ਚੜ੍ਹਦਾ ਪੰਜਾਬ

August 14, 2022 12:47 AM

ਆਮ ਆਦਮੀ ਪਾਰਟੀ ਨੂੰ ਮੁਹਾਲੀ ਵਿੱਚ ਲੱਗਿਆ ਵੱਡਾ ਝਟਕਾ  

ਢੇਲਪੁਰ ਕਈ ਪਰਿਵਾਰ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ  

ਕਾਂਗਰਸ ਦੇ ਉਮੀਦਵਾਰ ਤੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਇਨ੍ਹਾਂ ਪਰਿਵਾਰਾਂ ਦਾ ਕਾਂਗਰਸ ਪਾਰਟੀ ਵਿੱਚ ਕੀਤਾ ਨਿੱਘਾ ਸਵਾਗਤ  

ਇੱਕ ਉਮੀਦਵਾਰ ਜਾਤੀ ਆਧਾਰਿਤ ਰਾਜਨੀਤੀ ਤੇ ਦੂਜਾ ਉਮੀਦਵਾਰ ਧਰਮ ਆਧਾਰਿਤ ਰਾਜਨੀਤੀ ਕਰਨ ਵਿੱਚ ਰੁੱਝਿਆ  : ਬਲਬੀਰ ਸਿੰਘ ਸਿੱਧੂ  

ਸਮਾਜਕ ਤੇ ਧਾਰਮਕ ਆਧਾਰ ਤੇ ਵੰਡੀਆਂ ਪਾਉਣ ਦੀ ਸਾਜਿਸ਼ ਨੂੰ ਲੋਕ ਕਰਨਗੇ ਫੇਲ੍ਹ, ਦਿਖਾਉਣਗੇ ਮੋਹਾਲੀ ਤੋਂ ਬਾਹਰ ਦਾ ਰਸਤਾ  : ਸਿੱਧੂ

ਮੁਹਾਲੀ :  ਆਮ ਆਦਮੀ ਪਾਰਟੀ ਨੂੰ ਉਸ ਸਮੇਂ ਮੁਹਾਲੀ ਵਿੱਚ ਤਕੜਾ ਝਟਕਾ ਲੱਗਿਆ ਜਦੋਂ ਢੇਲਪੁਰ ਦੇ ਕਈ ਪਰਿਵਾਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ। ਇਨ੍ਹਾਂ ਪਰਿਵਾਰਾਂ ਦਾ ਕਾਂਗਰਸ ਪਾਰਟੀ ਵਿੱਚ ਮੋਹਾਲੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ (ਵਿਧਾਇਕ ਤੇ ਸਾਬਕਾ ਮੰਤਰੀ) ਨੇ ਨਿੱਘਾ ਸਵਾਗਤ ਕੀਤਾ।

ਇਸ ਮੌਕੇ ਬੋਲਦਿਆਂ ਵਿਧਾਇਕ ਸਿੱਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਵਿਧਾਇਕ ਹੁੰਦਿਆਂ ਉਨ੍ਹਾਂ ਨੇ ਹਮੇਸ਼ਾਂ ਹੀ ਹਰ ਵਰਗ ਦੀਆਂ  ਦੁੱਖ ਤਕਲੀਫ਼ਾਂ ਦਾ ਹੱਲ ਕੀਤਾ ਹੈ ਅਤੇ ਪੂਰੇ ਹਲਕੇ ਦਾ ਪੂਰਨ ਨਿਰਪੱਖਤਾ ਦੇ ਨਾਲ ਬਹੁਪੱਖੀ ਵਿਕਾਸ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਉਹ ਮੋਹਾਲੀ ਹਲਕੇ ਵਿਚ ਕਰਵਾਏ ਗਏ ਵਿਕਾਸ ਨੂੰ ਲੈ ਕੇ ਹੀ ਚੋਣ ਮੈਦਾਨ ਵਿੱਚ ਨਿੱਤਰੇ ਹਨ ਅਤੇ ਉਨ੍ਹਾਂ ਨੂੰ ਪੂਰਨ ਵਿਸ਼ਵਾਸ ਹੈ ਕਿ ਜਿਸ ਤਰ੍ਹਾਂ ਪਿਛਲੇ 15 ਸਾਲਾਂ ਤੋਂ ਮੁਹਾਲੀ ਹਲਕੇ ਦੇ ਲੋਕ ਉਨ੍ਹਾਂ ਉੱਤੇ ਪੂਰਨ ਵਿਸ਼ਵਾਸ ਕਰਦੇ ਆ ਰਹੇ ਹਨ ਉਸੇ ਤਰ੍ਹਾਂ ਇਸ ਵਾਰ ਵੀ ਉਨ੍ਹਾਂ ਨੂੰ ਰਿਕਾਰਡ ਤੋੜ ਵੋਟਾਂ ਪਾ ਕੇ ਭਾਰੀ ਬਹੁਮਤ  ਨਾਲ ਜਿਤਾਉਣਗੇ।

