ਬੀ.ਬੀ.ਐੱਮ.ਬੀ ਵਿਚ ਪੰਜਾਬ ਨੂੰ ਨੁਮਾਇੰਦਗੀ ਨਾ ਦੇਣ ਤੋਂ ਬਾਅਦ ਹੁਣ ਸਿਟਕੋ ਦਾ ਐਮ.ਡੀ ਚੰਡੀਗਡ਼੍ਹ ਦਾ ਅਧਿਕਾਰੀ ਲਾਇਆ
ਮੋਹਾਲੀ :
ਪਹਿਲਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਨੁਮਾਇੰਦਗੀ ਵਿੱਚੋਂ ਪੰਜਾਬ ਨੂੰ ਕੱਢੇ ਜਾਣਾ ਅਤੇ ਹੁਣ ਚੰਡੀਗਡ਼੍ਹ ਵਿਖੇ ਸਿਟਕੋ ਦੇ ਐਮਡੀ ਦਾ ਅਹੁਦਾ ਚੰਡੀਗੜ੍ਹ ਦੇ ਅਧਿਕਾਰੀ ਨੂੰ ਦਿੱਤੇ ਜਾਣਾ ਪੰਜਾਬ ਦੇ ਨਾਲ ਸਿੱਧੇ ਤੌਰ ਤੇ ਧੱਕਾ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਮੋਹਾਲੀ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਨੇ ਕੇਂਦਰ ਸਰਕਾਰ ਉੱਤੇ ਵਰ੍ਹਦਿਆਂ ਕਿਹਾ ਕਿ ਕੇਂਦਰ ਸਰਕਾਰ ਇੱਕ-ਇੱਕ ਕਰਕੇ ਚੰਡੀਗੜ੍ਹ ਸਮੇਤ ਹੋਰਨਾਂ ਪ੍ਰਮੁੱਖ ਸੰਸਥਾਵਾਂ ਵਿਚੋਂ ਪੰਜਾਬ ਦੀ ਨੁਮਾਇੰਦਗੀ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਨਾਲ ਸਿਰਫ ਵਿਤਕਰਾ ਹੀ ਨਹੀਂ ਸਗੋਂ ਇਕ ਵੱਡਾ ਧੋਖਾ ਹੈ ਜੋ ਕੇਂਦਰ ਸਰਕਾਰ ਬਦਲਾ ਲਊ ਨੀਤੀ ਦੇ ਤਹਿਤ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਸੰਘਰਸ਼ ਵਿਚ ਮਿਲੀ ਕਰਾਰੀ ਹਾਰ ਤੋਂ ਆਪਣੀ ਬੇਇਜ਼ਤੀ ਮਹਿਸੂਸ ਕਰ ਰਹੀ ਹੈ ਅਤੇ ਇਹੀ ਕਾਰਨ ਹੈ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿਚ ਪੰਜਾਬ ਨੂੰ ਨੁਮਾਇੰਦਗੀ ਨਹੀਂ ਦਿੱਤੀ ਗਈ ਤੇ ਹੁਣ ਸਿਟਕੋ ਦਾ ਐਮਡੀ, ਜੋ ਕਿ ਹਮੇਸ਼ਾ ਹੀ ਪੰਜਾਬ ਕੋਟੇ ਦਾ ਅਧਿਕਾਰੀ ਲੱਗਿਆ ਕਰਦਾ ਸੀ, ਦੀ ਥਾਂ ਤੇ ਹੁਣ ਚੰਡੀਗਡ਼੍ਹ ਦੇ ਹੀ ਇਕ ਅਧਿਕਾਰੀ ਨੂੰ ਇਸ ਦਾ ਵਾਧੂ ਚਾਰਜ ਦਿੱਤਾ ਗਿਆ ਹੈ ਜੋ ਕੇਂਦਰ ਸਰਕਾਰ ਦੀਆਂ ਸੌੜੀਆਂ ਨੀਤੀਆਂ ਨੂੰ ਸਾਬਤ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਵੱਡਾ ਨੁਕਸਾਨ ਇਸ ਸਰਕਾਰ ਨੂੰ ਆਉਂਦੇ ਸਮੇਂ ਵਿੱਚ ਉਠਾਉਣਾ ਪਵੇਗਾ।

