ਮੁਹਾਲੀ ਦੇ ਵਾਰਡ ਨੰਬਰ ਬਾਰਾਂ ਵਿਚ ਨਵੇਂ ਪਾਰਕ ਅਤੇ ਸਟੀਲ ਦੀਆਂ ਨੰਬਰ ਪਲੇਟਾਂ ਲਗਾਉਣ ਦੇ ਕੰਮ ਦਾ ਉਦਘਾਟਨ ਮੇਅਰ ਜੀਤੀ ਸਿੱਧੂ ਨੇ ਕੀਤਾ
ਸਾਰੇ ਕੌਂਸਲਰਾਂ ਆਪੋ ਆਪਣੇ ਵਾਰਡਾਂ ਵਿੱਚ ਮਿਹਨਤ ਕਰ ਕੇ ਵਿਕਾਸ ਕਾਰਜ ਕਰਵਾਉਣ ਤੇ ਲੋਕਾਂ ਨੂੰ ਦੇਣ ਸਹੂਲਤਾਂ : ਮੇਅਰ ਜੀਤੀ ਸਿੱਧੂ
ਮੁਹਾਲੀ ਦੇ ਵਾਰਡ ਨੰਬਰ 12 ਫੇਜ਼ 7 ਵਿਚ ਕੌਂਸਲਰ ਪਰਮਜੀਤ ਸਿੰਘ ਹੈਪੀ ਦੇ ਉਪਰਾਲਿਆਂ ਸਦਕਾ ਬਣਾਏ ਗਏ ਨਵੇਂ ਪਾਰਕ ਅਤੇ ਸਟੀਲ ਦੀਆਂ ਨੰਬਰ ਪਲੇਟਾਂ ਲਗਾਉਣ ਦੇ ਕੰਮ ਦਾ ਉਦਘਾਟਨ ਅੱਜ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕੀਤਾ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਨਾਲ ਸਨ।
ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਕੌਂਸਲਰ ਪਰਮਜੀਤ ਸਿੰਘ ਹੈਪੀ ਦੇ ਉਪਰਾਲਿਆਂ ਸਦਕਾ ਇੱਥੇ ਬਹੁਤ ਮਾੜੀ ਹਾਲਤ ਵਿੱਚ ਖਾਲੀ ਪਈ ਜਗ੍ਹਾ ਨੂੰ ਪਾਰਕ ਦੇ ਰੂਪ ਵਿੱਚ ਵਿਕਸਤ ਕੀਤਾ ਗਿਆ ਹੈ ਅਤੇ ਇੱਥੇ ਲੱਖਾਂ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਇਸ ਵਾਰਡ ਵਿਚ ਸਟੀਲ ਦੀਆਂ ਨੰਬਰ ਪਲੇਟਾਂ ਲਗਾਉਣ ਦਾ ਕੰਮ ਵੀ ਅੱਜ ਉਨ੍ਹਾਂ ਨੇ ਆਰੰਭ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੀ ਮਿਹਨਤ ਪਰਮਜੀਤ ਸਿੰਘ ਹੈਪੀ ਨੇ ਆਪਣੇ ਵਾਰਡ ਵਿੱਚ ਕਰਕੇ ਆਪਣੇ ਕੰਮ ਕਰਵਾਏ ਹਨ ਉਹ ਬਾਕੀ ਸਮੂਹ ਕੌਂਸਲਰਾਂ ਨੂੰ ਬੇਨਤੀ ਕਰਦੇ ਹਨ ਕਿ ਆਪੋ ਆਪਣੇ ਵਾਰਡਾਂ ਵਿਚ ਇਸੇ ਤਰ੍ਹਾਂ ਮਿਹਨਤ ਕਰਕੇ ਵਿਕਾਸ ਕਾਰਜ ਕਰਵਾਉਣ ਅਤੇ ਲੋਕਾਂ ਨੂੰ ਸਹੂਲਤਾਂ ਦੇਣ।
ਇਸ ਮੌਕੇ ਕੌਂਸਲਰ ਪਰਮਜੀਤ ਸਿੰਘ ਹੈਪੀ ਨੇ ਇੱਥੇ ਆਉਣ ਤੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ ਪੂਰੇ ਮੁਹਾਲੀ ਵਿੱਚ ਕੋਨੇ ਕੋਨੇ ਵਿਚ ਵਿਕਾਸ ਕਾਰਜ ਚੱਲ ਰਹੇ ਹਨ ਇਨ੍ਹਾਂ ਲਈ ਸਮੁੱਚਾ ਸ਼ਹਿਰ ਮੇਅਰ ਜੀਤੀ ਸਿੱਧੂ ਦਾ ਧੰਨਵਾਦੀ ਹੈ। ਉਨ੍ਹਾਂ ਕਿਹਾ ਕਿ ਖਾਲੀ ਪਈ ਥਾਂ ਵਿੱਚ ਵਿਕਸਤ ਕੀਤੇ ਗਏ ਪਾਰਕ ਨੂੰ ਹੋਰ ਸੁੰਦਰ ਬਣਾਇਆ ਜਾਵੇਗਾ ਅਤੇ ਇੱਕ ਹਫ਼ਤੇ ਦੇ ਅੰਦਰ ਪੂਰੇ ਵਾਰਡ ਵਿਚ ਸਟੀਲ ਦੀਆਂ ਨੰਬਰ ਪਲੇਟਾਂ ਲਗਾ ਦਿੱਤੀਆਂ ਜਾਣਗੀਆਂ।
ਇਸ ਮੌਕੇ ਗੁਰਦੁਆਰਾ ਬੀਬੀ ਭਾਨੀ ਦੇ ਸਕੱਤਰ ਮਹਿੰਦਰ ਸਿੰਘ, ਡਾ ਜਨਕ ਰਾਜ ਕੂਕੂ, ਸੋਹਨ ਲਾਲ ਜਿੰਦਲ, ਏਐਸ ਚੀਮਾ, ਰਮਨ ਸ਼ਰਮਾ, ਰਵਿੰਦਰ ਸ਼ਰਮਾ, ਅਬਦੁਲ ਅਜ਼ੀਜ਼, ਸੰਦੀਪ ਵੈਦ, ਕੇ ਐਸ ਸੰਧੂ, ਹਰਬੰਸ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।