ਇਸ ਮੌਕੇ ਵਿਧਾਇਕ ਸਿੱਧੂ ਨੇ ਇਹ ਵੀ ਕਿਹਾ ਕਿ ਮੁਹਾਲੀ ਵਿੱਚ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਜਾਤ ਅਤੇ ਧਰਮ ਆਧਾਰਿਤ ਰਾਜਨੀਤੀ  ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਾਬਕਾ ਮੇਅਰ ਕੁਲਵੰਤ ਸਿੰਘ ਇੱਕ ਵਿਸ਼ੇਸ਼ ਜਾਤ  ਅਤੇ ਫਿਰਕੇ ਨੂੰ ਭਰਮਾਉਣ ਵਿੱਚ ਲੱਗੇ ਹੋਏ ਹਨ ਅਤੇ ਇਸ ਤਰ੍ਹਾਂ ਸਮਾਜਿਕ ਵੰਡੀਆਂ ਪਾਉਣ ਦਾ ਯਤਨ ਕਰ ਰਹੇ ਹਨ ਜੋ ਕਿ ਬਹੁਤ ਹੀ ਬਦਕਿਸਮਤ ਗੱਲ ਹੈ। ਉਨ੍ਹਾਂ ਕਿਹਾ ਕਿ ਮੋਹਾਲੀ ਦੇ ਸੂਝਵਾਨ ਵੋਟਰ ਇਨ੍ਹਾਂ ਗੱਲਾਂ ਵਿੱਚ ਆਉਣ ਵਾਲੇ ਨਹੀਂ ਹਨ ਅਤੇ ਉਹ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਵਾਲੇ ਉਮੀਦਵਾਰ ਨੂੰ ਬੁਰੀ ਤਰ੍ਹਾਂ ਨਕਾਰ ਕੇ ਇਨ੍ਹਾਂ ਦੇ ਵਹਿਮ ਭਰਮ ਦੂਰ ਕਰ ਦੇਣਗੇ। ਉਨ੍ਹਾਂ ਕਿਹਾ ਕਿ ਅੱਜ ਲੋਕ ਵਿਕਾਸ ਚਾਹੁੰਦੇ ਹਨ ਅਤੇ ਇਸ ਤਰ੍ਹਾਂ ਦੀਆਂ ਸਮਾਜਿਕ ਵੰਡੀਆਂ ਪਾਉਣ ਵਾਲੇ ਆਗੂਆਂ ਦੇ ਭਰਮਾਉਣ ਵਿੱਚ ਆਉਣ ਵਾਲੇ ਨਹੀਂ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਇਕ ਹੋਰ ਉਮੀਦਵਾਰ ਧਰਮ ਦੀ ਰਾਜਨੀਤੀ ਕਰਦਿਆਂ ਇੱਕ ਫਿਰਕੇ ਨੂੰ ਆਪਣੇ ਨਾਲ ਜੋੜਨ ਦਾ ਯਤਨ ਕਰ ਰਿਹਾ ਹੈ ਪਰ ਇਸ ਉਮੀਦਵਾਰ ਨੂੰ ਵੀ ਕਿਸੇ ਨੇ ਮੂੰਹ ਨਹੀਂ ਲਾਉਣਾ।

