ਚੜ੍ਹਦਾ ਪੰਜਾਬ

August 14, 2022 12:19 PM

ਮੁਹਾਲੀ ਵਿੱਚ ਲੱਗਾ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ….ਵੱਡੀ ਗਿਣਤੀ ਕੌਂਸਲਰਾਂ ਨੇ ਸੋਮਲ ਅਤੇ ਬੇਦੀ ਨੂੰ ਦਿੱਤਾ ਪੂਰਨ ਸਮਰਥਨ

ਮਾਮਲਾ ਅਮਰੀਕ ਸਿੰਘ ਸੋਮਲ ਅਤੇ ਕੁਲਜੀਤ ਸਿੰਘ ਬੇਦੀ ਨੂੰ ਕਾਂਗਰਸ ਪਾਰਟੀ ਤੋਂ ਬਰਖਾਸਤ ਕਰਨ ਦਾ …..

ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਨੇ ਕੀਤੀ ਕੌਂਸਲਰਾਂ ਨਾਲ ਹੰਗਾਮੀ ਮੀਟਿੰਗ  

ਮੁਹਾਲੀ ਵਿੱਚ ਲੱਗਾ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ….ਵੱਡੀ ਗਿਣਤੀ ਕੌਂਸਲਰਾਂ ਨੇ ਸੋਮਲ ਅਤੇ ਬੇਦੀ ਨੂੰ ਦਿੱਤਾ ਆਪਣਾ ਪੂਰਨ ਸਮਰਥਨ

ਮੁਹਾਲੀ :

ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ  ਅਤੇ ਡਿਪਟੀ ਮੇਅਰ  ਕੁਲਜੀਤ ਸਿੰਘ ਬੇਦੀ ਨੂੰ ਕਾਂਗਰਸ ਪਾਰਟੀ ਵੱਲੋਂ ਛੇ ਸਾਲਾਂ ਲਈ ਪਾਰਟੀ ‘ਚੋਂ ਕੱਢਣ ਦੇ ਫ਼ੈਸਲੇ ਖ਼ਿਲਾਫ਼ ਅੱਜ ਮੁਹਾਲੀ ਨਗਰ ਨਿਗਮ ਦੇ ਕੌਂਸਲਰਾਂ ਅਤੇ ਕਾਂਗਰਸੀ ਆਗੂਆਂ  ਦੀ ਇਕ ਹੰਗਾਮੀ ਮੀਟਿੰਗ ਸੱਦੀ ਗਈ। ਮੀਟਿੰਗ ਵਿੱਚ ਵੱਡੀ ਗਿਣਤੀ ਕੌਂਸਲਰਾਂ ਤੇ ਕਾਂਗਰਸੀ ਆਗੂਆਂ  ਨੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ   ਨੂੰ ਆਪਣਾ  ਪੂਰਨ ਸਮਰਥਨ ਦੇਣ ਦਾ ਐਲਾਨ  ਕੀਤਾ।

ਮੀਟਿੰਗ ਵਿੱਚ ਅਮਰੀਕ ਸਿੰਘ ਸੋਮਲ ਅਤੇ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਇਹ ਬਹੁਤ ਮੰਦਭਾਗਾ ਫੈਸਲਾ ਹੈ ਜਿਸ ਨਾਲ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਹੈ। ਅਮਰੀਕ ਸਿੰਘ ਸੋਮਲ ਨੇ ਕਿਹਾ ਕਿ ਉਹ ਰਿਟਾਇਰਮੈਂਟ ਤੋਂ ਬਾਅਦ ਤੋਂ ਕਾਂਗਰਸ ਪਾਰਟੀ ਨਾਲ ਲਗਾਤਾਰ ਜੁੜੇ ਰਹੇ ਹਨ ਅਤੇ ਇਕ ਵਫ਼ਾਦਾਰ ਸਿਪਾਹੀ ਵਜੋਂ ਪਾਰਟੀ ਦੇ ਹੱਕ ਵਿਚ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਸ਼ਹਿਰ ਦੇ ਲੋਕਾਂ ਨੇ ਉਨ੍ਹਾਂ ਨੂੰ ਚੁਣਿਆ ਅਤੇ ਸੀਨੀਅਰ  ਡਿਪਟੀ ਮੇਅਰ ਬਣਾਇਆ ਅਤੇ ਉਹ ਕਿਸੇ ਵੀ ਤਰ੍ਹਾਂ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਸ਼ਹਿਰ ਦੇ ਲੋਕਾਂ ਦੀ ਸੇਵਾ ਵਿੱਚ ਲੱਗੇ ਰਹੇ ਹਨ। ਉਨ੍ਹਾਂ ਕਿਹਾ ਕਿ ਨਾ ਤਾਂ ਉਨ੍ਹਾਂ ਨੇ ਕਦੇ ਪਾਰਟੀ ਵਿਰੁੱਧ ਕੋਈ ਕਾਰਵਾਈ ਕੀਤੀ ਹੈ ਅਤੇ ਨਾ ਹੀ ਉਨ੍ਹਾਂ ਨੇ ਕਦੇ ਪਾਰਟੀ ਛੱਡਣ ਦੀ ਗੱਲ ਕੀਤੀ।

