ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਹੇਠ ਪਾਰਟੀ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਤਨਦੇਹੀ ਨਾਲ ਨਿਭਾਵਾਂਗਾ ਜਿੰਮੇਵਾਰੀ : ਡਿਪਟੀ ਮੇਅਰ
ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੂੰ ਕਾਂਗਰਸ ਪਾਰਟੀ ਨੇ ਉਹਨਾਂ ਵੱਲੋਂ ਪਾਰਟੀ ਦੀ ਕੀਤੀ ਜਾ ਰਹੀ ਸੇਵਾ ਦੇ ਮੱਦੇ ਨਜ਼ਰ ਆਉਂਦੀਆਂ ਲੋਕ ਸਭਾ ਚੋਣਾਂ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਵਾਰ ਰੂਮ ਕਮੇਟੀ ਦਾ ਕੋ-ਚੇਅਰਮੈਨ ਨਿਯੁਕਤ ਕੀਤਾ ਹੈ। ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਪੰਜਾਬ ਦੇ ਪ੍ਰਭਾਰੀ ਦਵਿੰਦਰ ਯਾਦਵ ਨੇ ਇਸ ਸਬੰਧੀ ਬਣਾਈ ਪੰਜ ਮੈਂਬਰੀ ਕਮੇਟੀ ਵਿੱਚ ਚੇਅਰਮੈਨ ਹਰਦੀਪ ਸਿੰਘ ਕਿੰਗਰ ਦੇ ਨਾਲ ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੂੰ ਕੋ ਚੇਅਰਮੈਨ ਦੀ ਅਹਿਮ ਜਿੰਮੇਵਾਰੀ ਸੌਂਪੀ ਹੈ।
ਇਥੇ ਜ਼ਿਕਰ ਯੋਗ ਹੈ ਕਿ ਕਾਂਗਰਸ ਪਾਰਟੀ ਵੱਲੋਂ ਪੰਜਾਬ ਵਿੱਚ ਆਉਂਦੀਆਂ ਲੋਕ ਸਭਾ ਚੋਣਾਂ ਵਾਸਤੇ ਵੱਡੇ ਪੱਧਰ ਤੇ ਜਿੱਤ ਹਾਸਿਲ ਕਰਨ ਲਈ ਭਰਪੂਰ ਮਿਹਨਤ ਕੀਤੀ ਜਾ ਰਹੀ ਹੈ ਅਤੇ ਇਸ ਦੇ ਤਹਿਤ ਲੋਕ ਸਭਾ ਚੋਣਾਂ ਲੜਾਉਣ ਲਈ ਵਾਰ ਰੂਮ ਕਮੇਟੀ ਦੀ ਸਥਾਪਨਾ ਵੀ ਕੀਤੀ ਗਈ ਹੈ ਤਾਂ ਜੋ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਣਾਇਆ ਜਾ ਸਕੇ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਪਾਰਟੀ ਨੇ ਉਹਨਾਂ ਨੂੰ ਬਹੁਤ ਵੱਡੀ ਜਿੰਮੇਵਾਰੀ ਸੌਂਪੀ ਹੈ ਅਤੇ ਇਸ ਜਿੰਮੇਵਾਰੀ ਨੂੰ ਨਿਭਾਉਣ ਲਈ ਉਹ ਹਰ ਉਪਰਾਲਾ ਕਰਨਗੇ ਅਤੇ ਪੂਰੀ ਤਨਦੇਹੀ ਨਾਲ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਵਾਰ ਰੂਮ ਕਮੇਟੀ ਦੇ ਚੇਅਰਮੈਨ ਹਰਦੀਪ ਸਿੰਘ ਕਿੰਗਰ ਦੀ ਅਗਵਾਈ ਹੇਠ ਉਚਿਤ ਵਿਉਤ ਬੰਦੀ ਕਰਨਗੇ।
ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਭਾਰਤ ਦੇ ਲੋਕ ਇਸ ਗੱਲ ਤੋਂ ਭਲੀ ਭਾਂਤ ਜਾਣੂ ਹੋ ਚੁੱਕੇ ਹਨ ਕਿ ਇਸ ਵਾਰ ਕਾਂਗਰਸ ਪਾਰਟੀ ਨੂੰ ਹੀ ਦੇਸ਼ ਦੀ ਸੱਤਾ ਤੇ ਲਿਆਉਣਾ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਸਿਰਫ ਜੁਮਲੇਬਾਜ ਪਾਰਟੀ ਬਣ ਕੇ ਰਹਿ ਗਈ ਹੈ ਜੋ ਲੋਕਾਂ ਨੂੰ ਭਰਮਾਉਣ ਦਾ ਹੀ ਕੰਮ ਕਰਦੀ ਹੈ ਅਤੇ ਧਰਮ ਦੇ ਨਾਂ ਤੇ ਲੋਕਾਂ ਵਿੱਚ ਵੰਡੀਆਂ ਪਾਉਂਦੀ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਧਰਮ ਨਿਰਪੇਖ ਪਾਰਟੀ ਹੈ ਜਿਸ ਦਾ ਮਕਸਦ ਹੀ ਸਦਭਾਵਨਾ ਹੈ ਅਤੇ ਲੋਕਾਂ ਵਿੱਚ ਨਫਰਤ ਦੀ ਥਾਂ ਪਿਆਰ ਪੈਦਾ ਕਰਨਾ ਹੈ ਤਾਂ ਹੀ ਭਾਰਤ ਦੇਸ਼ ਹੋਰ ਮਜ਼ਬੂਤ ਹੋ ਸਕਦਾ ਹੈ।
ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਲੋਕਤੰਤਰ ਦੀ ਹਤਿਆਰੀ ਪਾਰਟੀ ਬਣ ਚੁੱਕੀ ਹੈ ਅਤੇ ਇਸ ਦੀ ਮਿਸਾਲ ਚੰਡੀਗੜ੍ਹ ਦੇ ਮੇਅਰ ਦੀ ਇੱਕ ਛੋਟੀ ਜਿਹੀ ਚੋਣ ਬਣ ਗਈ ਹੈ ਜਿੱਥੇ ਜਿੱਤ ਹਾਸਲ ਕਰਨ ਲਈ ਭਾਰਤੀ ਜਨਤਾ ਪਾਰਟੀ ਨੇ ਸ਼ਰੇਆਮ ਲੋਕਤੰਤਰ ਦੀ ਹੱਤਿਆ ਕੀਤੀ ਹੈ। ਉਹਨਾਂ ਕਿਹਾ ਕਿ ਦੇਸ਼ ਦੀ ਸਰਵ ਉੱਚ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ। ਉਹਨਾਂ ਕਿਹਾ ਕਿ ਲੋਕਾਂ ਨੂੰ ਇਹ ਸਮਝ ਆ ਚੁੱਕੀ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਮੁੜ ਚੁਣਨ ਦਾ ਮਤਲਬ ਦੇਸ਼ ਵਿੱਚੋਂ ਲੋਕਤੰਤਰ ਨੂੰ ਖਤਮ ਕਰਨਾ ਹੈ ਇਸ ਲਈ ਲੋਕ ਕਾਂਗਰਸ ਪਾਰਟੀ ਨਾਲ ਵੱਡੇ ਪੱਧਰ ਤੇ ਜੁੜ ਰਹੇ ਹਨ।
ਉਹਨਾਂ ਦਾਅਵਾ ਕੀਤਾ ਕਿ ਆਉਂਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਪੰਜਾਬ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਹੇਠ ਸਾਰੀਆਂ ਸੀਟਾਂ ਉੱਤੇ ਜਿੱਤ ਹਾਸਿਲ ਕਰੇਗੀ ਅਤੇ ਦੇਸ਼ ਦੀ ਸੱਤਾ ਉੱਤੇ ਕਾਬਜ਼ ਹੋਵੇਗੀ ਅਤੇ ਇਸ ਵਾਸਤੇ ਹਰ ਵਰਕਰ ਤਨਦੇਹੀ ਨਾਲ ਪਾਰਟੀ ਦੇ ਹੱਕ ਵਿੱਚ ਮਿਹਨਤ ਕਰ ਰਿਹਾ ਹੈ।
