ਦਿੱਲੀ ਤੋਂ ਨਿਰਦੇਸ਼ ਲੈਣ ਵਾਲੀਆਂ ਪਾਰਟੀਆਂ ਨਹੀਂ ਸਗੋਂ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦਾ ਹੈ ਪੰਜਾਬੀਆਂ ਦੇ ਹਿਤਾਂ ਦੀ ਰੱਖਿਆ : ਚੰਦੂ ਮਾਜਰਾ
ਸ਼੍ਰੋਮਣੀ ਅਕਾਲੀ ਦਲ ਹਲਕਾ ਮੋਹਾਲੀ ਵੱਲੋਂ ਫੇਜ਼ 11 ਵਿੱਚ ਵਰਕਰ ਮਿਲਣੀ ਪ੍ਰੋਗਰਾਮ ਕਰਵਾਇਆ ਗਿਆ। ਇਸ ਦੀ ਅਗਵਾਈ ਸ਼ਹਿਰੀ ਪ੍ਰਧਾਨ ਕਮਲਜੀਤ ਸਿੰਘ ਰੂਬੀ ਨੇ ਕੀਤੀ। ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਹਲਕਾ ਮੋਹਾਲੀ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਇਸ ਦੌਰਾਨ ਪ੍ਰੋ. ਚੰਦੂਮਾਜਰਾ ਸਮੇਤ ਸਮੁੱਚੀ ਲੀਡਰਸ਼ੀਪ ਤੇ ਇਲਾਕਾ ਵਾਸੀਆਂ ਵੱਲੋਂ ਸੰਭੂ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਅਕਾਲ ਚਲਾਣਾ ਕਰ ਗਏ ਕਿਸਾਨ ਸ. ਗਿਆਨ ਸਿੰਘ ਨੂੰ ਸ਼ਰਧਾਜਲੀ ਭੇਂਟ ਕੀਤੀ ਤੇ ਮੌਜੂਦਾ ਹਾਲਾਤ ‘ਤੇ ਖੁੱਲ੍ਹ ਕੇ ਚਰਚਾ ਕੀਤੀ ।
ਇਸ ਮੌਕੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੋਹਾਲੀ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਅੱਜ ਸਮਾਂ ਹੈ ਕਿ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ। ਉਹਨਾਂ ਕਿਹਾ ਕਿ ਮੋਹਾਲੀ ਹਲਕੇ ਵਿੱਚ ਜਿੰਨਾ ਵਿਕਾਸ ਅਕਾਲੀ ਦਲ ਦੇ ਸਮੇਂ ਵਿੱਚ ਹੋਇਆ ਹੈ ਉਹਨਾਂ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ ਅਤੇ ਅੱਜ ਵੀ ਅਕਾਲੀ ਦਲ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦਾ ਸਿਹਰਾ ਪਹਿਲਾਂ ਕਾਂਗਰਸ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਚੁੱਕਣ ਦਾ ਯਤਨ ਕਰਦੀ ਹੈ। ਉਹਨਾਂ ਪ੍ਰੋਫੈਸਰ ਚੰਦੂ ਮਾਜਰਾ ਨੂੰ ਵਿਸ਼ਵਾਸ਼ ਦਵਾਇਆ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਅਤੇ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਜੋ ਵੀ ਉਮੀਦਵਾਰ ਖੜੇ ਕਰੇਗਾ ਉਸ ਦੀ ਜਿੱਤ ਲਈ ਇਲਾਕੇ ਦੇ ਵਰਕਰ ਦਿਨ ਰਾਤ ਇੱਕ ਕਰ ਦੇਣਗੇ ਅਤੇ ਇਹ ਸੀਟਾਂ ਜਿਤਾ ਕੇ ਪਾਰਟੀ ਦੀ ਝੋਲੀ ਵਿੱਚ ਪਾਉਣਗੇ।