ਉਨ੍ਹਾਂ ਕਿਹਾ ਕਿ ਵੱਡੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਅਤੇ ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਸਿੰਘ ਬੈਦਵਾਨ ਕੁਝ ਮਹੀਨੇ ਪਹਿਲਾਂ ਇਕੱਠੇ ਆਜ਼ਾਦ ਗਰੁੱਪ ਬਣਾਈ ਫਿਰਦੇ ਸਨ ਤੇ ਅੱਜ ਇਹ ਇਕ ਦੂਜੇ ਦੇ ਖ਼ਿਲਾਫ਼ ਚੋਣ ਮੈਦਾਨ ਵਿੱਚ ਉਤਰੇ ਹੋਏ ਹਨ  ਜਿਸ ਤੋਂ ਇਹ ਪ੍ਰਮਾਣਿਤ ਹੁੰਦਾ ਹੈ ਕਿ ਇਹ ਦੋਵੇਂ ਸਿਰਫ਼ ਅਤੇ ਸਿਰਫ਼ ਸੱਤਾ ਤੇ ਕਾਬਜ਼ ਹੋਣਾ ਚਾਹੁੰਦੇ ਹਨ  ਅਤੇ ਇਨ੍ਹਾਂ ਨੂੰ ਲੋਕਾਂ ਦੀਆਂ ਦੁੱਖ ਤਕਲੀਫਾਂ ਨਾਲ ਕੋਈ ਮਤਲਬ ਨਹੀਂ ਹੈ। ਉਨ੍ਹਾਂ ਮੁਹਾਲੀ ਦੇ ਲੋਕਾਂ ਨੂੰ ਚੌਕਸ ਕਰਦਿਆਂ ਕਿਹਾ ਕਿ ਨਾ ਤਾਂ ਪਹਿਲਾਂ ਇਹ ਆਗੂ ਕਦੇ ਲੋਕਾਂ ਦੀਆਂ ਦੁੱਖ ਤਕਲੀਫਾਂ ਹੱਲ ਕਰਨ ਵਾਸਤੇ ਉਨ੍ਹਾਂ ਕੋਲ ਪਹੁੰਚੇ ਹਨ ਅਤੇ ਨਾ ਹੀ ਚੋਣਾਂ ਤੋਂ ਬਾਅਦ ਪਹੁੰਚਣ ਵਾਲੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਦੂਰ ਕਰਨਾ ਤਾਂ ਵੱਡੀ ਗੱਲ ਹੈ ਇਹ ਲੋਕ ਤਾਂ ਲੋਕਾਂ ਦੀਆਂ ਦੁੱਖ ਤਕਲੀਫਾਂ ਬਾਰੇ ਹੀ ਨਹੀਂ ਜਾਣਦੇ  ਕਿਉਂਕਿ ਇਹ ਕਦੇ ਲੋਕਾਂ ਵਿਚ ਗਏ ਹੀ ਨਹੀਂ।

ਇਸ ਮੌਕੇ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਦੇ ਮੈਂਬਰਾਂ ਨੇ ਕਿਹਾ  ਤੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਗੁੰਮਰਾਹ ਕਰਕੇ ਪਾਰਟੀ ਜੁਆਇਨ ਕਰਵਾਈ ਸੀ ਪਰ  ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦਾ ਅਸਲੀ ਚਿਹਰਾ ਪਤਾ ਲੱਗ ਗਿਆ ਹੈ ਅਤੇ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਭਰਮਾਉਣ ਵਿੱਚ ਆਉਣ ਵਾਲੇ ਨਹੀਂ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਹਮੇਸ਼ਾ ਉਨ੍ਹਾਂ ਦੇ ਦੁੱਖ ਸੁੱਖ ਵਿੱਚ ਪਰਿਵਾਰ ਵਾਂਗ ਨਾਲ ਖੜ੍ਹੇ ਰਹੇ ਹਨ ਅਤੇ ਹੁਣ ਜਦੋਂ ਉਨ੍ਹਾਂ ਦੀ ਵੋਟ ਪਾਉਣ ਦੀ ਵਾਰੀ ਆਈ ਹੈ ਤਾਂ ਉਹ ਵੀ ਬਲਬੀਰ ਸਿੰਘ ਸਿੱਧੂ ਨੂੰ ਪਰਿਵਾਰ ਦਾ ਮੈਂਬਰ ਬਣਾ ਕੇ ਖ਼ੁਦ ਉਨ੍ਹਾਂ ਦੀ ਚੋਣ ਲੜਨਗੇ ਅਤੇ ਭਾਰੀ ਬਹੁਮਤ ਨਾਲ ਉਨ੍ਹਾਂ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਣਗੇ।

ਇਸ ਮੌਕੇ ਮੇਜਰ ਸਿੰਘ, ਬਖਸ਼ੀਸ਼ ਸਿੰਘ, ਹਰਨੇਕ ਸਿੰਘ, ਕਰਮਜੀਤ ਸਿੰਘ, ਗੁਰਦੇਵ ਸਿੰਘ, ਲਖਵਿੰਦਰ ਸਿੰਘ, ਨਸੀਬ ਸਿੰਘ, ਨਛੱਤਰ ਸਿੰਘ, ਅਵਤਾਰ ਸਿੰਘ, ਲਖਵੀਰ ਸਿੰਘ, ਬਲਪ੍ਰੀਤ ਸਿੰਘ, ਕੁਲਦੀਪ ਸਿੰਘ, ਬਲਵਿੰਦਰ ਸਿੰਘ, ਹਰਪ੍ਰੀਤ ਸਿੰਘ, ਬਲਜੀਤ ਸਿੰਘ, ਮੇਜਰ ਸਿੰਘ, ਸਤਵੀਰ ਸਿੰਘ, ਮੇਵਾ ਸਿੰਘ, ਲਖਵਿੰਦਰ ਸਿੰਘ, ਬਿੱਟੂ, ਬਖਸ਼ੀਸ ਸਿੰਘ, ਭੋਲਾ ਸਿੰਘ, ਵਰਖਾ ਸਿੰਘ, ਸਮੇਤ ਹੋਰ ਪਰਿਵਾਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014804