ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਦਾ ਮਾਮਲਾ ….
ਸਾਬਕਾ ਸਿਹਤ ਮੰਤਰੀ ਤੇ ਵਿਧਾਇਕ ਬਲਬੀਰ ਸਿੱਧੂ ਦੀ ਮਿਹਨਤ ਸਦਕਾ ਬਣਿਆ ਮੋਹਾਲੀ ਦਾ ਮੈਡੀਕਲ ਕਾਲਜ ਹੈ ਆਸ ਦੀ ਕਿਰਨ
60 ਵਿੱਚੋਂ 46 ਮੈਡੀਕਲ ਕਾਲਜ ਹੀ ਬਣਾ ਸਕੀ ਹੈ ਭਾਰਤ ਸਰਕਾਰ : ਬਲਬੀਰ ਸਿੰਘ ਸਿੱਧੂ
ਮੁਹਾਲੀ ਵਿੱਚ ਡੈਂਟਲ ਕਾਲਜ, ਹੋਮਿਓਪੈਥਿਕ ਕਾਲਜ, ਆਯੁਰਵੈਦਿਕ ਕਾਲਜ ਸਮੇਤ ਮੈਡੀਕਲ ਹੱਬ ਬਣਾਉਣਾ ਹੈ ਟੀਚਾ : ਬਲਬੀਰ ਸਿੰਘ ਸਿੱਧੂ
ਉੱਚ ਕੋਟੀ ਦੇ ਮੈਡੀਕਲ ਪ੍ਰੋਫੈਸਰ ਦੇ ਰਹੇ ਹਨ ਮੁਹਾਲੀ ਦੇ ਮੈਡੀਕਲ ਕਾਲਜ ਵਿੱਚ ਪੜ੍ਹਾਉਣ ਲਈ ਇੰਟਰਵਿਊ
ਮੋਹਾਲੀ :
ਇਕ ਪਾਸੇ ਜਿੱਥੇ ਯੂਕਰੇਨ ਵਿੱਚ ਚੱਲ ਰਹੀ ਜੰਗ ਦੇ ਕਾਰਨ ਹਜ਼ਾਰਾਂ ਦੀ ਗਿਣਤੀ ਵਿਚ ਉੱਥੇ ਡਾਕਟਰੀ ਦੀ ਪੜ੍ਹਾਈ ਕਰਨ ਗਏ ਭਾਰਤੀ ਨੌਜਵਾਨ ਫਸੇ ਹੋਏ ਹਨ ਅਤੇ ਇਕ ਨੌਜਵਾਨ ਦੀ ਮੌਤ ਵੀ ਇਸ ਜੰਗ ਕਾਰਨ ਹੋਈ ਹੈ, ਉੱਥੇ ਦੂਜੇ ਪਾਸੇ ਮੋਹਾਲੀ ਵਿਚ ਸਾਬਕਾ ਸਿਹਤ ਮੰਤਰੀ ਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਦੀ ਅਣਥੱਕ ਮਿਹਨਤ ਦੇ ਚਲਦਿਆਂ ਬਣਿਆ ਮੈਡੀਕਲ ਕਾਲਜ ਅਤੇ ਹਸਪਤਾਲ ਇਕ ਅਜਿਹੀ ਆਸ ਦੀ ਕਿਰਨ ਪੈਦਾ ਕਰਦਾ ਹੈ ਕਿ ਜੇਕਰ ਭਾਰਤ ਸਰਕਾਰ ਭਾਰਤ ਵਿੱਚ ਹੀ ਮਿੱਥੇ ਗਏ ਟੀਚਿਆਂ ਅਨੁਸਾਰ ਮੈਡੀਕਲ ਕਾਲਜ ਬਣਾਵੇ ਤਾਂ ਦਾਖਲਿਆਂ ਦੀ ਕਿੱਲਤ ਦੂਰ ਹੋਵੇ ਅਤੇ 20 ਤੋਂ 25 ਹਜਾਰ ਭਾਰਤੀ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿਚ ਡਾਕਟਰੀ ਦੀ ਪੜ੍ਹਾਈ ਲਈ ਨਾ ਜਾਣਾ ਪਵੇ ਜਿਨ੍ਹਾਂ ਨੂੰ ਭਾਰਤ ਦੇ ਸਰਕਾਰੀ ਅਤੇ ਗੈਰ ਸਰਕਾਰੀ ਕਾਲਜਾਂ ਵਿੱਚ ਦਾਖ਼ਲੇ ਨਹੀਂ ਮਿਲਦੇ।
