ਰਵਨੀਤ ਬਰਾੜ ਨੇ ਕੀਤਾ ਵੋਟਰਾਂ ਦਾ ਧੰਨਵਾਦ: ਕਿਹਾ ਹਮੇਸ਼ਾ ਹਲਕਾ ਵਾਸੀਆਂ ਦੇ ਹਰ ਦੁੱਖ ਸੁੱਖ ਵਿੱਚ ਹੋਵਾਂਗਾ ਸ਼ਰੀਕ।
ਮੋਹਾਲੀ :
ਪਿਛਲੇ ਲੰਬੇ ਸਮੇਂ ਤੋਂ ਚੋਣ ਪ੍ਰਚਾਰ ਵਿੱਚ ਰੁੱਝੇ ਉਮੀਦਵਾਰਾਂ ਲਈ ਵੋਟਾਂ ਦਾ ਦਿਨ ਲੰਘਦੇ ਸਾਰ ਹੀ ਇਕ ਪਾਸੇ ਜਿੱਥੇ ਉਮੀਦਵਾਰਾਂ ਦੀ ਕਿਸਮਤ ਈਵੀਐਮ ਮਸ਼ੀਨਾਂ ਵਿੱਚ ਕੈਦ ਹੋ ਗਈ ਉਥੇ ਨਾਲ ਹੀ ਸਮੂਹ ਉਮੀਦਵਾਰ ਦੇ ਦਿਲਾਂ ਦੀਆਂ ਧੜਕਣਾਂ ਵੀ 10 ਮਾਰਚ ਤੱਕ ਤੇਜ ਹੋ ਗਈਆਂ ਹਨ।
ਆਪਣੀ ਜਿੱਤ ਲਈ ਭਰੋਸਮੰਦ ਸੰਯੁਕਤ ਸਮਾਜ ਮੋਰਚਾ ਦੇ ਮੋਹਾਲੀ ਹਲਕੇ ਤੋਂ ਉਮੀਦਵਾਰ ਰਵਨੀਤ ਬਰਾਡ਼ ਨੇ ਹਲਕੇ ਦੇ ਸਮੂਹ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਚੋਣ ਪ੍ਰਚਾਰ ਦੌਰਾਨ ਹਲਕੇ ਦੇ ਲੋਕਾਂ ਦਾ ਅਥਾਹ ਸਮਰਥਨ ਅਤੇ ਪਿਆਰ ਮਿਲਿਆ ਜਿਸ ਲਈ ਉਹ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦੀ ਹਨ।
ਬਰਾੜ ਨੇ ਸੰਯੁਕਤ ਸਮਾਜ ਮੋਰਚੇ ਦੇ ਸਮੂਹ ਅਹੁਦੇਦਾਰਾਂ ਅਤੇ ਆਪਣੇ ਸਮਰਥਕਾਂ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਾਥ ਤੋਂ ਬਿਨਾਂ ਇਹ ਚੋਣ ਮੁਹਿੰਮ ਸਫ਼ਲ ਨਹੀਂ ਹੋ ਸਕਦੀ ਸੀ।
ਬਰਾੜ ਨੇ ਹਲਕੇ ਦੇ ਵੋਟਰਾਂ ਨਾਲ ਵਾਅਦਾ ਕੀਤਾ ਕਿ ਉਹ ਹਮੇਸ਼ਾ ਹਲਕਾ ਵਾਸੀਆਂ ਦੇ ਹਰ ਇੱਕ ਦੁੱਖ ਸੁੱਖ ਵਿੱਚ ਉਨ੍ਹਾਂ ਨਾਲ ਖੜ੍ਹੇ ਹੋਣਗੇ। ਉਨ੍ਹਾਂ ਕਿਹਾ ਕਿ ਮੇਰੇ ਹਲਕੇ ਦੇ ਲੋਕ ਮੇਰੇ ਪਰਿਵਾਰ ਦਾ ਹਿੱਸਾ ਹਨ ਅਤੇ ਉਨ੍ਹਾਂ ਦੇ ਹਰ ਦੁੱਖ ਸੁੱਖ ‘ਚ ਨਾਲ ਖੜ੍ਹੇ ਹੋਣਾ ਮੇਰਾ ਮੁੱਢਲਾ ਫ਼ਰਜ਼ ਹੈ। ਇਸ ਦੇ ਨਾਲ ਹੀ ਬਰਾੜ ਨੇ ਜਿਲ੍ਹਾ ਪ੍ਰਸ਼ਾਸਨ ਅਤੇ ਚੋਣ ਕਮਿਸ਼ਨ ਦੇ ਅਮਲੇ ਦਾ ਵੀ ਅਮਨ ਅਮਾਨ ਨਾਲ ਵੋਟਾਂ ਕਰਵਾਉਣ ਲਈ ਧੰਨਵਾਦ ਕੀਤਾ।
