ਬਲਬੀਰ ਸਿੰਘ ਸਿੱਧੂ ਨੇ ਕੀਤਾ ਮੁਹਾਲੀ ਹਲਕੇ ਦੇ ਵਾਸੀਆਂ ਦਾ ਧੰਨਵਾਦ
ਵੋਟਰ ਦੇ ਰਹੇ ਹਨ ਅਥਾਹ ਪਿਆਰ ਤੇ ਅਸ਼ੀਰਵਾਦ : ਬਲਬੀਰ ਸਿੰਘ ਸਿੱਧੂ
ਮੁਹਾਲੀ ਵਾਸੀਆਂ ਨੇ ਮੁਹਾਲੀ ਵਿੱਚ ਹੋਏ ਵਿਕਾਸ ਨੂੰ ਪਾਈ ਹੈ ਵੋਟ : ਬਲਬੀਰ ਸਿੰਘ ਸਿੱਧੂ
ਧਰਮ ਅਤੇ ਜਾਤ ਪਾਤ ਦੀ ਰਾਜਨੀਤੀ ਕਰਨ ਵਾਲੇ; ਮੇਰੇ ਖ਼ਿਲਾਫ਼ ਕੋਝੀਆਂ ਚਾਲਾਂ ਚੱਲਕੇ ਮੇਰੀ ਛਵੀ ਨੂੰ ਧੂਮਿਲ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਲੋਕਾਂ ਨੇ ਬੁਰੀ ਤਰ੍ਹਾਂ ਨਕਾਰਿਆ : ਬਲਬੀਰ ਸਿੰਘ ਸਿੱਧੂ
ਮੋਹਾਲੀ :
ਮੋਹਾਲੀ ਹਲਕੇ ਦੇ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਮੁਹਾਲੀ ਦੇ ਸਮੂਹ ਵਸਨੀਕਾਂ ਦਾ ਵੋਟਾਂ ਵਾਲੇ ਦਿਨ ਵੱਧ ਚਡ਼੍ਹ ਕੇ ਵੋਟਾਂ ਪਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਬਲਬੀਰ ਸਿੰਘ ਸਿੱਧੂ ਨੇ ਅੱਜ ਪੂਰੇ ਚੋਣ ਹਲਕੇ ਦਾ ਦੌਰਾ ਕੀਤਾ ਅਤੇ ਵੱਖ ਵੱਖ ਬੂਥਾਂ ਉਤੇ ਵੋਟਰਾਂ ਨੂੰ ਮਿਲੇ ਅਤੇ ਆਪਣੇ ਸਮਰਥਕਾਂ ਦਾ ਉਤਸ਼ਾਹ ਵਧਦਾ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਸਾਬਕਾ ਸਿਹਤ ਮੰਤਰੀ ਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੁਹਾਲੀ ਦੇ ਵੋਟਰ ਉਨ੍ਹਾਂ ਨੂੰ ਅਥਾਹ ਪਿਆਰ ਤੇ ਆਸ਼ੀਰਵਾਦ ਦੇ ਰਹੇ ਹਨ ਜਿਸ ਲਈ ਉਹ ਸਮੁੱਚੇ ਮੁਹਾਲੀ ਹਲਕੇ ਦੇ ਵਸਨੀਕਾਂ ਦੇ ਕੋਟ ਕੋਟ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਦੇ ਵਸਨੀਕਾਂ ਨੇ ਮੁਹਾਲੀ ਹਲਕੇ ਵਿੱਚ ਹੋਏ ਵਿਕਾਸ ਨੂੰ ਵੇਖਿਆ ਹੈ ਤੇ ਉਸ ਵਿਕਾਸ ਦੀ ਬਦੌਲਤ ਉਨ੍ਹਾਂ ਨੂੰ ਵੋਟਾਂ ਪਾਈਆਂ ਹਨ।
ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੋਹਾਲੀ ਦੇ ਲੋਕਾਂ ਨੇ ਧਰਮ ਅਤੇ ਜਾਤ ਪਾਤ ਦੀ ਰਾਜਨੀਤੀ ਕਰਨ ਵਾਲੇ ਉਮੀਦਵਾਰਾਂ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਗਈ ਸਾਫ਼ ਸੁਥਰੀ ਰਾਜਨੀਤੀ ਦੇ ਬਦਲੇ ਵਿਰੋਧੀ ਉਮੀਦਵਾਰਾਂ ਨੇ ਉਨ੍ਹਾਂ ਦੇ ਖ਼ਿਲਾਫ਼ ਕੂੜ ਪ੍ਰਚਾਰ ਕਰਨ ਅਤੇ ਉਨ੍ਹਾਂ ਦੀ ਛਵੀ ਨੂੰ ਧੂਮਲ ਕਰਨ ਦੇ ਬਹੁਤ ਯਤਨ ਕੀਤੇ ਪਰ ਮੁਹਾਲੀ ਦੇ ਸੂਝਵਾਨ ਵੋਟਰਾਂ ਨੇ ਇਨ੍ਹਾਂ ਲੋਕਾਂ ਦੀਆਂ ਕੋਝੀਆਂ ਚਾਲਾਂ ਨੂੰ ਪੂਰੀ ਤਰ੍ਹਾਂ ਨਕਾਰ ਕੇ ਰੱਖ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਮੁਹਾਲੀ ਹਲਕੇ ਵਿੱਚ ਘੁੰਮਦਿਆਂ ਜਿਸ ਤਰ੍ਹਾਂ ਦਾ ਪਿਆਰ ਤੇ ਸਮਰਥਨ ਉਨ੍ਹਾਂ ਨੂੰ ਵੋਟਾਂ ਤੋਂ ਮਿਲਿਆ ਹੈ ਉਸ ਦੀ ਬਦੌਲਤ ਉਹ ਇਸ ਵਾਰ ਪਿਛਲੀ ਵਾਰ ਨਾਲੋਂ ਵੀ ਵੱਧ ਵੋਟਾਂ ਲੈ ਕੇ ਜਿੱਤਣਗੇ।
