ਸ਼ਹਿਰ ਦੀ ਸਫਾਈ ਵਿਵਸਥਾ ਨੂੰ ਚੁਸਤ ਦਰੁਸਤ ਕਰਨ ਲਈ ਮੇਅਰ ਨੇ ਕੀਤੀ ਅਧਿਕਾਰੀਆਂ ਨਾਲ ਮੀਟਿੰਗ
ਮੇਅਰ ਜੀਤੀ ਸਿੱਧੂ ਨੇ ਮਸ਼ੀਨੀ ਸਫ਼ਾਈ ਦਾ ਠੇਕਾ ਹੋਣ ਤੱਕ ਸਫ਼ਾਈ ਦੇ ਬਦਲਵੇਂ ਪ੍ਰਬੰਧ ਕਰਨ ਦੀਆਂ ਅਧਿਕਾਰੀਆਂ ਨੂੰ ਦਿੱਤੀਆਂ ਹਦਾਇਤਾਂ
ਆਉਂਦੀ ਮੀਟਿੰਗ ਵਿੱਚ ਪਾਸ ਕੀਤਾ ਜਾਵੇਗਾ ਮੈਕੇਨਾਈਜ਼ਡ ਸਵੈਪਿੰਗ ਦਾ ਮਤਾ: ਮੇਅਰ ਜੀਤੀ ਸਿੱਧੂ
ਨਹੀਂ ਆਉਣ ਦਿੱਤੀ ਜਾਏਗੀ ਮੁਹਾਲੀ ਦੇ ਵਿਕਾਸ ਕਾਰਜਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ : ਮੇਅਰ ਜੀਤੀ ਸਿੱਧੂ
ਮੋਹਾਲੀ : ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਇਕ ਮੀਟਿੰਗ ਕਰਕੇ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਚੁਸਤ ਦਰੁਸਤ ਕਰਨ ਲਈ ਫੌਰੀ ਤੌਰ ਤੇ ਕਦਮ ਚੁੱਕਣ ਦਾ ਫ਼ੈਸਲਾ ਕੀਤਾ ਗਿਆ। ਮੀਟਿੰਗ ਵਿਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮਿਸ਼ਨਰ ਕਮਲ ਗਰਗ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।
ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਮੁਹਾਲੀ ਵਿੱਚ ਮਸ਼ੀਨੀ ਸਫ਼ਾਈ ਦਾ ਠੇਕਾ ਖਤਮ ਹੋਣ ਤੋਂ ਬਾਅਦ ਹੁਣ ਤੱਕ ਨਵਾਂ ਠੇਕਾ ਨਹੀਂ ਹੋ ਸਕਿਆ ਇਸ ਕਰਕੇ ਮੈਨੁਅਲ ਸਵੀਪਿੰਗ ਵਿੱਚ ਲੱਗੇ ਕਰਮਚਾਰੀਆਂ ਨੂੰ ਮੁੱਖ ਸੜਕਾਂ ਦੀ ਸਫ਼ਾਈ ਦੇ ਕੰਮ ਉੱਤੇ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀ ਆਉਂਦੀ ਮੀਟਿੰਗ ਵਿਚ ਨਵੇਂ ਮੈਕੇਨਾਈਜ਼ ਸਵੀਪਿੰਗ ਦਾ ਮਤਾ ਪਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਠੇਕਾ ਹੋਣ ਵਿੱਚ ਜੋ ਸਮਾਂ ਲੱਗਣਾ ਹੈ ਉਸ ਦੌਰਾਨ ਮੁਹਾਲੀ ਵਿੱਚ ਸਫ਼ਾਈ ਦੇ ਬਦਲਵੇਂ ਪ੍ਰਬੰਧ ਕੀਤੇ ਜਾਣਗੇ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਪੱਤਝੜ ਦੇ ਇਸ ਮੌਸਮ ਦੌਰਾਨ ਮੋਹਾਲੀ ਦੀਆਂ ਮੁੱਖ ਸੜਕਾਂ ਉੱਤੇ ਪੱਤਿਆਂ ਦੇ ਢੇਰ ਲੱਗ ਗਏ ਸਨ ਅਤੇ ਇਨ੍ਹਾਂ ਦੀ ਸਫ਼ਾਈ ਫੌਰੀ ਤੌਰ ਤੇ ਜ਼ਰੂਰੀ ਸੀ ਇਸ ਕਰਕੇ ਅੰਦਰੂਨੀ ਸੜਕਾਂ ਉੱਤੇ ਲੱਗੇ ਸਫਾਈ ਕਰਮਚਾਰੀਆਂ ਕੋਲੋਂ ਮੁੱਖ ਸੜਕਾਂ ਦੀ ਸਫਾਈ ਦਾ ਕੰਮ ਕਰਵਾਇਆ ਗਿਆ ਅਤੇ ਇਸ ਨਾਲ ਸਫ਼ਾਈ ਵਿਵਸਥਾ ਪ੍ਰਭਾਵਿਤ ਹੋਈ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਫੌਰੀ ਤੌਰ ਤੇ ਬਦਲਵੇਂ ਪ੍ਰਬੰਧ ਕਰਕੇ ਸਫ਼ਾਈ ਵਿਵਸਥਾ ਨੂੰ ਚੁਸਤ ਦਰੁਸਤ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਛੇਤੀ ਹੀ ਮੈਕੇਨਾਈਜ਼ਡ ਸਵੀਪਿੰਗ ਦਾ ਕੰਮ ਵੀ ਮੋਹਾਲੀ ਸ਼ਹਿਰ ਵਿਚ ਆਰੰਭ ਹੋ ਜਾਵੇਗਾ ਅਤੇ ਮੁੱਖ ਸੜਕਾਂ ਉੱਤੇ ਮਸ਼ੀਨੀ ਸਫ਼ਾਈ ਦਾ ਕੰਮ ਸ਼ੁਰੂ ਹੋਣ ‘ਤੇ ਮੈਨੁਅਲ ਤੌਰ ਤੇ ਸਫ਼ਾਈ ਕਰਦੇ ਸਫਾਈ ਕਰਮਚਾਰੀਆਂ ਉੱਤੇ ਦਬਾਅ ਘਟੇਗਾ ਅਤੇ ਸ਼ਹਿਰ ਵਿਚ ਸਫਾਈ ਵਿਵਸਥਾ ਪਹਿਲਾਂ ਵਾਂਗ ਸੁਚਾਰੂ ਢੰਗ ਨਾਲ ਚਾਲੂ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਮੋਹਾਲੀ ਸ਼ਹਿਰ ਸਫਾਈ ਸਰਵੇਖਣ ਵਿਚ 150 ਤੋਂ ਕਿਤੇ ਪਿੱਛੇ ਪਿਛੜ ਚੁੱਕਿਆ ਸੀ ਪਰ ਨਵੀਂ ਨਗਰ ਨਿਗਮ ਚੁਣੇ ਜਾਣ ਤੋਂ ਬਾਅਦ ਚੰਦ ਮਹੀਨਿਆਂ ਵਿਚ ਸਫਾਈ ਵਿਵਸਥਾ ਬਹੁਤ ਬਿਹਤਰ ਕੀਤੀ ਗਈ ਜਿਸ ਨਾਲ ਮੋਹਾਲੀ ਸ਼ਹਿਰ ਸਵੱਛ ਸਰਵੇਖਣ ਵਿੱਚ 100 ਤੋਂ ਵੀ ਹੇਠਾਂ ਦੇ ਸ਼ਹਿਰਾਂ ਵਿੱਚ ਆ ਗਿਆ ਜਦੋਂ ਕਿ ਪੰਜਾਬ ਵਿਚ ਮੁਹਾਲੀ ਨਗਰ ਨਿਗਮ ਦੂਜੇ ਨੰਬਰ ਤੇ ਰਹੀ।
ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਸਮੁੱਚੀ ਟੀਮ ਮੋਹਾਲੀ ਸ਼ਹਿਰ ਦੇ ਚਹੁੰ ਪੱਖੀ ਵਿਕਾਸ ਵਾਸਤੇ ਲਗਾਤਾਰ ਕੰਮ ਕਰ ਰਹੀ ਹੈ ਅਤੇ ਕਿਸੇ ਵੀ ਪੱਖੋਂ ਮੋਹਾਲੀ ਵਿਚ ਵਿਕਾਸ ਕਾਰਜਾਂ ਵਿਚ ਢਿੱਲ ਨਹੀਂ ਆਉਣ ਦਿੱਤੀ ਜਾਵੇਗੀ।