ਆਪਣੇ ਕਾਰਜਕਾਲ ਦੇ ਦੌਰਾਨ ਸਾਬਕਾ ਸਿਹਤ ਮੰਤਰੀ ਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਦੀ ਤਨਦੇਹੀ ਨਾਲ ਕੀਤੀ ਗਈ ਮਿਹਨਤ ਦਾ ਹੀ ਨਤੀਜਾ ਹੈ ਕਿ ਮੁਹਾਲੀ ਵਿੱਚ ਇਹ ਮੈਡੀਕਲ ਕਾਲਜ ਅਤੇ ਹਸਪਤਾਲ ਬਣਾਇਆ ਜਾ ਸਕਿਆ ਹੈ। ਇਸ ਹਸਪਤਾਲ ਨੂੰ ਬਣਾਉਣ ਵਾਸਤੇ ਜ਼ਮੀਨ ਅਕਵਾਇਰ ਕਰਨ ਤੋਂ ਲੈ ਕੇ ਆਉਂਦੀਆਂ ਹਰ ਅੜਚਣਾਂ ਨੂੰ ਇਕ ਇਕ ਕਰ ਕੇ ਸਾਬਕਾ ਸਿਹਤ ਮੰਤਰੀ ਅਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਦੂਰ ਕਰਵਾਇਆ। ਜ਼ਿਕਰਯੋਗ ਹੈ ਕਿ ਮੁਹਾਲੀ ਦੇ ਮੈਡੀਕਲ ਕਾਲਜ ਵਿੱਚ ਇਸ ਸੈਸ਼ਨ ਤੋਂ 100 ਵਿਦਿਆਰਥੀਆਂ ਦਾ ਦਾਖਲਾ ਹੋ ਚੁੱਕਿਆ ਹੈ। ਇਹੀ ਨਹੀਂ ਮੋਹਾਲੀ ਦੇ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਸਤੇ ਵੱਖ ਵੱਖ ਫੈਕਲਟੀਆਂ ਦੇ ਉੱਚ ਕੋਟੀ ਦੇ ਪ੍ਰੋਫ਼ੈਸਰ ਇੰਟਰਵਿਊ ਦੇ ਰਹੇ ਹਨ ਤਾਂ ਜੋ ਉਹ ਇਸ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਆ ਸਕਣ। ਇਸ ਗੱਲ ਤੋਂ ਮੋਹਾਲੀ ਦੇ ਇਸ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਮਹੱਤਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਇਹੀ ਨਹੀਂ, ਇਸ ਦੇ ਨਾਲ ਨਾਲ ਸਾਬਕਾ ਸਿਹਤ ਮੰਤਰੀ ਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਮੈਡੀਕਲ ਸੁਵਿਧਾਵਾਂ ਦਿਵਾਉਣ ਲਈ ਵੀ ਬਹੁਤ ਮਿਹਨਤ ਕੀਤੀ ਹੈ। ਸਾਬਕਾ ਸਿਹਤ ਮੰਤਰੀ ਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਵੱਲੋਂ ਕੀਤੇ ਗਏ ਉਪਰਾਲਿਆਂ ਦਾ ਨਤੀਜਾ ਹੈ ਕਿ ਮੁਹਾਲੀ ਵਿੱਚ ਮੈਡੀਕਲ ਕਾਲਜ ਅਤੇ ਹਸਪਤਾਲ ਬਣਨ ਦੇ ਨਾਲ ਨਾਲ ਫੇਜ਼ 6 ਦਾ ਸਿਵਲ ਹਸਪਤਾਲ ਸੈਕਟਰ 66 ਵਿੱਚ ਸ਼ਿਫਟ ਹੋਇਆ ਹੈ ਤੇ ਇੱਥੇ 350 ਬੈੱਡ ਦਾ ਹਸਪਤਾਲ ਬਣਨਾ ਹੈ। ਇਸੇ ਤਰ੍ਹਾਂ ਮੈਡੀਕਲ ਕਾਲਜ ਦੇ ਨੇੜੇ ਹੀ ਫੇਜ਼ 6 ਵਿੱਚ ਨਰਸਿੰਗ ਕਾਲਜ ਵੀ ਪਾਸ ਹੋ ਚੁੱਕਿਆ ਹੈ ਜਿਥੇ ਬੀਐੱਸਸੀ ਨਰਸਿੰਗ ਦੇ ਕੋਰਸ ਹੋਣਗੇ। ਇਸ ਤੋਂ ਇਲਾਵਾ ਫੇਜ਼ 3ਬੀ 1 ਵਿਚ ਅਪਗਰੇਡ ਹੋਇਆ ਹਸਪਤਾਲ ਚਾਲੂ ਹੋ ਚੁੱਕਿਆ ਹੈ ਜਿਥੇ ਪੰਜਾਬ ਭਰ ਵਿੱਚੋਂ ਦੂਜਾ ਸਟੇਟ ਆਫ ਆਰਟ ਆਪ੍ਰੇਸ਼ਨ ਥੀਏਟਰ ਹੈ ਅਤੇ ਮੁਹਾਲੀ ਵਿੱਚ ਤਿੰਨ ਨਵੀਂਆਂ ਡਿਸਪੈਂਸਰੀਆਂ ਵੀ ਬਣਾਈਆਂ ਜਾ ਰਹੀਆਂ ਹਨ। ਇਸ ਨਾਲ ਨਾ ਸਿਰਫ਼ ਮੁਹਾਲੀ ਵਾਸੀਆਂ ਨੂੰ ਉੱਚ ਕੋਟੀ ਦੀਆਂ ਮੈਡੀਕਲ ਸੇਵਾਵਾਂ ਮਿਲ ਰਹੀਆਂ ਹਨ ਸਗੋਂ ਮੈਡੀਕਲ ਕਿੱਤੇ ਨਾਲ ਸਬੰਧਤ ਨੌਜਵਾਨਾਂ ਨੂੰ ਨੌਕਰੀਆਂ ਵੀ ਮਿਲ ਰਹੀਆਂ ਹਨ।
ਇਸ ਮਾਮਲੇ ਵਿੱਚ ਗੱਲਬਾਤ ਕਰਨ ਤੇ ਸਾਬਕਾ ਸਿਹਤ ਮੰਤਰੀ ਅਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਰੂਸ ਅਤੇ ਯੂਕਰੇਨ ਦੀ ਜੰਗ ਕਾਰਨ ਭਾਰਤ ਦਾ ਇੱਕ ਬਹੁਤ ਵੱਡਾ ਮਸਲਾ ਉਜਾਗਰ ਹੋਇਆ ਹੈ ਜੋ ਹਜ਼ਾਰਾਂ ਦੀ ਗਿਣਤੀ ਵਿੱਚ ਯੂਕਰੇਨ ਵਿੱਚ ਡਾਕਟਰੀ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦਾ ਹੈ। ਭਾਰਤ ਦੀ ਕੇਂਦਰ ਸਰਕਾਰ ਵਿਦਿਆਰਥੀਆਂ ਨੂੰ ਉਥੋਂ ਵਾਪਸ ਲਿਆਉਣ ਵਿੱਚ ਬੇਬਸ ਦਿਖਾਈ ਦਿੰਦੀ ਹੈ।
ਸਾਬਕਾ ਸਿਹਤ ਮੰਤਰੀ ਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਭਾਰਤ ਸਰਕਾਰ ਨੇ ਵੱਖ ਵੱਖ ਖੇਤਰਾਂ ਵਿਚ 60 ਮੈਡੀਕਲ ਕਾਲਜ ਅਤੇ ਹਸਪਤਾਲ ਬਣਾਉਣੇ ਸਨ ਜਿਨ੍ਹਾਂ ਵਿੱਚੋਂ 46 ਹੀ ਬਣ ਪਏ ਹਨ। ਆਪਣੀਆਂ ਜਾਨਾਂ ਜੋਖ਼ਮ ਵਿੱਚ ਪਾ ਕੇ ਅਤੇ ਲੱਖਾਂ ਰੁਪਏ ਖਰਚ ਕੇ ਯੂਕਰੇਨ ਵਰਗੇ ਮੁਲਕਾਂ ਵਿੱਚ ਡਾਕਟਰੀ ਦੀ ਪੜ੍ਹਾਈ ਕਰਨ ਵਾਲੇ ਨੌਜਵਾਨਾਂ ਨੂੰ ਜੇਕਰ ਇੱਥੇ ਡਾਕਟਰੀ ਦੀ ਪੜ੍ਹਾਈ ਦੀ ਸੁਵਿਧਾ ਮਿਲਦੀ ਤਾਂ ਇਨ੍ਹਾਂ ਬੱਚੇ-ਬੱਚੀਆਂ ਦੇ ਮਾਪੇ ਅੱਜ ਆਪਣੇ ਬੱਚਿਆਂ ਦੀ ਜਾਨ ਦੀ ਸਲਾਮਤੀ ਲਈ ਖ਼ੁਦ ਤਿਲ ਤਿਲ ਕਰਕੇ ਮਰ ਨਾ ਰਹੇ ਹੁੰਦੇ।
ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿਚ ਨੌਜਵਾਨ ਇੱਥੋਂ ਵੱਖ ਵੱਖ ਮੁਲਕਾਂ ਵਿੱਚ ਡਾਕਟਰੀ ਦੀ ਪੜ੍ਹਾਈ ਕਰਨ ਲਈ ਇਸ ਕਰਕੇ ਜਾਂਦੇ ਹਨ ਕਿ ਉਨ੍ਹਾਂ ਮੁਲਕਾਂ ਵਿਚ ਮੈਡੀਕਲ ਦੀ ਪੜ੍ਹਾਈ ਭਾਰਤ ਨਾਲੋਂ ਸਸਤੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਮੈਡੀਕਲ ਕਾਲਜਾਂ ਵਿਚ ਨੀਟ ਦੀ ਪ੍ਰੀਖਿਆ ਵਿਚ ਟਾਪ ਤੇ ਆਏ ਵਿਦਿਆਰਥੀਆਂ ਨੂੰ ਦਾਖਲਾ ਮਿਲਦਾ ਹੈ ਅਤੇ ਪ੍ਰਾਈਵੇਟ ਕਾਲਜਾਂ ਵਿੱਚ ਵੀ ਦਾਖ਼ਲਾ ਕੋਈ ਸੌਖਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਮੈਡੀਕਲ ਕਾਲਜ ਵੱਧ ਹੋਣ ਤਾਂ ਵੱਧ ਵਿਦਿਆਰਥੀਆਂ ਨੂੰ ਦਾਖਲਾ ਮਿਲਣਾ ਸੰਭਵ ਹੈ ਪਰ ਭਾਰਤ ਸਰਕਾਰ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਹਰ ਵਰ੍ਹੇ 7-8 ਲੱਖ ਬੱਚੇ ਨੀਟ ਦੀ ਪ੍ਰੀਖਿਆ ਪਾਸ ਕਰਦੇ ਹਨ ਪਰ ਭਾਰਤ ਵਿੱਚ ਸਿਰਫ਼ ਲਗਪਗ 90 ਹਜ਼ਾਰ ਹੀ ਮੈਡੀਕਲ ਦੀਆਂ ਸੀਟਾਂ ਉਪਲੱਬਧ ਹਨ। ਉਨ੍ਹਾਂ ਕਿਹਾ ਕਿ ਰੂਸ ਅਤੇ ਯੂਕਰੇਨ ਦੀ ਜੰਗ ਨੇ ਇਕ ਬਹੁਤ ਵੱਡੇ ਮਸਲੇ ਨੂੰ ਉਜਾਗਰ ਕੀਤਾ ਹੈ ਅਤੇ ਇਸ ਦੇ ਹੱਲ ਵਾਸਤੇ ਕੇਂਦਰ ਸਰਕਾਰ ਨੂੰ ਪੂਰੀ ਗੰਭੀਰਤਾ ਨਾਲ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਹਰ ਕਦਮ ਚੁੱਕੇ ਕਿਉਂਕਿ ਇਹ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਹੈ।
ਉਨ੍ਹਾਂ ਮੁਹਾਲੀ ਬਾਰੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਇਹ ਟੀਚਾ ਹੈ ਕਿ ਉਹ ਮੁਹਾਲੀ ਵਿੱਚ ਮੈਡੀਕਲ ਡੈਂਟਲ ਕਾਲਜ, ਫਾਰਮੇਸੀ ਕਾਲਜ, ਆਯੁਰਵੈਦਿਕ ਕਾਲਜ ਅਤੇ ਹੋਮਿਓਪੈਥਿਕ ਕਾਲਜ ਲਿਆਉਣਗੇ ਅਤੇ ਮੋਹਾਲੀ ਨੂੰ ਮੈਡੀਕਲ ਹੱਬ ਬਣਾਉਣ ਲਈ ਪੂਰੀ ਤਨਦੇਹੀ ਨਾਲ ਉਪਰਾਲੇ ਕਰਨਗੇ ਤਾਂ ਜੋ ਮਰੀਜ਼ਾਂ ਦੇ ਇਲਾਜ ਵਾਸਤੇ ਵੱਧ ਤੋਂ ਵੱਧ ਡਾਕਟਰ ਅਤੇ ਹੋਰ ਅਮਲਾ ਤਿਆਰ ਹੋ ਸਕੇ ਅਤੇ ਇਨ੍ਹਾਂ ਨੂੰ ਰੁਜ਼ਗਾਰ ਵੀ ਮਿਲ ਸਕੇ।
