ਮੁਹਾਲੀ ਨਗਰ ਨਿਗਮ ਵੱਲੋਂ ਸੀਵਰੇਜ ਲਈ ਪੁੱਟੀ ਸੜਕ ਉੱਤੇ ਸਭ ਤੋਂ ਪਹਿਲਾਂ ਮੁੱਖ ਚੌਕਾਂ ਨੂੰ ਖੋਲ੍ਹਣ ਦੀ ਤਿਆਰੀ
ਮੁਹਾਲੀ ਨਗਰ ਨਿਗਮ ਵੱਲੋਂ ਸੀਵਰੇਜ ਲਈ ਪੁੱਟੀ ਸੜਕ ਉੱਤੇ ਸਭ ਤੋਂ ਪਹਿਲਾਂ ਮੁੱਖ ਚੌਕਾਂ ਨੂੰ ਖੋਲ੍ਹਣ ਦੀ ਤਿਆਰੀ
ਕੁੰਭੜਾ ਚੌਕ ਉਤੇ ਪ੍ਰੀਮਿਕਸ ਪਾਉਣ ਦਾ ਕੰਮ ਮੇਅਰ ਜੀਤੀ ਸਿੱਧੂ ਨੇ ਕਰਵਾਇਆ ਆਰੰਭ
ਠੇਕੇਦਾਰ ਕੰਪਨੀ ਨੂੰ ਦਿੱਤੀਆਂ ਹਦਾਇਤਾਂ : ਤੇਜ਼ੀ ਨਾਲ ਕੰਮ ਕਰਕੇ ਛੇਤੀ ਸਡ਼ਕ ਨੂੰ ਮੁਕੰਮਲ ਕਰਨ ਲਈ ਕਿਹਾ
ਮੁਹਾਲੀ : ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਮੁਹਾਲੀ ਦੀ ਬਲੌਂਗੀ ਨੂੰ ਜੋੜਦੀ ਸੜਕ (ਜਿਸ ਦਾ ਇੱਕ ਹਿੱਸਾ ਪੁੱਟ ਕੇ ਸੀਵਰੇਜ ਦੀ ਨਵੀਂ ਪਾਈ ਪਾਈ ਗਈ ਹੈ) ਵਿੱਚ ਪੈਂਦੇ ਮੁੱਖ ਚੌਕਾਂ ਨੂੰ ਖੋਲ੍ਹਣ ਵਾਸਤੇ ਅੱਜ ਕੰਮ ਆਰੰਭ ਕਰਵਾਇਆ ਹੈ। ਇਸ ਦੇ ਤਹਿਤ ਸਭ ਤੋਂ ਪਹਿਲਾਂ ਕੁੰਭੜਾ ਚੌਕ ਜੋ ਕਿ ਸਭ ਤੋਂ ਵੱਧ ਵਿਅਸਤ ਟ੍ਰੈਫਿਕ ਰੂਟ ਵਿੱਚੋਂ ਇੱਕ ਹੈ ਵਿਖੇ ਪ੍ਰੀਮਿਕਸ ਪਾਉਣ ਦਾ ਕੰਮ ਆਰੰਭ ਕਰਵਾਇਆ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਇਸ ਮੌਕੇ ਬੋਲਦਿਆਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਇਹ ਕੰਮ ਬਹੁਤ ਪਹਿਲਾਂ ਸ਼ੁਰੂ ਕਰਵਾਇਆ ਜਾਣਾ ਸੀ ਪਰ ਇਸ ਵਾਰ ਬਰਸਾਤ ਦੇ ਮੌਸਮ ਦੇ ਲੰਮੇ ਖਿੱਚੇ ਜਾਣ ਕਾਰਨ ਇਹ ਕੰਮ ਥੋੜ੍ਹਾ ਜਿਹਾ ਲੇਟ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਨਿਗਮ ਨੇ ਫ਼ੈਸਲਾ ਕੀਤਾ ਹੈ ਕਿ ਪਹਿਲਾਂ ਜਿੱਥੇ ਜਿੱਥੇ ਵੀ ਚੁਰਸਤੇ ਹਨ ਜਿਵੇਂ ਕੁੰਭੜਾ ਚੌਕ, ਕੰਪਿਊਟਰ ਸੈਂਟਰ ਵਾਲੀਆਂ ਲਾਈਟਾਂ, ਮਟੌਰ ਵਾਲੀਆਂ ਲਾਈਟਾਂ, ਫੇਜ਼ 3ਬੀ2 ਵਾਲੀਆਂ ਲਾਈਟਾਂ ਅਤੇ ਪੀ ਸੀ ਐੱਲ ਵਾਲੀਆਂ ਲਾਈਟਾਂ ਨੂੰ ਦੋਹਾਂ ਪਾਸਿਓਂ ਖੋਲ੍ਹਣ ਵਾਸਤੇ ਇੱਥੇ ਪ੍ਰੀਮਿਕਸ ਪਾਇਆ ਜਾਵੇਗਾ ਜਿਸ ਦੀ ਸ਼ੁਰੂਆਤ ਅੱਜ ਕੁੰਭਡ਼ਾ ਚੌਕ ਤੋਂ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਕੁੰਭਡ਼ਾ ਚੌਕ ਵਾਲੀਆਂ ਲਾਈਟਾਂ ਸਭ ਤੋਂ ਵਿਅਸਤ ਰੂਟ ਦੀਆਂ ਹਨ ਕਿਉਂਕਿ ਇਹ ਸੜਕ ਅੱਗੇ ਗੁਰਦੁਆਰਾ ਸਿੰਘ ਸ਼ਹੀਦਾਂ ਤੋਂ ਹੁੰਦੇ ਹੋਏ ਲਾਂਡਰਾਂ ਨੂੰ ਜੋੜਦੀ ਹੈ ਅਤੇ ਇੱਕ ਤਰ੍ਹਾਂ ਨਾਲ ਮੁਹਾਲੀ ਦਾ ਹਾਈਵੇ ਹੈ।
ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਇਸ ਦੇ ਨਾਲ ਨਾਲ ਛੇਤੀ ਹੀ ਫੇਜ਼ ਗਿਆਰਾਂ ਤੋਂ ਸੜਕ ਉਤੇ ਪ੍ਰੀਮਿਕਸ ਪਾਉਣ ਦਾ ਕੰਮ ਵੀ ਆਰੰਭ ਕਰ ਦਿੱਤਾ ਜਾਵੇਗਾ ਅਤੇ ਆਉਂਦੇ ਕੁਝ ਸਮੇਂ ਦੇ ਦੌਰਾਨ ਇਸ ਸੜਕ ਦਾ ਪੂਰਾ ਕੰਮ ਮੁਕੰਮਲ ਕਰਵਾ ਦਿੱਤਾ ਜਾਵੇਗਾ ਜਿਸ ਨਾਲ ਮੋਹਾਲੀ ਦੇ ਲੋਕਾਂ ਨੂੰ ਭਾਰੀ ਰਾਹਤ ਮਿਲੇਗੀ। ਉਨ੍ਹਾਂ ਇਸ ਮੌਕੇ ਇਸ ਸੜਕ ਦੀ ਉਸਾਰੀ ਕਰ ਰਹੀ ਠੇਕੇਦਾਰ ਕੰਪਨੀ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਤੇਜ਼ੀ ਨਾਲ ਇਹ ਕੰਮ ਕਰਨ ਕਿਉਂਕਿ ਬਰਸਾਤਾਂ ਦੇ ਕਾਰਨ ਪਹਿਲਾਂ ਹੀ ਇਹ ਕੰਮ ਲੇਟ ਹੋ ਚੁੱਕਿਆ ਹੈ ਅਤੇ ਸੜਕ ਚਾਲੂ ਨਾ ਹੋਣ ਕਾਰਨ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਮੋਹਾਲੀ ਵਿਚ ਨਗਰ ਨਿਗਮ ਵੱਲੋਂ ਵਿਕਾਸ ਕਾਰਜਾਂ ਲਈ ਹਰ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਨਗਰ ਨਿਗਮ ਦੀ ਨਵੀਂ ਚੁਣੀ ਗਈ ਟੀਮ ਵੱਖ ਵੱਖ ਵਿਕਾਸ ਕਾਰਜਾਂ ਦੀ ਨਜ਼ਰਸਾਨੀ ਵੀ ਖ਼ੁਦ ਕਰਦੀ ਹੈ ਤਾਂ ਜੋ ਸਮੇਂ ਸਿਰ ਇਹ ਕੰਮ ਨੇਪਰੇ ਚੜ੍ਹ ਸਕਣ। ਉਨ੍ਹਾਂ ਕਿਹਾ ਕਿ ਇਸ ਸੜਕ ਦੀ ਉਸਾਰੀ ਉੱਤੇ 10 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਇਹ ਸੜਕ ਦੇ ਹੇਠਾਂ ਪਾਈ ਗਈ ਸੀਵਰੇਜ ਦੀ ਮੁੱਖ ਪਾਈਪਲਾਈਨ ਜਿਸਨੂੰ ਸੀਵਰੇਜ ਲਾਈਫ ਲਾਈਨ ਕਿਹਾ ਜਾ ਸਕਦਾ ਹੈ ਨਾਲ ਮੋਹਾਲੀ ਦੇ ਵਾਸੀਆਂ ਨੂੰ ਅੱਗੇ ਸੀਵਰੇਜ ਜਾਮ ਹੋਣ ਦੀ ਸਮੱਸਿਆ ਤੋਂ ਪੱਕੇ ਤੌਰ ਤੇ ਨਿਜਾਤ ਹਾਸਲ ਹੋਵੇਗੀ।
