ਚੜ੍ਹਦਾ ਪੰਜਾਬ

August 17, 2022 7:12 PM

ਲੋਕਾਂ ਦਾ ਪਿਆਰ ਤੇ ਵਿਸ਼ਵਾਸ ਹੀ ਮੇਰੀ ਅਸਲੀ ਤਾਕਤ ਅਤੇ ਸ਼ਕਤੀ  : ਬਲਬੀਰ ਸਿੰਘ ਸਿੱਧੂ  

ਸਾਰਾ ਦਿਨ ਮੋਹਾਲੀ ਦੇ ਲੋਕਾਂ ਵਿੱਚ ਵਿਚਰੇ ਸਾਬਕਾ ਸਿਹਤ ਮੰਤਰੀ ਤੇ ਹਲਕਾ ਵਿਧਾਇਕ ਬਲਬੀਰ ਸਿੰਘ  ਸਿੱਧੂ  

ਕਈ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ; 18 ਲੱਖ ਦੀ ਦਿੱਤੀ ਗਰਾਂਟ  

ਮੁਹਾਲੀ :    ਮੁਹਾਲੀ ਦੇ ਵਿਧਾਇਕ ਅਤੇ ਸਾਬਕਾ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਮੰਤਰੀ ਦਾ ਅਹੁਦਾ ਛੱਡਣ ਤੋਂ ਬਾਅਦ ਵੀ ਵਿਕਾਸ ਦਾ ਦਾਮਨ ਨਹੀਂ ਛੱਡਿਆ। ਅੱਜ ਸਾਰਾ ਦਿਨ ਮੁਹਾਲੀ ਵਿੱਚ ਬਲਬੀਰ ਸਿੰਘ ਸਿੱਧੂ ਨੇ ਵੱਖ ਵੱਖ ਇਲਾਕਿਆਂ ਵਿੱਚ ਮੁਹਾਲੀ ਦੇ ਲੋਕਾਂ ਨਾਲ ਅਤੇ ਲੋਕਾਂ ਦੇ ਵਿਚਕਾਰ ਹੀ ਬਿਤਾਇਆ ਅਤੇ ਜਿੱਥੇ ਕਈ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਉਥੇ ਵੱਖ ਵੱਖ ਇਲਾਕਿਆਂ ਵਿੱਚ ਲਗਪਗ 18 ਲੱਖ ਤੇ ਗਰਾਂਟਾਂ ਦੇ ਚੈੱਕ ਵੀ ਵੰਡੇ। ਇਸ ਮੌਕੇ ਮੰਤਰੀ ਨੇ ਸਪੱਸ਼ਟ ਕਿਹਾ ਕਿ ਲੋਕਾਂ ਦਾ ਪਿਆਰ ਅਤੇ ਵਿਸ਼ਵਾਸ ਹੀ ਉਨ੍ਹਾਂ ਦੀ ਅਸਲੀ ਤਾਕਤ ਅਤੇ ਸ਼ਕਤੀ ਹੈ ਅਤੇ ਉਹ ਇਲਾਕੇ ਦੇ ਵਿਧਾਇਕ ਵਜੋਂ ਸਰਕਾਰ ਨਾਲ ਤਾਲਮੇਲ ਕਰਕੇ ਲਗਾਤਾਰ ਵਿਕਾਸ ਕਾਰਜ ਕਰਵਾਉਂਦੇ ਰਹਿਣਗੇ।

ਮੋਹਾਲੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਵਿਧਾਇਕ ਸਿੱਧੂ ਦੀ ਰਹਿਨੁਮਾਈ ਹੇਠ ਨਗਰ ਨਿਗਮ ਵਲੋਂ ਮੋਹਾਲੀ ਦੀਆਂ ਸੁਸਾਇਟੀਆਂ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਜਿਸ ਦੇ ਤਹਿਤ ਤਿੰਨ ਸੁਸਾਇਟੀਆਂ ਵਿੱਚ ਓਪਨ ਏਅਰ ਜਿਮ ਵੀ ਲਗਾਏ ਗਏ ਹਨ ਜਿਨ੍ਹਾਂ ਦਾ ਉਦਘਾਟਨ ਸਾਬਕਾ ਸਿਹਤ ਮੰਤਰੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਹ ਤਿੰਨ ਓਪਨ ਏਅਰ ਜਿਮ ਫੇਜ਼ 2 ਦੀ ਜੋਗਿੰਦਰ ਵਿਹਾਰ ਸੁਸਾਇਟੀ, ਫੇਜ਼ 10 ਦੀ  ਹਾਊਸਫੈੱਡ  ਸੁਸਾਇਟੀ ਅਤੇ ਸੈਕਟਰ 67 ਦੀ ਸੁਸਾਇਟੀ ਵਿੱਚ ਲਗਾਏ ਗਏ  ਹਨ। ਇਸ ਤੋਂ ਇਲਾਵਾ ਸੜਕਾਂ ਤੇ ਪ੍ਰੀਮਿਕਸ ਅਤੇ ਪੇਵਰ ਬਲਾਕਾਂ ਦੇ ਕੰਮ ਦਾ ਉਦਘਾਟਨ ਵੀ ਸਿਹਤ ਮੰਤਰੀ ਨੇ ਵੱਖ ਵੱਖ ਇਲਾਕਿਆਂ ਵਿਚ ਕੀਤਾ।

