾ ਮਾਫੀਆ ਨੂੰ ਖ਼ਤਮ ਕੀਤਾ ਜਾਵੇਗਾ ਅਤੇ ਨਸ਼ਾ ਮਾਫੀਆ ਨੂੰ ਸਰਪ੍ਰਸਤੀ ਦੇਣ ਵਾਲੇ ਸਿਆਸੀ ਆਗੂਆਂ ਅਤੇ ਪੁਲੀਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014792