ਇਸੇ ਤਰ੍ਹਾਂ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਉਹ 1992 ਤੋਂ ਯੂਥ ਕਾਂਗਰਸ ਨਾਲ ਜੁੜਨ ਤੋਂ ਬਾਅਦ ਲਗਾਤਾਰ ਕਾਂਗਰਸ ਪਾਰਟੀ ਦੇ ਵਫਾਦਾਰ ਵਰਕਰ ਵਜੋਂ ਕੰਮ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਬਿਨਾਂ ਕੋਈ ਨੋਟਿਸ ਦਿੱਤੇ ਪਾਰਟੀ ਵੱਲੋਂ ਉਨ੍ਹਾਂ ਨੂੰ ਬਰਖਾਸਤ ਕੀਤੇ ਜਾਣ ਉਨ੍ਹਾਂ ਲਈ ਅਤਿ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਉਹ ਹਾਲੇ ਬੀਤੇ ਕੱਲ੍ਹ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਮਿਲ ਕੇ ਆਏ ਸਨ ਅਤੇ ਇਸ ਦੇ ਬਾਵਜੂਦ ਉਨ੍ਹਾਂ ਨੂੰ ਅੱਜ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਪੂਰੇ ਜੀਵਨਕਾਲ ਵਿੱਚ ਹਮੇਸ਼ਾਂ ਕਾਂਗਰਸ ਪਾਰਟੀ ਦੇ ਹੱਕ ਵਿਚ ਕੰਮ ਕੀਤਾ ਹੈ  ਪਰ ਪਤਾ ਨਹੀਂ ਕਿਉਂ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦਾ ਨੁਕਸਾਨ ਕਾਂਗਰਸ ਪਾਰਟੀ ਨੂੰ ਹੋਣਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਇਸ ਤਰ੍ਹਾਂ ਦੀ ਡਿਕਟੇਟਰਸ਼ਿਪ ਵਾਲੇ ਫ਼ੈਸਲੇ ਲੈ ਕੇ ਪੰਜਾਬ ਕਾਂਗਰਸ ਨੂੰ ਵੱਡਾ ਨੁਕਸਾਨ ਪਹੁੰਚਾ ਕੇ ਪਾਰਟੀ ਦਾ ਸੱਤਿਆਨਾਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਨੋਟਿਸ ਦਿੱਤਿਆਂ ਅਤੇ ਕੋਈ ਗੱਲ ਕੀਤਿਆਂ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢੇ ਜਾਣਾ ਇਹ ਸਾਬਤ ਕਰਦਾ ਹੈ ਕਿ ਪਾਰਟੀ ਵਿਚ ਤਾਨਾਸ਼ਾਹੀ ਤੋਂ ਇਲਾਵਾ ਹੋਰ ਕੁਝ ਨਹੀਂ ਬਚਿਆ।

ਇਨ੍ਹਾਂ ਦੋਹਾਂ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਹਿਰ ਵਾਸੀਆਂ ਨੇ ਚੁਣ ਕੇ ਨਗਰ ਨਿਗਮ ਵਿਚ ਭੇਜਿਆ ਅਤੇ ਉਹ ਸ਼ਹਿਰ ਵਾਸੀਆਂ ਨੂੰ ਜਵਾਬਦੇਹ ਹਨ। ਇਨ੍ਹਾਂ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੇ ਵਾਰਡ ਹੀ ਉਨ੍ਹਾਂ ਦੇ ਪਰਿਵਾਰ ਹਨ ਅਤੇ ਉਹ ਆਪੋ ਆਪਣੇ ਵਾਰਡਾਂ ਦੇ ਨਾਲ ਨਾਲ ਸ਼ਹਿਰ ਦੀ ਬਿਹਤਰੀ ਤੇ ਚਹੁੰ ਪੱਖੀ ਵਿਕਾਸ ਲਈ ਹਮੇਸ਼ਾਂ ਉਪਰਾਲੇ ਕਰਦੇ ਰਹਿਣਗੇ।

