ਡਾ. ਭੀਮ ਰਾਓ ਅੰਬੇਡਕਰ ਦਾ 131ਵਾਂ ਜਨਮ ਦਿਨ ਨਗਰ ਨਿਗਮ ਮੋਹਾਲੀ ਵਿਖੇ ਸ਼ਰਧਾ ਨਾਲ ਮਨਾਇਆ
ਡਾ ਅੰਬੇਦਕਰ ਵੱਲੋਂ ਦਿੱਤੀਆਂ ਸਿੱਖਿਆਵਾਂ ਤੇ ਤੁਰਨ ਦੀ ਲੋੜ : ਮੇਅਰ ਜੀਤੀ ਸਿੱਧੂ
ਜਾਤ ਪਾਤ ਅਤੇ ਧਰਮ ਦੇ ਨਾਂ ਤੇ ਵੰਡਣ ਵਾਲੀਆਂ ਫਿਰਕੂ ਤਾਕਤਾਂ ਤੋਂ ਸੁਚੇਤ ਰਹਿਣ ਦੀ ਲੋੜ : ਮੇਅਰ ਜੀਤੀ ਸਿੱਧੂ
ਮੁਹਾਲੀ :
ਮੁਹਾਲੀ ਨਗਰ ਨਿਗਮ ਵਿਖੇ ਅੱਜ ਡਾ. ਭੀਮ ਰਾਓ ਅੰਬੇਡਕਰ ਦਾ 131ਵਾਂ ਪੂਰੀ ਸ਼ਰਧਾ ਨਾਲ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕੀਤੀ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਇਸ ਮੌਕੇ ਮੇਜਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਡਾ. ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਡਾ. ਅੰਬੇਦਕਰ ਦਾ ਜਨਮ ਦਿਨ ਮਨਾਉਂਦੇ ਹੋਏ ਕੇਕ ਵੀ ਕੱਟਿਆ ਗਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਸਮਾਜਿਕ ਸਮਾਨਤਾ ਲਈ ਬਾਬਾ ਸਾਹਿਬ ਵੱਲੋਂ ਪਾਏ ਯੋਗਦਾਨ ਲਈ ਦੇਸ਼ ਹਮੇਸ਼ਾਂ ਉਨ੍ਹਾਂ ਦਾ ਰਿਣੀ ਰਹੇਗਾ। ਉਨ੍ਹਾਂ ਕਿਹਾ ਕਿ ਡਾ: ਅੰਬੇਦਕਰ ਨੇ ਔਰਤਾਂ ਦੇ ਹੱਕਾਂ ਦੀ ਗੱਲ ਵੀ ਕੀਤੀ ਤੇ ਉਹ ਇਕ ਅਰਥਸ਼ਾਸਤਰੀ ਵੀ ਸਨ।
ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਡਾ ਭੀਮ ਰਾਓ ਅੰਬੇਦਕਰ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਸਾਨੂੰ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਡਾ ਅੰਬੇਦਕਰ ਨੇ ਸਮਾਜ ਨੂੰ ਇਕ ਲੜੀ ਵਿੱਚ ਪਿਰੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਫਿਰਕੂ ਪਾਰਟੀਆਂ ਲੋਕਾਂ ਨੂੰ ਜਾਤ ਪਾਤ ਅਤੇ ਧਰਮ ਦੇ ਆਧਾਰ ਤੇ ਵੰਡਣ ਦਾ ਯਤਨ ਕਰ ਰਹੀਆਂ ਹਨ ਜਿਸ ਤੋਂ ਬੇਹੱਦ ਸੁਚੇਤ ਰਹਿਣ ਦੀ ਲੋੜ ਹੈ। ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਇਹ ਵੀ ਕਿਹਾ ਕਿ ਬੱਚਿਆਂ ਨੂੰ ਸਿੱਖਿਆ ਨਾਲ ਲੈਸ ਕਰਨਾ ਹੀ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਦਕਰ ਦੇ ਮਿਸ਼ਨ ਨੂੰ ਅੱਗੇ ਤੋਰਨਾ ਹਰ ਭਾਰਤ ਵਾਸੀ ਦਾ ਫਰਜ਼ ਹੈ। ਉਨ੍ਹਾਂ ਇਸ ਮੌਕੇ ਸਮੂਹ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਡਾ ਭੀਮ ਰਾਓ ਅੰਬੇਦਕਰ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ।
ਅੱਜ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਇਸ ਸਬੰਧੀ ਸਮਾਗਮ ਵਿੱਚ ਸ਼ਾਮਲ ਹੋਏ, ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਸੂਬਾ ਮੀਤ ਪ੍ਰਧਾਨ ਮੋਹਣ ਸਿੰਘ (ਸਰਪੰਚ ), ਸੂਬਾ ਜਨਰਲ ਸਕੱਤਰ ਪਵਨ ਗੋਡਯਾਲ, ਨਿਗਮ ਮੋਹਾਲੀ ਦੇ ਪ੍ਰਧਾਨ ਸੋਭਾ ਰਾਮ, ਰਾਜਨ ਚਾਵਰੀਆ ਅਤੇ ਹੋਰਨਾਂ ਨੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦਾ ਇਥੇ ਆਉਣ ਤੇ ਧੰਨਵਾਦ ਕੀਤਾ।