ਸਿਹਤ ਮੰਤਰੀ ਨੇ ਇਸ ਮੌਕੇ ਭਾਵੁਕ ਲਹਿਜੇ ਵਿੱਚ ਕਿਹਾ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਮੁਹਾਲੀ ਨੂੰ ਮੈਡੀਕਲ ਹੱਬ ਬਣਾਉਣ ਲਈ ਦਿਨ ਰਾਤ ਉਪਰਾਲੇ ਕੀਤੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੀ ਪੰਜਾਬ ਦੇ ਲੋਕਾਂ ਨੂੰ ਪੰਜ ਲੱਖ ਰੁਪਏ ਦੇ ਸਿਹਤ ਬੀਮੇ ਅਧੀਨ ਵਿੱਤੀ ਮੱਦਦ ਦੇਣ ਦਾ ਉਪਰਾਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਿਰਤ ਮੰਤਰੀ ਵਜੋਂ ਉਨ੍ਹਾਂ ਨੇ ਕਿਰਤੀਆਂ ਦੇ ਅਥਾਹ ਕੰਮ ਕੀਤੇ ਅਤੇ ਖਾਸ ਤੌਰ ਤੇ ਮੋਹਾਲੀ ਵਿਚ ਫੇਜ਼ 8 ਅਤੇ ਫੇਜ਼ 6 ਵਿੱਚ ਕਿਰਤੀਆਂ ਦੇ ਲੀਜ ਤੇ ਚਲ ਰਹੇ ਮਕਾਨ ਸਿੱਧੇ ਉਨ੍ਹਾਂ ਦੇ ਨਾਂ ਤੇ ਅਲਾਟ ਕਰਵਾ ਕੇ ਉਨ੍ਹਾਂ ਦੇ ਸਿਰ ਤੇ ਲਟਕੀ ਤਲਵਾਰ ਹਮੇਸ਼ਾਂ ਲਈ ਹਟਵਾ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਮੁਹਾਲੀ ਦੇ ਖੇਤਰ ਵਿਚ ਲਾਂਡਰਾਂ ਦੇ ਚੌਕ ਤੇ ਜਿੱਥੇ ਹਮੇਸ਼ਾਂ ਜਾਮ ਲੱਗਦੇ ਸਨ ਉਹ ਮਸਲਾ ਵੀ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਹਮੇਸ਼ਾ ਲਈ ਹੱਲ ਕਰਵਾਇਆ ਹੈ  ਤੇ ਹੁਣ ਇੱਥੇ ਟਰੈਫਿਕ ਦਾ ਫਲੋਅ ਬੜੇ ਆਰਾਮ ਨਾਲ ਚਲਦਾ ਹੈ। ਉਨ੍ਹਾਂ ਕਿਹਾ ਕਿ ਕਰੋਨਾ ਦੀ ਮਹਾਂਮਾਰੀ ਦੇ ਦੌਰਾਨ ਲਗਾਤਾਰ ਦਿਨ ਰਾਤ ਇੱਕ ਕਰਕੇ ਸਿਹਤ ਵਿਭਾਗ ਦੀ ਟੀਮ ਇਹ ਸਰਕਾਰ  ਨਾਲ ਤਾਲਮੇਲ ਕਰਕੇ  ਇਸ ਬਿਮਾਰੀ ਤੇ ਕਾਬੂ ਪਾਉਣ ਵਿਚ ਸਫਲਤਾ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਉਨ੍ਹਾਂ ਦਾ ਪੂਰਾ ਪਰਿਵਾਰ ਕੋਰੋਨਾ ਦੀ ਗ੍ਰਿਫ਼ਤ ਵਿੱਚ ਵੀ ਆ ਗਿਆ ਪਰ ਉਹ ਲਗਾਤਾਰ ਪੰਜਾਬ ਵਿੱਚ ਇਸ ਬਿਮਾਰੀ ਦੀ ਰੋਕਥਾਮ ਲਈ  ਉਪਰਾਲੇ ਕਰਦੇ ਰਹੇ।

ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ  ਨੇ ਕਿਹਾ ਕਿ ਭਾਵੇਂ ਉਹ ਅੱਜ ਮੰਤਰੀ ਨਹੀਂ ਹਨ ਪਰ ਮੁਹਾਲੀ ਦੇ ਲੋਕ ਉਨ੍ਹਾਂ ਦੀ ਤਾਕਤ ਹਨ ਕਿਉਂਕਿ ਇਲਾਕੇ ਦੇ ਲੋਕਾਂ ਨੇ ਹੀ ਲਗਾਤਾਰ ਤਿੰਨ ਵਾਰ ਉਨ੍ਹਾਂ ਨੂੰ ਵਿਧਾਇਕ ਬਣਾ ਕੇ ਮਾਣ ਬਖਸ਼ਿਆ ਹੈ।

ਉਨ੍ਹਾਂ ਕਿਹਾ ਕਿ ਮੋਹਾਲੀ ਦੀ ਨਗਰ ਨਿਗਮ ਦਿਨ ਰਾਤ ਇੱਕ ਕਰਕੇ  ਮੁਹਾਲੀ ਦੇ ਵਿੱਚ ਲਗਾਤਾਰ ਵਿਕਾਸ ਕਾਰਜ ਕਰਵਾਉਂਦੀ ਰਹੇਗੀ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਹਾਲਤ ਵਿਚ ਮੁਹਾਲੀ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕਮੀ ਨਹੀਂ ਆਉਣ ਦੇਣਗੇ।

ਇਸ ਮੌਕੇ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਵੱਖ ਵੱਖ ਇਲਾਕਿਆਂ ਦੇ ਕੌਂਸਲਰ, ਕਾਂਗਰਸੀ ਆਗੂ ਅਤੇ ਇਲਾਕਾ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਰਹੇ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014819