Follow us

03/01/2025 10:02 am

Search
Close this search box.
Home » News In Punjabi » ਚੰਡੀਗੜ੍ਹ » ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ  ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ; ਚੋਣ ਨੁਕਤੇ ਤੇ ਚਾਨਣਾ ਪਾਇਆ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ  ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ; ਚੋਣ ਨੁਕਤੇ ਤੇ ਚਾਨਣਾ ਪਾਇਆ

ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਨਫ਼ਰਤੀ ਭਾਸ਼ਣ, ਧਾਰਮਿਕ ਜਾਂ ਜਾਤੀ ਆਧਾਰਤ ਵੋਟ ਮੰਗਣ, ਵਿਰੋਧੀਆਂ ‘ਤੇ ਨਿੱਜੀ ਹਮਲਿਆਂ ਤੋਂ ਬਚਣਾ ਚਾਹੀਦਾ ਹੈ: ਸਿਬਿਨ ਸੀ

ਚੰਡੀਗੜ੍ਹ :

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਲੋਕ ਸਭਾ ਚੋਣਾਂ-2024 ਦੇ ਜ਼ਰੂਰੀ ਪਹਿਲੂਆਂ ਤੋਂ ਜਾਣੂੰ  ਕਰਵਾਉਣ ਲਈ ਸੂਬੇ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਚੋਣ ਪ੍ਰਕਿਰਿਆ ਦੀ ਵਿਸਤ੍ਰਿਤ ਜਾਣਕਾਰੀ ਤੋਂ ਇਲਾਵਾ ਵੋਟਰਾਂ ਦੀ ਕੁੱਲ ਸੰਖਿਆ (2,12,71,246), ਮਰਦ ਵੋਟਰ (1,11,92,959), ਔਰਤ ਵੋਟਰ (1,00,77,543), ਟਰਾਂਸਜੈਂਡਰ ਵੋਟਰ (744), ਅਪਾਹਜ ਵਿਅਕਤੀ (1,57,257), ਓਵਰਸੀਜ਼ ਵੋਟਰ (1597) ਅਤੇ ਪੋਲਿੰਗ ਸਟੇਸ਼ਨਾਂ ਦੀ ਗਿਣਤੀ (24,433) ਵਰਗੇ ਮੁੱਖ ਅੰਕੜਿਆਂ ਨੂੰ ਉਜਾਗਰ ਕੀਤਾ।

ਇਸਦੇ ਨਾਲ ਹੀ ਉਨ੍ਹਾਂ ਅਪਾਹਜ ਵੋਟਰਾਂ ਅਤੇ 85 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਘਰ ਤੋਂ ਵੋਟ ਪਾਉਣ ਦੀ ਚੋਣ ਕਰਨ ਦੇ ਅਧਿਕਾਰ ਬਾਰੇ ਦੱਸਿਆ।

ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐਮ) ਦੀ ਉਪਲਬਧਤਾ ਬਾਰੇ, ਸਿਬਿਨ ਸੀ ਨੇ ਦੱਸਿਆ ਕਿ ਸੂਬੇ ਵਿਚ 150 ਫ਼ੀਸਦੀ ਈਵੀਐਮ ਦੀ ਉਪਲਬਧਤਾ ਹੈ, ਜੋ ਲੋੜ ਤੋਂ 50 ਫ਼ੀਸਦੀ ਵੱਧ ਹੈ। ਇਸ ਤੋਂ ਇਲਾਵਾ, ਉਨ੍ਹਾਂ ਭਰੋਸਾ ਦਿੱਤਾ ਕਿ ਸਾਰੇ ਪੋਲਿੰਗ ਸਟੇਸ਼ਨਾਂ ਨੂੰ ਜ਼ਰੂਰੀ ਸਹੂਲਤਾਂ ਜਿਵੇਂ ਕਿ ਰੈਂਪ, ਪਾਣੀ ਦੀ ਸਪਲਾਈ, ਉਚਿਤ ਰੋਸ਼ਨੀ ਦੇ ਪ੍ਰਬੰਧ ਅਤੇ ਪਖਾਨੇ ਆਦਿ ਨਾਲ ਲੈਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਪੋਲਿੰਗ ਸਟੇਸ਼ਨ ਵੋਟਰਾਂ ਦੇ ਪਤੇ ਤੋਂ 2 ਕਿਲੋਮੀਟਰ ਦੇ ਅੰਦਰ ਸੁਵਿਧਾਜਨਕ ਤੌਰ ‘ਤੇ ਸਥਿਤ ਹੋਣਗੇ।