ਇਸ ਮੌਕੇ ਬੋਲਦਿਆਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਸਮੂਹ ਅਕਾਲੀ ਵਰਕਰਾਂ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਕਮਰ ਕੱਸੇ ਕਸਣ ਲਈ ਕਿਹਾ। ਪ੍ਰੋਫੈਸਰ ਚੰਦੂ ਮਾਜਰਾ ਨੇ ਕਿਹਾ ਕਿ ਪੰਜਾਬ ਦੇ ਲੋਕ ਭਲੀ ਭਾਂਤ ਇਹ ਗੱਲ ਜਾਣ ਚੁੱਕੇ ਹਨ ਕਿ ਦਿੱਲੀ ਤੋਂ ਨਿਰਦੇਸ਼ ਲੈ ਕੇ ਚੱਲਣ ਵਾਲੀਆਂ ਸਰਕਾਰਾਂ ਪੰਜਾਬ ਦਾ ਭਲਾ ਨਹੀਂ ਕਰ ਸਕਦੀਆਂ। ਉਹਨਾਂ ਕਿਹਾ ਕਿ ਸਮੁੱਚੇ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਚੁੱਕੇ ਹਨ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਝੰਡਾ ਬਰਦਾਰ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੇ ਹਿੱਤਾਂ ਦੀ ਰੱਖਿਆ ਕਰ ਸਕਦੀ ਹੈ।
ਉਹਨਾਂ ਇਸ ਮੌਕੇ ਮੰਗ ਕੀਤੀ ਕਿ ਕੇਂਦਰ ਸਰਕਾਰ ਫੌਰੀ ਤੌਰ ਤੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰੇ। ਉਹਨਾਂ ਵਿਸ਼ੇਸ਼ ਤੌਰ ਤੇ ਹਰਿਆਣਾ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਸਰਕਾਰ ਨੇ ਪੰਜਾਬੀ ਕਿਸਾਨਾਂ ਉੱਤੇ ਇਸ ਤਰ੍ਹਾਂ ਤਸ਼ੱਦਦ ਕੀਤਾ ਹੈ ਜਿਵੇਂ ਪੰਜਾਬੀ ਕਿਸਾਨ ਦੇਸ਼ ਦੇ ਦੁਸ਼ਮਣ ਹੋਣ।
ਜਿਲਾ ਸ਼ਹਿਰੀ ਪ੍ਰਧਾਨ ਕਮਲਜੀਤ ਸਿੰਘ ਰੂਬੀ ਨੇ ਆਏ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਮ ਸਿੰਘ ਬਬਰਾ ਪ੍ਰਧਾਨ ਰਾਮਗੜੀਆ ਸਭਾ, ਮਨਜੀਤ ਸਿੰਘ ਮਾਨ ਪ੍ਰਧਾਨ ਦਸ਼ਮੇਸ਼ ਵੈਲਫੇਅਰ ਕੌਂਸਲ, ਕਰਤਾਰ ਸਿੰਘ ਤਸਿੰਬਲੀ, ਸਰਬਜੀਤ ਸਿੰਘ ਪਾਰਸ, ਸਿਮਰਨ ਢਿੱਲੋਂ, ਸਤਿੰਦਰ ਸਿੰਘ ਗਿੱਲ, ਅਜੈਪਾਲ ਸਿੰਘ ਮਿੱਡੂਖੇੜਾ, ਹਰਮਨਪ੍ਰੀਤ ਸਿੰਘ ਪ੍ਰਿੰਸ, ਬਲਵਿੰਦਰ ਸਿੰਘ ਗੋਬਿੰਦਗੜ, ਗੁਰਮੀਤ ਸਿੰਘ ਸਾਮਪੁਰ, ਪਰਮਜੀਤ ਸਿੰਘ ਗਿੱਲ, ਸਵਿੰਦਰ ਸਿੰਘ ਲੱਖੋਵਾਲ, ਜਗਦੀਸ਼ ਸਿੰਘ ਸਰਾਉ, ਹਰਵਿੰਦਰ ਸਿੰਘ ਨੰਬਰਦਾਰ ਸੋਹਾਣਾ, ਸੁਭਾਸ਼ ਸ਼ਰਮਾ, ਅਮਨ ਪੂਨੀਆਂ, ਰਮਨਦੀਪ ਸਿੰਘ ਬਾਵਾ ਹਾਜ਼ਰ ਸਨ।