ਨੰਬਰਦਾਰਾਂ ਦੇ ਮਾਣ ਭੱਤੇ ਵਿੱਚ ਵਾਧਾ ਕਰਨ ਅਤੇ ਨੰਬਰਦਾਰੀ ਨੂੰ ਜੱਦੀ- ਪੁਸ਼ਤੀ ਕਰਵਾਉਣ ਦਾ ਮਾਮਲਾ
ਨੰਬਰਦਾਰਾਂ ਦਾ ਉੱਚ ਪੱਧਰੀ ਵਫ਼ਦ ਮਿਲਿਆ ਵਿਧਾਇਕ ਕੁਲਵੰਤ ਸਿੰਘ ਨੂੰ
ਮੁਹਾਲੀ : ਨੰਬਰਦਾਰਾਂ ਦਾ ਇੱਕ ਉੱਚ ਪੱਧਰੀ ਵਫ਼ਦ ਮੁਹਾਲੀ ਤੋਂ ਵਿਧਾਇਕ ਅਤੇ ਆਪ ਨੇਤਾ ਕੁਲਵੰਤ ਸਿੰਘ ਨੂੰ ਉਨ੍ਹਾਂ ਦੇ ਦਫ਼ਤਰ ਸੈਕਟਰ-79 ਵਿਖੇ ਮਿਲਿਆ, ਜਿੱਥੇ ਨੰਬਰਦਾਰਾਂ ਦੇ ਵਫਦ ਨੇ ਆਪਣੀ ਪੁਰਾਣੀ ਮੰਗ ਨੂੰ ਦੁਹਰਾਉਂਦਿਆਂ ਵਿਧਾਇਕ ਕੁਲਵੰਤ ਸਿੰਘ ਕੋਲੋਂ ਮੰਗ ਕੀਤੀ ਕਿ ਨੰਬਰਦਾਰਾਂ ਦੇ ਮਾਣ ਭੱਤੇ ਵਿਚ ਵਾਧਾ ਕੀਤਾ ਜਾਵੇ ਅਤੇ ਨੰਬਰਦਾਰੀ ਨੂੰ ਜੱਦੀ ਪੁਸ਼ਤੀ ਪੱਕੇ ਤੌਰ ਕੀਤਾ ਜਾਵੇ ।
ਨੰਬਰਦਾਰਾਂ ਦੀ ਯੂਨੀਅਨ ਦੇ ਵਫ਼ਦ ਨਾਲ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਵਿਧਾਇਕ ਮੋਹਾਲੀ ਅਤੇ ਆਮ ਆਦਮੀ ਪਾਰਟੀ ਚੰਡੀਗਡ਼੍ਹ ਦੇ ਸਹਿ- ਇੰਚਾਰਜ ਕੁਲਵੰਤ ਸਿੰਘ ਨੇ ਕਿਹਾ ਕਿ ਉਹ ਨੰਬਰਦਾਰਾਂ ਦੀ ਯੂਨੀਅਨ ਦੀਆਂ ਮੰਗਾਂ ਨਾਲ ਸਹਿਮਤੀ ਰੱਖਦੇ ਹਨ ਅਤੇ ਉਹ ਇਨ੍ਹਾਂ ਦੇ ਹੱਲ ਦੇ ਲਈ ਮੁੱਖ ਮੰਤਰੀ ਪੰਜਾਬ ਨਾਲ ਗੱਲਬਾਤ ਕਰਨਗੇ ।ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾਂ ਪੰਜਾਬ ਦੇ ਹਰ ਖਿੱਤੇ ਅਤੇ ਹਰ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਸਮਾਂ ਰਹਿੰਦਿਆਂ ਹੱਲ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ । ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਦੀਆਂ ਮੁਸ਼ਕਿਲਾਂ ਜਾਂ ਸਮੱਸਿਆਵਾਂ ਨਾਲ ਸਬੰਧਤ ਫਾਈਲਾਂ ਨੂੰ ਠੰਢੇ ਬਸਤੇ ਵਿੱਚ ਨਹੀਂ ਰੱਖਿਆ ਜਾਂਦਾ ਸਗੋਂ ਨਾਲ ਦੀ ਨਾਲ ਸੰਬੰਧਿਤ ਵਿਭਾਗ ਨੂੰ ਸਪੁਰਦ ਕਰਕੇ ਸਮੱਸਿਆ ਨੂੰ ਪੱਕੇ ਤੌਰ ਤੇ ਹੱਲ ਕੀਤਾ ਜਾਂਦਾ ਹੈ ।
