ਮੇਅਰ ਜੀਤੀ ਸਿੱਧੂ ਨੇ ਵੱਖ ਵੱਖ ਚੋਣ ਮੀਟਿੰਗਾਂ ਵਿਚ ਬਲਬੀਰ ਸਿੱਧੂ ਦੇ ਹੱਕ ਵਿਚ ਮੰਗੀਆਂ ਵੋਟਾਂ
ਕਿਹਾ, ਲੋਕਾਂ ਨੂੰ ਮਿਲਣਾ ਵੀ ਮੁਨਾਸਿਬ ਨਾ ਸਮਝਣ ਵਾਲਾ ਕੁਲਵੰਤ ਸਿੰਘ ਲੋਕਾਂ ਦੀਆਂ ਸਮਸਿਆਵਾਂ ਦਾ ਕਿ ਹਲ ਕਰੇਗਾ
ਜਾਤ ਨੂੰ ਲੈ ਕੇ ਸਮਾਜਿਕ ਵੰਡੀਆਂ ਪਾਉਣ ਵਾਲੇ ਉਮੀਦਵਾਰ ਨੂੰ ਮੂੰਹ ਨਹੀਂ ਲਾਉਣਗੇ ਲੋਕ : ਜੀਤੀ ਸਿੱਧੂ
ਮੋਹਾਲੀ : ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਮੋਹਾਲੀ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਦੇ ਹੱਕ ਵਿਚ ਮੋਹਾਲੀ ਸ਼ਹਿਰ ਦੇ ਵੱਖ ਵੱਖ ਖੇਤਰਾਂ ਅਤੇ ਕਲੋਨੀਆਂ ਵਿਚ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ।
ਇਸ ਮੌਕੇ ਬੋਲਦਿਆਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਹਾਜਿਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਕ ਪਾਸੇ ਮੋਹਾਲੀ ਵਿਚ ਲਗਾਤਾਰਤਾ ਵਿਚ ਕਰੋੜਾਂ ਰੁਪਏ ਦੇ ਵਿਕਾਸ ਕਰਵਾਉਣ ਵਾਲੇ ਕਾਂਗਰਸ ਪਾਰਟੀ ਦੇ ਬਲਬੀਰ ਸਿੰਘ ਸਿੱਧੂ ਹਨ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਉਹ ”ਖਾਸ” ਵਿਅਕਤੀ ਕੁਲਵੰਤ ਸਿੰਘ ਹਨ ਜਿਨ੍ਹਾਂ ਨੇ ਕਦੇ ਮੋਹਾਲੀ ਦੇ ਲੋਕਾਂ ਨੂੰ ਮੂੰਹ ਲਾਉਣਾ ਤਕ ਮੁਨਾਸਿਬ ਨਹੀਂ ਸਮਝਿਆ, ਲੋਕਾਂ ਦੀਆਂ ਦੁੱਖ ਤਕਲੀਫ਼ਾਂ ਦਾ ਹੱਲ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ। ਉਹਨਾਂ ਕਿਹਾ ਕਿ ਕੁਲਵੰਤ ਸਿੰਘ ਨੇ ਹਰ ਉਸ ਵਿਅਕਤੀ ਤੇ ਪਾਰਟੀ ਨਾਲ ਧੋਖਾ ਕੀਤਾ ਹੈ ਜਿਸਨੇ ਉਹਨਾਂ ਨੂੰ ਰਾਜ ਭਾਗ ਦੇ ਕਾਬਿਲ ਬਣਾਇਆ। ਉਹਨਾਂ ਲੋਕਾਂ ਨੂੰ ਅਜਿਹੇ ਧੋਖੇਬਾਜ਼ਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ।
ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਫੇਜ 3ਬੀ 2, ਫੇਜ 7, ਮੰਡੀ ਬੋਰਡ ਕੰਪਲੈਕਸ, ਜਗਤਪੁਰ ਕਾਲੋਨੀ ਵਿਚ ਵੱਖ ਵੱਖ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਹਾਲੀ ਦੇ ਵਿਕਾਸ ਨੂੰ ਲਗਾਤਾਰ ਕਾਇਮ ਰੱਖਣ ਲਈ ਬਲਬੀਰ ਸਿੰਘ ਸਿੱਧੂ ਨੂੰ ਵਿਧਾਨਸਭਾ ਵਿਚ ਲਿਆਉਣਾ ਇਸ ਕਰਕੇ ਵੀ ਜਰੂਰੀ ਹੈ ਕਿਉਂਕਿ ਬਾਕੀ ਦੇ ਉਮੀਦਵਾਰ ਸਿਰਫ ਤੇ ਸਿਰਫ ਆਪਣੇ ਸਵਾਰਥਾਂ ਤੇ ਨਿਜੀ ਹਿਤਾਂ ਦੀ ਪੂਰਤੀ ਲਈ ਚੋਣ ਲੜਨ ਆਏ ਹਨ ਤੇ ਲੋਕਾਂ ਦੀਆਂ ਸਮਸਿਆਵਾਂ ਜਾਂ ਵਿਕਾਸ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ।
ਉਹਨਾਂ ਕਿਸੇ ਦਾ ਨਾ ਲਏ ਬਗੈਰ ਕਿਹਾ ਕਿ ਇਕ ਉਮੀਦਵਾਰ ਤਾਂ ਆਪਣੀ ਜਾਤ ਨੂੰ ਲੈ ਕੇ ਲੋਕਾਂ ਵਿਚ ਸਮਾਜਿਕ ਵੰਡੀਆਂ ਪਾਉਣ ਦਾ ਯਤਨ ਕਰ ਰਿਹਾ ਹੈ ਪਰ ਮੋਹਾਲੀ ਦੇ ਲੋਕ ਬਹੁਤ ਸਿਆਣੇ ਤੇ ਪੜ੍ਹੇ ਲਿਕਹਿ ਹਨ ਤੇ ਅਜਿਹੇ ਵਿਅਕਤੀ ਦੀਆਂ ਗੱਲਾਂ ਵਿਚ ਆਉਣ ਵਾਲੇ ਨਹੀਂ।
ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ 20 ਫਰਵਰੀ ਨੂੰ ਬਲਬੀਰ ਸਿੰਘ ਸਿੱਧੂ ਦੇ ਹੱਕ ਵਿਚ ਵੋਟਾਂ ਪਾ ਕੇ ਉਹਨਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਤਾਂ ਜੋ ਮੋਹਾਲੀ ਦੇ ਵਿਕਾਸ ਨੂੰ ਹੋਰ ਗਤੀ ਦਿੱਤੀ ਜਾ ਸਕੇ।
