ਚੰਡੀਗੜ੍ਹ: ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਚੰਡੀਗੜ/ ਮੋਹਾਲੀ, ਪੀ.ਐੱਸ. ਯੂ. ( ਲਲਕਾਰ), ਸਟੂਡੈਂਟਸ ਫਾਰ ਸੁਸਾਇਟੀ ਤੇ ਆਇਸਾ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਟੂਡੈਂਟ ਸੈਂਟਰ ਤੇ ਸਾਂਝੇ ਤੌਰ ਤੇ ਇਜਰਾਈਲ ਵੱਲੋਂ ਫਲਸਤੀਨ ਉਪਰ ਹਮਲੇ ਤੇ ਫਲਸਤੀਨੀਆਂ ਦੇ ਕਤਲੇਆਮ ਦੇ ਖਿਲਾਫ ਇੱਕ ਫੋਟੋ ਪ੍ਰਦਰਸ਼ਨੀ ਲਗਾਈ ਗਈ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ।
ਪ੍ਰੈਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਜਮਹੂਰੀ ਅਧਿਕਾਰ ਸਭਾ ਚੰਡੀਗੜ ਇਕਾਈ ਦੇ ਜਨਰਲ ਸਕੱਤਰ ਮਨਪ੍ਰੀਤ ਸਿੰਘ, ਜਿਲਾ ਕਮੇਟੀ ਮੈਂਬਰ ਵਿਪਿਨ ਤੇ ਅਮਨ ਨੇ ਕਿਹਾ ਪਿਛਲੇ 7 ਅਕਤੂਬਰ ਤੋਂ ਇਜਰਾਈਲ ਵੱਲੋਂ ਨਿਰਦੋਸ਼ ਫਲਸਤੀਨੀ ਲੋਕਾਂ ਦੀ ਨਸਲਕੁਸ਼ੀ ਨੂੰ ਵੱਡੇ ਪੱਧਰ ਤੇ ਅੰਜਾਮ ਦਿੱਤਾ ਜਾ ਰਿਹਾ ਹੈ। ਫਲਸਿਤੀਨੀ ਜੱਥੇਬੰਦੀ ਹਮਾਸ ਵੱਲੋਂ ਇਜਰਾਈਲ ਉਪਰ ਕੀਤੇ ਹਮਲੇ ਨੂੰ ਬਹਾਨੇ ਵਜੋਂ ਵਰਤਦਿਆਂ, ਨਿਰਦੋਸ਼ ਫਲੀਸਤੀਨੀ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹਸਪਤਾਲਾਂ, ਰੀਫਿਉਜੀ ਕੈਪਾਂ, ਤੇ ਰਿਹਾਇਸ਼ੀ ਇਲਾਕਿਆਂ ਵਿਚ ਵਸਦੇ ਨਿਰਦੋਸ਼ ਲੋਕਾਂ, ਖਾਸ ਕਰ ਮਾਸੂਮ ਬੱਚਿਆਂ ਦਾ ਵੱਡੇ ਪੱਧਰ ਤੇ ਕਤਲੇਆਮ ਕੀਤਾ ਗਿਆ ਹੈ। ਹੁਣ ਤੱਕ 11000 ਤੋਂ ਉਪਰ ਨਿਰਦੋਸ਼ ਲੋਕ ਕਤਲ ਕੀਤੇ ਜਾ ਚੁੱਕੇ ਹਨ ਜਿਹਨਾਂ ਵਿੱਚੋ ਅੱਧ ਦੇ ਕਰੀਬ ਬੱਚੇ ਹਨ।ਇਜਰਾਈਲ ਦੀ ਇਸ ਧਾੜਵੀ ਕਾਰਵਾਈ ਨੂੰ ਦੁਨੀਆਂ ਦੇ ਸਾਰੇ ਤਾਕਤਵਰ ਮੁਲਕ ਤੇ ਉਹਨਾਂ ਦਾ ਸਰਗਣਾ ਅਮਰੀਕਾ ਦੀ ਹਿਮਾਇਤ ਹਾਸਲ ਹੈ।
ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਜਮਹੂਰੀ ਅਧਿਕਾਰ ਸਭਾ ਦੇ ਜਨਰਲ ਸੱਕਤਰ ਮਨਪ੍ਰੀਤ ਸਿੰਘ ਨੇ ਕਿਹਾ ਕਿ ਇਜਰਾਈਲ ਇੱਕ ਧਾੜਵੀ ਮੁਲਕ ਹੈ ਜਿਸਨੇ ਨਾ ਸਿਰਫ ਫਲਸਤੀਨ ਦੀ ਧਰਤੀ ਤੇ ਕਬਜਾ ਕਰਕੇ ਇਸਦੀ ਹੋਂਦ ਨੂੰ ਬਹੁਤ ਛੋਟੇ ਇਲਾਕੇ ਤੱਕ ਸੀਮਤ ਕਰ ਦਿੱਤਾ ਹੈ, ਸਗੋਂ ਦਹਾਕਿਆਂ ਤੋਂ ਨਿਰਦੋਸ਼ ਫਲੀਸਤੀਨੀ ਲੋਕਾਂ ਦੇ ਅਨੇਕਾਂ ਕਤਲੇਆਮ ਰਚਾਏ ਹਨ।
