ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਖੁਲਵਾਇਆ ਅਮਰਟੈਕਸ ਚੌਂਕ
ਸੀਵਰੇਜ ਲਾਈਫਲਾਈਨ ਵਾਲੀ ਸੜਕ ਬਰਸਾਤ ਕਾਰਨ ਹੋਈ ਲੇਟ; ਲੋਕਾਂ ਦੇ ਸਹਿਯੋਗ ਲਈ ਕੀਤਾ ਧੰਨਵਾਦ
ਅਗਲੇ ਹਫ਼ਤੇ ਤਕ ਸਪਾਈਸ ਚੌਕ ਤੱਕ ਦੀ ਸੜਕ ਪੂਰੀ ਤਰ੍ਹਾਂ ਖੋਲ੍ਹ ਦਿੱਤੀ ਜਾਵੇਗੀ : ਡਿਪਟੀ ਮੇਅਰ
ਮੁਹਾਲੀ: ਨਗਰ ਨਿਗਮ ਵਲੋਂ ਮੋਹਾਲੀ ਦੇ ਲੋਕਾਂ ਨੂੰ ਭਾਰੀ ਰਾਹਤ ਦਿੰਦਿਆਂ ਅਮਰਟੈਕਸ ਚੌਕ ਨੂੰ ਲੋਕਾਂ ਵਾਸਤੇ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਸੀਵਰੇਜ ਦੀ ਲਾਈਫ ਲਾਈਨ ਪਾਉਣ ਕਾਰਨ ਇਸ ਸਡ਼ਕ ਦਾ ਇੱਕ ਪਾਸਾ ਕਾਫੀ ਸਮੇਂ ਤੋਂ ਬੰਦ ਸੀ। ਅੱਜ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਇੱਥੇ ਪੁੱਜ ਕੇ ਕੰਮ ਮੁਕੰਮਲ ਹੋਣ ਤੇ ਬੈਰੀਕੇਡਾਂ ਨੂੰ ਹਟਾ ਕੇ ਸਡ਼ਕ ਨੂੰ ਚਾਲੂ ਕਰਵਾਇਆ।
ਇਸ ਮੌਕੇ ਬੋਲਦਿਆਂ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਬਰਸਾਤਾਂ ਦਾ ਮੌਸਮ ਲੰਮਾ ਖਿੱਚ ਜਾਣ ਕਾਰਨ ਇਸ ਸਡ਼ਕ ਦਾ ਕੰਮ ਥੋੜ੍ਹਾ ਲੇਟ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਨਗਰ ਨਿਗਮ ਵੱਲੋਂ ਜੋ ਇੱਥੇ ਸੀਵਰੇਜ ਲਾਈਫ ਲਾਈਨ ਪਾਈ ਗਈ ਹੈ ਉਸ ਉੱਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ ਅਤੇ ਆਉਣ ਵਾਲੇ ਕਈ ਸਾਲਾਂ ਤੱਕ ਮੁਹਾਲੀ ਵਿੱਚ ਸੀਵਰੇਜ ਦੀ ਸਮੱਸਿਆ ਹੁਣ ਨਹੀਂ ਆਵੇਗੀ ਜਦੋਂ ਕਿ ਪਹਿਲਾਂ ਆਮ ਤੌਰ ਤੇ ਸੀਵਰੇਜ ਜਾਮ ਹੀ ਰਹਿੰਦਾ ਸੀ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਫੇਜ਼ ਪੰਜ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਅੰਦਰ ਨੂੰ ਜਾਂਦੀ ਸੜਕ ਦਾ ਕੰਮ ਵੀ ਜੰਗੀ ਪੱਧਰ ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਇਹ ਕੰਮ ਵੀ ਬਰਸਾਤ ਕਾਰਨ ਲੇਟ ਹੋਇਆ ਹੈ ਪਰ ਛੇਤੀ ਹੀ ਇਹ ਸੜਕ ਨੂੰ ਵੀ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਨਾਲ ਅਗਲੇ ਹਫ਼ਤੇ ਤਕ ਸਪਾਈਸ ਚੌਕ ਨੂੰ ਵੀ ਖੋਲ੍ਹ ਦਿੱਤਾ ਜਾਵੇਗਾ।
ਉਨ੍ਹਾਂ ਮੋਹਾਲੀ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸੜਕ ਦੇ ਬਣਨ ਕਾਰਨ ਸਿਰਫ਼ ਇੱਕ ਪਾਸੇ ਦੀ ਹੀ ਸਡ਼ਕ ਚਾਲੂ ਸੀ ਅਤੇ ਲੋਕਾਂ ਨੂੰ ਆਵਾਜਾਈ ਵਿੱਚ ਤਕਲੀਫ਼ ਉਠਾਉਣੀ ਪੈਂਦੀ ਸੀ ਪਰ ਇਸ ਵੱਡੇ ਵਿਕਾਸ ਕਾਰਜ ਨੂੰ ਵੇਖਦੇ ਹੋਏ ਮੋਹਾਲੀ ਦੇ ਲੋਕਾਂ ਨੇ ਨਗਰ ਨਿਗਮ ਨਾਲ ਪੂਰਾ ਸਹਿਯੋਗ ਕੀਤਾ ਹੈ।