ਇਸ ਮੌਕੇ ਇਨ੍ਹਾਂ ਦੋਹਾਂ ਆਗੂਆਂ ਨੇ ਹਾਜ਼ਰ ਸਮੂਹ ਕੌਂਸਲਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸ਼ਹਿਰ ਦੇ ਵਿਕਾਸ ਲਈ ਉਨ੍ਹਾਂ ਦੇ ਸਮਰਪਣ ਦਾ ਐਲਾਨ ਕੀਤਾ ਹੈ।

ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਉਹ ਪਹਿਲਾਂ ਵੀ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ ਮੋਹਾਲੀ ਵਿਚ ਚਹੁੰ ਪੱਖੀ ਵਿਕਾਸ ਕਾਰਜਾਂ ਰਾਹੀਂ ਲੋਕਾਂ ਨੂੰ ਸਹੂਲਤਾਂ ਦੇਣ ਲਈ ਉਪਰਾਲੇ ਕਰਦੇ ਰਹੇ ਹਨ ਅਤੇ ਅੱਗੇ ਵੀ ਇਸੇ ਤਰ੍ਹਾਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੋਕਾਂ ਦੀ ਸੇਵਾ ਲਈ ਹਮੇਸ਼ਾਂ ਹਾਜ਼ਰ ਰਹਿਣਗੇ।

ਇਸ ਮੌਕੇ ਰਾਜਿੰਦਰ ਸਿੰਘ ਰਾਣਾ, ਕਮਲਪ੍ਰੀਤ ਸਿੰਘ ਬਨੀ, ਪਰਮਜੀਤ ਸਿੰਘ ਹੈਪੀ, ਗੁਰਚਰਨ ਸਿੰਘ ਭੰਮਰਾ, ਕੁਲਬੀਰ ਸਿੰਘ, ਰੁਪਿੰਦਰ ਕੌਰ ਰੀਨਾ, ਸੁੱਚਾ ਸਿੰਘ ਕਲੌਡ਼, ਇੰਦਰਜੀਤ ਸਿੰਘ ਢਿੱਲੋਂ, ਜਤਿੰਦਰ ਆਨੰਦ,  ਬਲਬੀਰ ਸਿੰਘ, ਗਗਨ ਧਾਲੀਵਾਲ, ਕੁਲਵਿੰਦਰ ਸੰਜੂ,  ਪ੍ਰਮੋਦ ਮਿੱਤਰਾ, ਨਵਜੋਤ ਸਿੰਘ ਵਾਛਲ, ਪਿੰਕਾ, ਗੁਰਸਾਹਿਬ ਸਿੰਘ, ਜਗਦੀਸ਼ ਸਿੰਘ ਜੱਗਾ, ਰਵਿੰਦਰ ਸਿੰਘ, ਲਖਮੀਰ ਸਿੰਘ, ਮਾਸਟਰ ਚਰਨ ਸਿੰਘ, ਨਰਾਇਣ ਸਿੰਘ ਸਿੱਧੂ , ਬਲਜੀਤ ਕੌਰ, ਦਵਿੰਦਰ ਕੌਰ ਵਾਲੀਆ, ਨਛੱਤਰ ਸਿੰਘ ਨਬਰਦਾਰ, ਅਸ਼ੋਕ ਕੌਡਲ, ਹਰਜੀਤ ਭੋਲੂ ਸਮੇਤ ਕੌਂਸਲਰ ਅਤੇ ਸੀਨੀਅਰ ਕਾਂਗਰਸੀ ਆਗੂ ਹਾਜ਼ਰ ਸਨ। ਇਸ ਤੋਂ ਇਲਾਵਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਸਮੇਤ  ਕੁਝ ਹੋਰਨਾਂ ਕੌਂਸਲਰਾਂ ਅਤੇ ਕਾਂਗਰਸੀ ਆਗੂਆਂ ਨੇ ਵੀ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੂੰ ਫੋਨ ਕਰਕੇ ਕਿਹਾ ਕਿ ਉਹ ਬਾਹਰ ਹਨ ਅਤੇ  ਉਨ੍ਹਾਂ ਨੂੰ ਪੂਰਨ ਸਮਰਥਨ ਦਾ ਭਰੋਸਾ ਦਿੱਤਾ  ਹੈ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014807