ਮੁੱਖ ਚੋਣ ਅਧਿਕਾਰੀ ਨੇ ਚੋਣ ਪ੍ਰਕਿਰਿਆ ਦੀਆਂ ਵੱਖ-ਵੱਖ ਗੱਲਾਂ ਬਾਰੇ ਵਿਸਥਾਰ ਨਾਲ ਦੱਸਦਿਆਂ ਲੋਕ ਸਭਾ ਚੋਣਾਂ ਲਈ ਉਮੀਦਵਾਰ ਦੀ ਯੋਗਤਾ, ਅਯੋਗਤਾ ਦੇ ਉਪਬੰਧ (ਸੰਵਿਧਾਨਕ ਅਤੇ ਵਿਧਾਨਕ), ਨਾਮਜ਼ਦਗੀ ਪ੍ਰਕਿਰਿਆਵਾਂ, ਨਾਮਜ਼ਦਗੀਆਂ ਨੂੰ ਰੱਦ ਕਰਨ ਦੇ ਆਧਾਰ ਅਤੇ ਨਾਮਜ਼ਦਗੀਆਂ ਵਾਪਸ ਲੈਣ ਦੇ ਨਿਯਮਾਂ ਦੇ ਨਾਲ-ਨਾਲ ਚੋਣ ਨਿਸ਼ਾਨ ਅਲਾਟਮੈਂਟ ਨਿਯਮਾਂ ਬਾਰੇ ਪੂਰੀ ਜਾਣਕਾਰੀ ਦਿੱਤੀ।

ਇਸ ਦੌਰਾਨ ਸਿਬਿਨ ਸੀ ਨੇ ਆਦਰਸ਼ ਚੋਣ ਜ਼ਾਬਤੇ ਦੇ ਮੁੱਖ ਉਪਬੰਧਾਂ ਦੀ ਰੂਪਰੇਖਾ ਬਾਰੇ ਵੀ ਦੱਸਿਆ। ਉਨ੍ਹਾਂ ਅਪੀਲ ਕੀਤੀ ਕਿ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਨਫ਼ਰਤ ਭਰੇ ਭਾਸ਼ਣ, ਧਾਰਮਿਕ ਜਾਂ ਜਾਤੀ ਅਧਾਰਤ ਵੋਟ ਮੰਗਣ, ਵਿਰੋਧੀਆਂ ‘ਤੇ ਨਿੱਜੀ ਹਮਲਿਆਂ ਜਾਂ ਗੈਰ-ਪ੍ਰਮਾਣਿਤ ਰਿਪੋਰਟਾਂ ਦੇ ਆਧਾਰ ‘ਤੇ ਆਲੋਚਨਾ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਮੀਟਿੰਗਾਂ ਅਤੇ ਹੋਰ ਸਮਾਗਮਾਂ ਲਈ ਜ਼ਿਲ੍ਹਾ ਅਧਿਕਾਰੀਆਂ ਤੋਂ ਅਗਾਊਂ ਇਜਾਜ਼ਤ ਲੈਣ ਬਾਰੇ ਵੀ ਕਿਹਾ।

ਮੀਟਿੰਗ ਮੌਕੇ ਸੁਵਿਧਾ ਪੋਰਟਲ ਅਤੇ ਨਾਮਜ਼ਦਗੀ ਪ੍ਰਕਿਰਿਆ ਨੂੰ ਸਰਲ ਬਣਾਉਣ ਅਤੇ ਰਾਜਨੀਤਿਕ ਪਾਰਟੀਆਂ ਲਈ ਵੱਖ-ਵੱਖ ਇਜਾਜ਼ਤਾਂ ਪ੍ਰਾਪਤ ਕਰਨ ਵਿੱਚ ਇਸਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ ਗਈ । ਸੁਵਿਧਾ ਪੋਰਟਲ ਰਾਹੀਂ ਉਮੀਦਵਾਰ ਆਨਲਾਈਨ ਨਾਮਜ਼ਦਗੀਆਂ ਅਤੇ ਹਲਫੀਆ ਬਿਆਨ ਦਾਖਲ ਕਰ ਸਕਦੇ ਹਨ, ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ ਰਿਟਰਨਿੰਗ ਅਫਸਰਾਂ ਨਾਲ ਮੀਟਿੰਗਾਂ ਦਾ ਸਮਾਂ ਤੈਅ ਕਰ ਸਕਦੇ ਹਨ ਅਤੇ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾ ਸਕਦੇ ਹਨ।

ਮੀਟਿੰਗ ਵਿੱਚ ਵਧੀਕ ਮੁੱਖ ਚੋਣ ਅਧਿਕਾਰੀ ਹਰੀਸ਼ ਨਈਅਰ ਤੇ ਅਭਿਜੀਤ ਕਪਲਿਸ਼, ਸੰਯੁਕਤ ਸੀਈਓ ਸਕੱਤਰ ਸਿੰਘ ਬੱਲ ਅਤੇ ਸੀਈਓ ਦਫ਼ਤਰ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

dawn punjab
Author: dawn punjab

Leave a Comment

RELATED LATEST NEWS

Top Headlines

Live Cricket

Rashifal