ਨੰਬਰਦਾਰ ਯੂਨੀਅਨ ਦਾ ਇਹ ਵਫ਼ਦ ਪੰਜਾਬ ਨੰਬਰਦਾਰਾ ਯੂਨੀਅਨ ਦੇ ਸਰਪ੍ਰਸਤ ਨੰਬਰਦਾਰ ਭੁਪਿੰਦਰ ਸਿੰਘ ਲਾਂਡਰਾਂ ਦੀ ਅਗਵਾਈ ਹੇਠ ਕੁਲਵੰਤ ਸਿੰਘ ਵਿਧਾਇਕ ਨੂੰ ਮਿਲਿਆ,ਜਿਸ ਵਿੱਚ ਵੱਡੀ ਗਿਣਤੀ ਵਿੱਚ ਨੰਬਰਦਾਰ ਕਲੱਬ ਦੇ ਅਹੁਦੇਦਾਰ ਅਤੇ ਮੈਂਬਰ ਵੀ ਹਾਜ਼ਰ ਸਨ । ਇਸ ਮੌਕੇ ਤੇ ਨੰਬਰਦਾਰ ਯੂਨੀਅਨ ਦੇ ਸਰਪ੍ਰਸਤ ਨੰਬਰਦਾਰ ਭੁਪਿੰਦਰ ਸਿੰਘ ਨੇ ਕੁਲਵੰਤ ਸਿੰਘ ਵਿਧਾਇਕ ਦੇ ਧਿਆਨ ਵਿੱਚ ਲਿਆਂਦਾ ਕਿ ਸਮੂਹ ਪੰਜਾਬ ਦੇ ਨੰਬਰਦਾਰਾਂ ਦੀ ਇਕ ਵਿਸ਼ਾਲ ਯੂਨੀਅਨ ਹੈ ਅਤੇ ਨੰਬਰਦਾਰ ਯੂਨੀਅਨ ਦੀ ਤਰਫੋਂ ਸਮੇਂ ਦੀਆਂ ਸਰਕਾਰਾਂ ਨੂੰ ਉਨ੍ਹਾਂ ਦੀਆਂ ਚਿਰਕੋਣੀ ਮੰਗਾਂ ਦੇ ਸੰਬੰਧ ਵਿਚ ਬਹੁਤ ਵਾਰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ਅਤੇ ਹੁਣ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਨੰਬਰਦਾਰ ਯੂਨੀਅਨ ਨੂੰ ਵੀ ਇਹ ਉਮੀਦ ਹੈ ਕਿ ਉਨ੍ਹਾਂ ਦੀਆਂ ਮੰਗਾਂ ਦਾ ਜਲਦ ਹੱਲ ਹੋਵੇਗਾ ।ਨੰਬਰਦਾਰ ਭੁਪਿੰਦਰ ਸਿੰਘ ਨੇ ਕਿਹਾ ਕਿ ਨੰਬਰਦਾਰ ਦੀ ਵੱਡੀ ਮੰਗ ਇਹੋ ਹੈ ਕਿ ਨੰਬਰਦਾਰਾਂ ਦਾ ਮਾਣ ਭੱਤਾ ਦਿੱਤਾ ਜਾ ਰਿਹਾ ਹੈ ,ਉਸ ਨੂੰ ਸਮੇਂ ਦੇ ਅਨੁਸਾਰ ਦੁੱਗਣਾ ਕੀਤਾ ਜਾਵੇ ਅਤੇ ਕਈ ਵਰ੍ਹਿਆਂ ਤੋਂ ਲਟਕਦੇ ਨੰਬਰਦਾਰੀ ਨੂੰ ਜੱਦੀ ਪੁਸ਼ਤੀ ਕਰਨ ਸਬੰਧੀ ਹੈ ਇਸ ਨੂੰ ਵੀ ਪੱਕੇ ਤੌਰ ਤੇ ਹੱਲ ਕੀਤਾ ਜਾਣਾ ਚਾਹੀਦਾ ਹੈ ।ਇਸ ਮੌਕੇ ਤੇ ਆਪ ਨੇਤਾ ਅਵਤਾਰ ਸਿੰਘ ਮੌਲੀ ਨੰਬਰਦਾਰ ਹਰਸੰਗਤ ਸਿੰਘ ਸੋਹਾਣਾ, ਗੁਰਮੇਲ ਸਿੰਘ, ਕੁਲਦੀਪ ਸਿੰਘ ਸਮਾਣਾ , ਅਕਵਿੰਦਰ ਸਿੰਘ ਗੋਸਲ , ਵੀ ਹਾਜ਼ਰ ਸਨ ।
