ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਸੈਕਟਰ 79 ਅਤੇ 80 ਵਿੱਚ ਬਣਦੀਆਂ ਸੜਕਾਂ ਦੇ ਕੰਮ ਦਾ ਜਾਇਜ਼ਾ ਲਿਆ
ਮੌਕੇ ਤੇ ਪੁੱਜ ਕੇ ਕੀਤੀ ਚੱਲਦੇ ਕੰਮ ਦੀ ਕੁਆਲਟੀ ਦੀ ਜਾਂਚ
7 ਕਰੋੜ ਰੁਪਏ ਸੜਕਾਂ ਦੀ ਉਸਾਰੀ ਉੱਤੇ ਕੀਤੇ ਜਾ ਰਹੇ ਹਨ ਖਰਚ
ਮੋਹਾਲੀ :
ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਸੈਕਟਰ 79 ਅਤੇ 80 ਵਿੱਚ ਸੜਕਾਂ ਦੇ ਚੱਲ ਰਹੇ ਕੰਮ ਦਾ ਮੌਕੇ ਤੇ ਪਹੁੰਚ ਕੇ ਜਾਇਜ਼ਾ ਲਿਆ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕੌਂਸਲਰ ਕਮਲਪ੍ਰੀਤ ਸਿੰਘ ਬਨੀ, ਨਵਜੋਤ ਸਿੰਘ ਬਾਛਲ, ਵਿਕਟਰ ਨਿਹੋਲਕਾ ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਨਾਲ ਸਨ;
ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਮੁਹਾਲੀ ਦੇ ਇਨ੍ਹਾਂ ਨਵੇਂ ਸੈਕਟਰਾਂ ਵਿੱਚ ਸੜਕਾਂ ਦੀ ਹਾਲਤ ਮਾੜੀ ਸੀ ਅਤੇ ਨਵੀਂ ਨਗਰ ਨਿਗਮ ਚੁਣੇ ਜਾਣ ਤੋਂ ਬਾਅਦ ਖਾਸ ਤੌਰ ਤੇ ਇਨ੍ਹਾਂ ਸੈਕਟਰਾਂ ਵਿੱਚ ਸੜਕਾਂ ਦੀ ਉਸਾਰੀ ਲਈ ਕਰੋੜਾਂ ਰੁਪਏ ਦੇ ਮਤੇ ਪਾਸ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਸੈਕਟਰਾਂ (ਸੈਕਟਰ 79 ਅਤੇ 80) ਵਿੱਚ ਲਗਭਗ 7 ਕਰੋੜ ਰੁਪਏ ਖਰਚ ਕਰਕੇ ਸੜਕਾਂ ਦੀ ਨੁਹਾਰ ਬਦਲੀ ਜਾ ਰਹੀ ਹੈ।
ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਖ਼ੁਦ ਮੌਕੇ ਤੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਦੇ ਨਾਲ ਨਾਲ ਚੱਲਦੇ ਕੰਮ ਦੀ ਕੁਆਲਟੀ ਦੀ ਵੀ ਜਾਂਚ ਕੀਤੀ। ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਮੋਹਾਲੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਉਹ ਇਨ੍ਹਾਂ ਸੜਕਾਂ ਦੀ ਉਸਾਰੀ ਵੀ ਸਮੇਂ ਸਮੇਂ ਸਿਰ ਜਾਂਚ ਕਰਨ ਅਤੇ ਸੜਕਾਂ ਦੀ ਉਸਾਰੀ ਦੇ ਕੰਮ ਨੂੰ ਮੌਨਸੂਨ ਤੋਂ ਪਹਿਲਾਂ ਪਹਿਲਾਂ ਖ਼ਤਮ ਕਰਵਾਇਆ ਜਾਵੇ ਅਤੇ ਕੁਆਲਿਟੀ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਾ ਕੀਤਾ ਜਾਵੇ।
ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਇਲਾਕਾ ਵਾਸੀਆਂ ਨੂੰ ਵੀ ਮਿਲੇ ਅਤੇ ਉਨ੍ਹਾਂ ਨਾਲ ਇਨ੍ਹਾਂ ਇਲਾਕਿਆਂ ਦੇ ਹੋਰ ਵਿਕਾਸ ਕਾਰਜਾਂ ਸਬੰਧੀ ਵਿਚਾਰ ਵਟਾਂਦਰਾ ਵੀ ਕੀਤਾ। ਇਲਾਕਾ ਵਾਸੀਆਂ ਨੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦਾ ਅਤੇ ਸੜਕਾਂ ਦਾ ਕੰਮ ਕਰਵਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
