ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪੰਥਕ ਧਿਰਾਂ ਨੇ ਮੋਹਾਲੀ ਵਿੱਖੇ ਸੱਦੀ ਪੰਥਕ ਇਕੱਤਰਤਾ
ਮੋਹਾਲੀ : ਸਰਕਾਰ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਪ੍ਰਤੀ ਅਪਨਾਏ ਅਕਿਰਿਆਸ਼ੀਲ ਰਵੱਈਏ ਦੇ ਮੱਦੇ ਨਜ਼ਰ ਪੰਥਕ ਧੀਰਾਂ ਦੀ ਇਕਤਰਤਾ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿੱਖੇ 6 ਫ਼ਰਵਰੀ ਨੂੰ ਸਵੇਰੇ 11 ਵਜੇ ਸੱਦੀ ਗਈ ਹੈ।ਬੰਦੀ ਸਿੰਘ ਰਿਹਾਈ ਮਾਰਚ ਕਮੇਟੀ ਵਲੋ ਜਾਰੀ ਪ੍ਰੈਸ ਨੋਟ ਰਾਹੀ ਐਲਾਨ ਕੀਤਾ ਕਿ ਸਰਕਾਰ ਦਾ ਰਵੱਈਆ ਰਿਹਾਈਆਂ ਪ੍ਰਤੀ ਨਕਾਰਤਮਕ ਅਤੇ ਅੜੀਅਲ ਹੈ ਜਿਸਦੇ ਵਿਰੋਧ ਵਿੱਚ ਇਹ ਪੰਥਕ ਇਕੱਤਰਤਾ ਬੁਲਾਈ ਗਈ ਹੈ।
ਗੁਰਦੁਆਰਾ ਜੋਤੀ ਸਰੂਪ ਤੋਂ ਚੰਡੀਗੜ੍ਹ ਤੱਕ 11 ਜਨਵਰੀ ਨੂੰ ਕੱਢੇ ਗਏ ਵਿਸ਼ਾਲ ਮਾਰਚ ਦਾ ਹਵਾਲਾ ਦਿੰਦੇ ਹੋਏ ਕਮੇਟੀ ਆਗੂਆ ਨੇ ਕਿਹਾ ਕਿ ਗਵਰਨਰ ਪੰਜਾਬ ਨੇ ਭਰੋਸਾ ਦਿੱਤਾ ਸੀ ਕਿ ਉਹ ਜਲਦ ਹੀ 25 ਸਾਲ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾ ਕਰ ਦੇਣਗੇ ਪਰ ਅੱਜ ਤੱਕ ਇਸ ਬਾਰੇ ਕੋਈ ਵੀ ਅਮਲ ਨਹੀਂ ਹੋਇਆ।
ਕੇਂਦਰ ਦੀ ਭਾਜਪਾ ਸਰਕਾਰ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਵੀ ਰਿਹਾਈਆਂ ਸੰਬੰਧੀ ਆਪਣੀ ਸੰਵਿਧਾਨਿਕ ਜ਼ੁੰਮੇਵਾਰੀ ਤੋਂ ਭੱਜ ਰਹੀਆਂ ਹਨ ਜਿਸਦਾ ਵਿਰੋਧ ਕਰਨਾ ਅਤੇ ਜਾਗ੍ਰਿਤੀ ਪੈਦਾ ਕਰਨੀ ਪੰਜਾਬ ਦੀ ਜਨਤਾ ਦਾ ਜਮਹੂਰੀ ਹੱਕ ਹੈ।
ਮੋਰਚਾ ਕਮੇਟੀ ਦੇ ਆਗੂ ਪ੍ਰੋਫੈਸਰ ਬਲਜਿੰਦਰ ਸਿੰਘ(ਹਵਾਰਾ ਕਮੇਟੀ)ਬਲਬੀਰ ਸਿੰਘ ਹਿਸਾਰ(ਹਵਾਰਾ ਸਾਹਿਬ ਦੇ ਪੀਏ)ਜਸਵੰਤ ਸਿੰਘ ਸਿੱਧੂਪੁਰ,ਹਰਪ੍ਰੀਤ ਸਿੰਘ ਰਾਣਾ(ਹਵਾਰਾ ਸਾਹਿਬ ਦੇ ਰਿਸ਼ਤੇਦਾਰ)ਦਲਜੀਤ ਸਿੰਘ ਦਿੱਲੀ(ਹਵਾਰਾ ਸਾਹਿਬ ਦੇ ਮੁਲਾਕਾਤੀ)ਗੁਰਿੰਦਰ ਸਿੰਘ ਮੋਹਾਲੀ,ਰੇਸ਼ਮ ਸਿੰਘ ਬਡਾਲੀ,ਅੰਮਿ੍ਰਤਪਾਲ ਸਿੰਘ ਅਨੰਦਪੁਰ ਸਾਹਿਬ,ਹਰਵਿੰਦਰ ਸਿੰਘ ਡੂਮਛੇੜੀ,
ਜਸਪ੍ਰੀਤ ਸਿੰਘ ਜੱਸੀ ਆਦਿ ਨੇ ਅਪੀਲ ਕੀਤੀ ਕਿ ਸਮੁਹ ਪੰਥਕ,ਕਿਸਾਨ ਤੇ ਨਿਹੰਗ ਸਿੰਘ ਜਥੇਬੰਦੀਆਂ,ਫੈਡਰੇਸ਼ਨਾਂ,ਸਿੱਖ ਨੌਜਵਾਨ,ਸਿੱਖ ਸੰਸਥਾਵਾਂ,ਸਿੱਖ ਚਿੰਤਕ,ਢਾਢੀ, ਕਵੀਸ਼ਰ,ਰਾਗੀ,ਸਾਬਕਾ ਫ਼ੌਜੀ ਪੰਥਕ ਇਕੱਤਰਤਾ ਵਿੱਚ ਸ਼ਾਮਲ ਹੋਕੇ ਬੰਦੀ ਸਿੰਘਾ ਦੀ ਰਿਹਾਈ ਲਈ ਆਪਣਾ ਕੌਮੀ ਫਰਜ ਨਿਭਾਉਣ।