ਉਨਾਂ ਕਿਹਾ ਕਿ ਸਾਮਰਾਜੀ ਮੁਲਕ ਤੇ ਉਨ੍ਹਾਂ ਦਾ ਮੀਡੀਆ ਇਜਰਾਈਲ ਦੇ ਹਮਲੇ ਨੂੰ ਇਸ ਕਰਕੇ ਵਾਜਬ ਕਰਾਰ ਦੇ ਰਿਹਾ ਹੈ ਕਿ ਇਹ ਹਮਾਸ ਵਲੋਂ ਇਜਰਾਈਲ ਤੇ ਕੀਤੇ ਹਮਲੇ ਦੇ ਬਦਲੇ ਵਿੱਚ ਕੀਤੀ ਕਾਰਵਾਈ ਹੈ। ਜਦੋਂਕਿ ਹਕੀਕਤ ਇਹ ਹੈ ਕਿ ਹਮਾਸ ਦਾ ਹਮਲਾ ਕੋਈ ਬੇਮੁਹਾਰੀ ਕਰਵਾਈ ਨਹੀਂ ਸੀ ਸਗੋਂ ਇਸਤੋਂ ਪਹਿਲਾਂ ਇਜਰਾਈਲ ਨੇ ਪੱਛਮੀ ਕੰਢੇ ਤੇ ਹਮਾਸ ਕਾਰਕੁਨਾਂ ਨੂੰ ਚੁਣਵੇਂ ਨਿਸ਼ਾਨਾ ਬਣਾਇਆ ਗਿਆ ਤੇ 250 ਦੇ ਕਰੀਬ ਹਮਾਸ ਕਾਰਕੁਨਾਂ ਨੂੰ ਚੁਣ ਚੁਣ ਕੇ ਕਤਲ ਕੀਤਾ ਗਿਆ ਤੇ ਸੰਸਾਰ ਪ੍ਰਸਿੱਧ ਅਲ – ਅਕਸਾ ਮਸਜਿਦ ਨੂੰ ਢਹਿ ਢੇਰੀ ਕੀਤਾ ਗਿਆ ਸੀ, ਤੇ ਇਹੀ ਕਾਰਵਾਈਆਂ ਹਮਾਸ ਦੇ ਹਮਲੇ ਦਾ ਕਰਨ ਬਣੀਆਂ ਹਨ।
ਪੀ.ਐੱਸ. ਯੂ. ( ਲਲਕਾਰ) ਦੇ ਆਗੂ ਜੋਬਨਪ੍ਰੀਤ ਨੇ ਕਿਹਾ ਕਿ ਫਲਸਤੀਨ ਦੇ ਲੋਕਾਂ ਦੀ ਲੜਾਈ ਆਪਣੀ ਮਾਤ – ਭੂਮੀ ਦੀ ਅਜਾਦੀ ਦੀ ਲੜਾਈ ਹੈ ਤੇ ਇਜਰਾਈਲ ਦਾ ਹਮਲਾ ਇੱਕ ਧਾੜਵੀ ਹਮਲਾ ਹੈ ਤੇ ਸਾਮਰਾਜੀ ਮੁਲਕਾਂ ਤੇ ਅਮਰੀਕਾ ਵੱਲੋਂ ਇਜਰਾਈਲ ਦੀ ਹਿਮਾਇਤ ਅਸਲ ਵਿੱਚ ਦਹਿਸ਼ਤਗਰਦੀ ਤੇ ਨਸਲਕੁਸ਼ੀ ਦੀ ਹਿਮਾਇਤ ਹੈ।
ਐੱਸ. ਐੱਫ. ਐੱਸ ਦੇ ਆਗੂ ਸੰਦੀਪ ਨੇ ਕਿਹਾ ਦੁਨੀਆ ਭਰ ਦੇ ਇਨਸਾਫ ਪਸੰਦ ਤੇ ਜਮਹੂਰੀ ਲੋਕਾਂ ਨੂੰ ਫਲਸਤੀਨ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਨ ਦੀ ਲੋੜ ਨੂੰ ਹੁੰਗਾਰਾ ਭਰਦਿਆਂ ਤੇ ਦੁਨੀਆ ਭਰ ਚ ਫਲਸਤੀਨ ਦੇ ਹੱਕ ਚ ਬੁਲੰਦ ਹੋ ਰਹੀ ਅਵਾਜ ਨਾਲ ਅਵਾਜ ਰਲਾਉਣ ਲਈ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।
ਵਿਦਿਆਰਥੀ ਜਥੇਬੰਦੀ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੀ ਆਗੂ ਸੌਮਿਆ ਨੇ ਕਿਹਾ ਗਾਜਾ ਵਿੱਚ ਹੋ ਰਿਹਾ ਕਤਲੇਆਮ ਬਹੁਤ ਵੱਡੀ ਮਨੁੱਖੀ ਤਰਾਸਦੀ ਹੈ ਤੇ ਸਾਮਰਾਜੀ ਮੁਲਕਾਂ ਵੱਲੋਂ ਇਸਦੀ ਹਿਮਾਇਤ ਸ਼ਰਮਨਾਕ ਹੈ।
ਇਸਦੇ ਨਾਲ ਹੀ ਹਿਸਟਰੀ ਵਿਭਾਗ ਦੇ ਖੋਜਾਰਥੀ ਜ਼ਾਹਿਦ ਵੱਲੋਂ ਵੀ ਸੰਬੋਧਨ ਕੀਤਾ ਗਿਆ। ਜਮਹੂਰੀ ਅਧਿਕਾਰ ਸਭਾ ਦੀ ਪ੍ਰੈਸ ਸਕੱਤਰ ਅਮਨ ਵੱਲੋ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਗਈ।