ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ 50 ਹਜ਼ਾਰ ਨੌਕਰੀਆਂ ਦੇਣ ਦੇ ਦਾਅਵੇ ਮਹਿਜ ਡਰਾਮਾ-ਪੁਰਖਾਲਵੀ।
ਮੁਹਾਲੀ : ਪੰਜਾਬ ਸਰਕਾਰ ਵੱਲੋਂ ਬੇਰੋਜਗਾਰ ਨੌਜਵਾਨਾਂ ਨੂੰ 50 ਹਜ਼ਾਰ ਤੋਂ ਵਧੇਰੇ ਨੌਕਰੀਆਂ ਦੇਣ ਦੇ ਪ੍ਰਚਾਰ ਅਤੇ ਦਾਅਵੇ ਮਹਿਜ ਇੱਕ ਡਰਾਮਾ ਹੈ, ‘ਇਹ ਪ੍ਰਗਟਾਵਾ ਸਮਾਜ ਸੇਵੀ ਜਥੇਬੰਦੀ ਦਲਿਤ ਚੇਤਨਾ ਮੰਚ ਪੰਜਾਬ ਦੇ ਸੂਬਾਈ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਨੇ ਪ੍ਰੈੱਸ ਨੂੰ ਜਾਰੀ ਇੱਕ ਬਿਆਨ ਰਾਹੀਂ ਕੀਤਾ।
ਆਪਣੇ ਬਿਆਨ ਵਿੱਚ ਸ਼੍ਰੀ ਪੁਰਖਾਲਵੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਰਾਜ ਦੇ ਪ੍ਰਮੁੱਖ ਸਕੱਤਰ ਕੋਲ ਇੱਕ ਆਰਟੀਆਈ ਪਾਕੇ ਪੁੱਛਿਆ ਗਿਆ ਸੀ ਕਿ ਸਾਲ 2022 ਤੋਂ ਲੈਕੇ ਅੱਜ ਤੀਕ ਪੰਜਾਬ ਸਰਕਾਰ ਵੱਲੋਂ ਕਿੰਨੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ ਜਿਸ ਦੇ ਜਵਾਬ ਵੱਜੋਂ ਆਪਣੇ ਪੱਤਰ ਨੰਬਰ 953279/2024 ਮਿਤੀ 23/10/2024 ਰਾਹੀਂ ਇਹ ਸੂਚਨਾ ਦੇਣ ਤੋਂ ਸਾਫ ਇਨਕਾਰ ਕਰਦਿਆਂ ਲਿਖਿਆ ਗਿਆ ਹੈ ਕਿ ਇਸ ਜਾਣਕਾਰੀ ਦਾ ਸੰਬੰਧ ਵੱਖ-ਵੱਖ ਵਿਭਾਗਾਂ ਨਾਲ ਹੋਣ ਕਰਕੇ ਇਹ ਜਾਣਕਾਰੀ ਉਪਲੱਬਧ ਨਹੀਂ ਕਰਵਾਈ ਜਾ ਸਕਦੀ।
ਪੁਰਖਾਲਵੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਪਾਈ ਗਈ ਇੱਕ ਵੱਖਰੀ ਆਰਟੀਆਈ ਦੇ ਜਵਾਬ ਵਿੱਚ ਪੰਜਾਬ ਸਰਕਾਰ ਦੇ ਵਿੱਤ ਕਮਿਸ਼ਨਰ ਸਕੱਤਰੇਤ ਪ੍ਰਸ਼ਾਸ਼ਨ ਸ਼ਾਖਾ-4 ਵੱਲੋਂ ਆਪਣੇ ਪੱਤਰ ਨੰਬਰ 16842 ਮਿਤੀ 23/12/2024 ਰਾਹੀਂ ਸਾਲ 2022, 2023 ਅਤੇ 2024 ਦੌਰਾਨ ਨਵੇਂ ਭਰਤੀ ਕੀਤੇ ਗਏ ਕਰਮਚਾਰੀਆਂ ਦੇ ਜਾਤੀ ਅਤੇ ਪੰਜਾਬ ਵਾਸੀ ਹੋਣ ਸੰਬੰਧੀ ਵੇਰਵੇ ਦੇਣ ਤੋਂ ਵੀ ਸਾਫ ਇਨਕਾਰ ਕਰ ਦਿੱਤਾ ਹੈ, ਜਿਸ ਤੋਂ ਸਿੱਧ ਹੁੰਦਾ ਹੈ ਕਿ ਸਰਕਾਰ ਆਪਣੇ ਫਰਜੀ ਅੰਕੜਿਆਂ ਰਾਹੀਂ ਰਾਜ ਦੇ ਲੋਕਾਂ ਨੂੰ ਮੂਰਖ ਬਣਾਕੇ ਸਿਰਫ ਸਿਆਸੀ ਰੋਟੀਆਂ ਸੇਕਣ ਤੋਂ ਅਗਾਂਹ ਨਹੀਂ ਵਧ ਸਕੀ।
ਦਲਿਤ ਆਗੂ ਸਮਸ਼ੇਰ ਪੁਰਖਾਲਵੀ ਨੇ ਸਰਕਾਰ ਦੇ ਗੁੰਮਰਾਹਕੁੰਨ ਅਤੇ ਪੱਖਪਾਤੀ ਰਵੱਈਏ ਦੀ ਅਲੋਚਨਾ ਕਰਦਿਆਂ ਦੋਸ਼ ਲਾਇਆ ਕਿ ਉਹ ਸੰਵਿਧਾਨਿਕ ਅਧਿਕਾਰਾਂ ਦਾ ਵੀ ਰੱਜਕੇ ਖਿਲਵਾੜ ਕਰ ਰਹੀ ਹੈ, ਜਿਸ ਨੂੰ ਭੀਮ ਰਾਓ ਅੰਬੇਦਕਰ ਦੀ ਫੋਟੋ ਟੰਗਣ ਦਾ ਵੀ ਕੋਈ ਅਧਿਕਾਰ ਨਹੀਂ ਹੈ।
ਪੁਰਖਾਲਵੀ ਨੇ ਕਿਹਾ ਕਿ ਰਾਜ ਦੀ ਅਖੌਤੀ ਇਨਕਲਾਬੀ ਸਰਕਾਰ ਬੇਰੋਜਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਮਾਮਲੇ ਵਿੱਚ ਰਾਜ ਦੇ ਦਲਿਤਾਂ ਅਤੇ ਮੂਲ ਨਿਵਾਸੀਆਂ ਦੀ ਸ਼ਰ੍ਹੇਆਮ ਅਣਦੇਖੀ ਕਰਕੇ ਰਾਜ ਵਿੱਚ ਪੱਖਪਾਤੀ ਅਤੇ ਗੈਰਜਿੰਮੇਵਾਰ ਮਾਹੌਲ ਸਿਰਜਕੇ ਰਾਜ ਨੂੰ ਬਦਹਾਲੀ ਦੇ ਆਲਮ ਵੱਲ ਧੱਕ ਰਹੀ ਹੈ।