ਚੜ੍ਹਦਾ ਪੰਜਾਬ

August 11, 2022 2:49 AM

ਮੋਹਾਲੀ ਪ੍ਰਸ਼ਾਸਨ ਹੜ੍ਹਾਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ, 11 ਰਾਹਤ ਕੇਂਦਰ ਸਥਾਪਤ

ਡੇਰਾ ਬੱਸੀ ਵਿਚ ਵੱਖ-ਵੱਖ ਥਾਵਾਂ ‘ਤੇ ਛੇ , ਖਰੜ ਤਿੰਨ, ਮੁਹਾਲੀ ਵਿੱਚ ਦੋ ਫਲੱਡ ਕੰਟਰੋਲ ਰੂਮ ਹੈਲਪਲਾਈਨਜ਼ ਕਾਰਜਸ਼ੀਲ
ਚੜ੍ਹਦਾ ਪੰਜਾਬ ਬਿਊਰੋ / ਐਸ.ਏ.ਐਸ ਨਗਰ :     ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੇ ਨਿਰਦੇਸ਼ਾਂ ‘ਤੇ, ਜ਼ਿਲ੍ਹਾ ਪ੍ਰਸ਼ਾਸਨ ਤਿੰਨਾਂ ਸਬ ਡਿਵੀਜ਼ਨਾਂ ਲਈ ਬਾਰੀਕੀ ਨਾਲ ਤਿਆਰ ਕੀਤੀਆਂ ਹੜ੍ਹ ਕੰਟਰੋਲ ਯੋਜਨਾਵਾਂ ਨਾਲ ਹੜ੍ਹਾਂ ਨਾਲ ਸਬੰਧਤ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਡੇਰਾਬਸੀ ਸਬ ਡਵੀਜ਼ਨ ਵਿਚ ਕੀਤੇ ਪ੍ਰਬੰਧਾਂ ਬਾਰੇ ਚਾਨਣਾ ਪਾਉਂਦਿਆਂ ਐਸ.ਡੀ.ਐਮ. ਕੁਲਦੀਪ ਬਾਵਾ ਨੇ ਦੱਸਿਆ ਕਿ ਸਬ ਡਵੀਜ਼ਨ ਵਿਚ 2100 ਤੋਂ ਵੱਧ ਵਿਅਕਤੀਆਂ ਦੀ ਸੰਭਾਲ ਲਈ 6 ਰਾਹਤ ਕੇਂਦਰ ਸਥਾਪਤ ਕੀਤੇ ਗਏ ਹਨ। ਇਹ ਕੇਂਦਰ ਸਰਕਾਰੀ ਹਾਈ ਸਕੂਲ ਲਾਲੜੂ, ਜਸ਼ਨ ਪੈਲੇਸ ਲਾਲੜੂ, ਸਰਕਾਰੀ ਪ੍ਰਾਇਮਰੀ ਸਕੂਲ ਸਨੌਲੀ, ਸਰਕਾਰੀ ਪ੍ਰਾਇਮਰੀ ਸਕੂਲ ਇਬਰਾਹਿਮਪੁਰ (ਜ਼ੀਰਕਪੁਰ ਖੇਤਰ), ਖੇਡ ਸਟੇਡੀਅਮ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੇਰਾਬਸੀ ਵਿਖੇ ਸਥਾਪਤ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਂਦਰਾਂ ਵਿਚ ਖਾਣ ਪੀਣ, ਬਿਜਲੀ, ਦਵਾਈ ਅਤੇ ਪਾਣੀ ਦੀ ਸਪਲਾਈ ਵਰਗੀਆਂ ਜ਼ਰੂਰੀ ਵਸਤਾਂ ਸ਼ਾਮਲ ਹਨ। ਉਹਨਾਂ ਅੱਗੇ ਕਿਹਾ ਕਿ ਕਿਸ਼ਤੀਆਂ, ਜੇ.ਸੀ.ਬੀ. ਮਸ਼ੀਨਾਂ ਅਤੇ ਪੰਪ ਸੈਟਾਂ ਵਰਗੇ ਲੋੜੀਂਦੇ ਉਪਕਰਣਾਂ ਦੀ ਉਪਲੱਬਧਤਾ ਨੂੰ ਯਕੀਨੀ ਬਣਾ ਲਿਆ ਗਿਆ ਹੈ ਅਤੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਉਨ੍ਹਾਂ ਨੂੰ ਸਮੇਂ ਦੇ ਨਾਲ-ਨਾਲ ਖੇਤਰ ਦੇ ਸਾਰੇ ਨਾਲਿਆਂ ਦੀ ਸਫ਼ਾਈ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।
ਖਰੜ ਸਬ ਡਵੀਜ਼ਨ ਵਿਚ ਇਸ ਚੁਣੌਤੀ ਸਬੰਧੀ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਆਕਾਸ਼ ਬਾਂਸਲ ਨੇ ਦੱਸਿਆ ਕਿ ਮੌਸਮੀ ਨਦੀ/ਨਾਲਿਆਂ ਜਿਵੇਂ ‘ਪਟਿਆਲੇ ਕੀ ਰਾਓ’ ਅਤੇ ‘ਜੈਯੰਤੀ ਦੇਵੀ ਕੀ ਰਾਓ’ ਵਿੱਚ ਪਾਣੀ ਦਾ ਪੱਧਰ ਕੰਟਰੋਲ ਹੇਠ ਹੈ ਅਤੇ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ।
ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਖਰੜ ਵਿੱਚ ਤਿੰਨ ਹੜ੍ਹ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ ਅਤੇ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਹਨਾਂ ਅੱਗੇ ਦੱਸਿਆ ਕਿ ਕਿਸ਼ਤੀਆਂ, ਲਾਈਫ ਜੈਕਟਾਂ, ਮਸ਼ਾਲਾਂ, ਟੈਂਟਾਂ, ਬਾਂਸਾਂ, ਤਰਪਾਲਾਂ, ਰੇਨ ਕੋਟਸ, ਸਰਚ ਲਾਈਟਾਂ, ਪੰਪ ਸੈੱਟਾਂ ਅਤੇ ਹੋਰ ਸਬੰਧਤ ਵਸਤਾਂ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ। ਸਿਹਤ ਅਧਿਕਾਰੀਆਂ ਨੂੰ ਐਂਬੂਲੈਂਸਾਂ ਨਾਲ ਤਿਆਰ ਰਹਿਣ ਲਈ ਨਿਰਦੇਸ਼ ਦਿੰਦੇ ਹੋਏ ਐਸਡੀਐਮ ਨੇ ਦੱਸਿਆ ਕਿ ਸਬੰਧਤ ਅਧਿਕਾਰੀਆਂ ਨੂੰ ਦਵਾਈਆਂ, ਭੋਜਨ, ਚਾਰਾ ਅਤੇ ਪਾਣੀ ਦੀ ਸਪਲਾਈ ਕਰਨ ਸਬੰਧੀ ਸਪੱਸ਼ਟ ਹਦਾਇਤਾਂ ਦਿੱਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਪੁਲਿਸ ਅਧਿਕਾਰੀਆਂ ਅਤੇ ਪਿੰਡਾਂ ਦੇ ਸਰਪੰਚਾਂ ਨੂੰ ਮੌਸਮੀ ਨਦੀ/ਨਾਲਿਆਂ ਦੇ ਕਮਜ਼ੋਰ ਹਿੱਸਿਆ ‘ਤੇ ਚੌਕਸੀ ਬਣਾਈ ਰੱਖਣ ਅਤੇ ਕੋਈ ਖਤਰਾ ਹੋਣ ਉਤੇ ਤੁਰੰਤ ਸੂਚਿਤ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਉਸ ਅਨੁਸਾਰ ਪ੍ਰਬੰਧ ਕੀਤੇ ਜਾ ਸਕਣ।
ਮੁਹਾਲੀ ਸਬ ਡਵੀਜ਼ਨ ਵਿੱਚ ਤਿਆਰੀਆਂ ਬਾਰੇ ਜਾਣਕਾਰੀ ਦਿੰਦਿਆਂ ਸਬ ਡਵੀਜ਼ਨਲ ਮੈਜਿਸਟਰੇਟ (ਐਸ.ਡੀ.ਐਮ.) ਮੁਹਾਲੀ ਹਰਬੰਸ ਸਿੰਘ ਨੇ ਦੱਸਿਆ ਕਿ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਜ਼ਿਲ੍ਹਾ ਪੱਧਰ ’ਤੇ ਦੋ ਫਲੱਡ ਕੰਟਰੋਲ ਰੂਮ ਹੈਲਪਲਾਈਨਜ਼ 0172-2219505 ਅਤੇ 2219506 ਕਾਰਜਸ਼ੀਲ ਹਨ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014792