ਮੋਹਾਲੀ ਹਲਕੇ ਵਿੱਚ ਸਿੱਧੂ ਭਰਾਵਾਂ ਨੂੰ ਅੱਜ ਉਸ ਸਮੇਂ ਭਾਰੀ ਝਟਕਾ ਲੱਗਿਆ ਜਦੋਂ ਉਹਨਾਂ ਦੇ ਨੇੜਲੇ ਪਾਰਸ ਮਹਾਜਨ ਨੇ ਸਾਬਕਾ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਦਾ ਪੱਲਾ ਫੜ ਲਿਆ। ਮੋਹਾਲੀ ਵਿੱਚ ਪਾਰਸ ਮਹਾਜਨ ਦੇ ਫੇਜ਼ 3ਬੀ 1 ਸਥਿਤ ਘਰ ਵਿੱਚ ਸੁਖਬੀਰ ਬਾਦਲ ਨੇ ਪੁੱਜ ਕੇ ਮਹਾਜਨ ਨੂੰ ਅਕਾਲੀ ਦਲ ਵਿੱਚ ਸ਼ਾਮਿਲ ਕਰਾਇਆ। ਇਥੇ ਜਿਕਰਯੋਗ ਹੈ ਕਿ ਪਾਰਸ ਮਹਾਜਨ ਸਾਬਕਾ ਕੈਬਨਟ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਅਤੇ ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਅਤਿ ਨੇੜਲੇ ਸਾਥੀ ਮੰਨੇ ਜਾਂਦੇ ਹਨ। ਉਹਨਾਂ ਵੱਲੋਂ ਅਕਾਲੀ ਦਲ ਜੁਆਇਨ ਕਰਨ ਨਾਲ ਸਿਆਸੀ ਗਲਿਆਰਿਆਂ ਵਿੱਚ ਅੱਜ ਸਾਰਾ ਦਿਨ ਚਰਚਾ ਛਿੜੀ ਰਹੀ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਸ ਮਹਾਜਨ ਨੂੰ ਪਾਰਟੀ ਵਿੱਚ ਜੀ ਆਇਆ ਆਖਦੇ ਆਂ ਕਿਹਾ ਕਿ ਮੋਹਾਲੀ ਵਿੱਚ ਵਿਕਾਸ ਦਾ ਕੰਮ ਸਿਰਫ ਅਤੇ ਸਿਰਫ ਅਕਾਲੀ ਦਲ ਨੇ ਹੀ ਕਰਵਾਇਆ ਹੈ। ਉਹਨਾਂ ਕਿਹਾ ਕਿ ਟਰਾਈ ਸਿਟੀ ਵਿੱਚ ਤੀਜੇ ਨੰਬਰ ਤੇ ਆਉਣ ਵਾਲਾ ਮੋਹਾਲੀ ਅੱਜ ਚੰਡੀਗੜ੍ਹ ਤੋਂ ਵੀ ਅੱਗੇ ਟੱਪ ਗਿਆ ਹੈ। ਉਹਨਾਂ ਕਿਹਾ ਕਿ ਮੋਹਾਲੀ ਦੇ ਵਿਕਾਸ ਦੀ ਸਾਰੀ ਪਲੈਨਿੰਗ ਅਤੇ ਵਿਜ਼ਨ ਅਕਾਲੀ ਦਲ ਦਾ ਰਿਹਾ ਹੈ। ਉਹਨਾਂ ਕਿਹਾ ਕਿ ਮਹਾਲੀ ਵਿੱਚ ਸੜਕਾਂ ਚੌੜੀਆਂ ਕਰਨ ਤੋਂ ਲੈ ਕੇ ਅੰਤਰਰਾਸ਼ਟਰੀ ਏਅਰਪੋਰਟ ਲਿਆਉਣ ਤੱਕ ਦਾ ਸਾਰਾ ਕੰਮ ਅਕਾਲੀ ਦਲ ਦੀ ਸਰਕਾਰ ਵੇਲੇ ਹੋਇਆ ਜਿਸ ਨਾਲ ਮੋਹਾਲੀ ਦਾ ਸਿਸਟਮ ਹੀ ਬਦਲ ਗਿਆ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਅਕਾਲੀ ਦਲ ਦੀ ਸਰਕਾਰ ਕਾਇਮ ਰਹੀ ਹੁੰਦੀ ਤਾਂ ਮੋਹਾਲੀ, ਗੁੜਗਾਉਂ, ਹੈਦਰਾਬਾਦ ਬੰਗਲੌਰ ਵਾਂਗ ਇਕਨੋਮਿਕ ਹੱਬ ਬਣਿਆ ਹੁੰਦਾ। ਉਹਨਾਂ ਕਿਹਾ ਕਿ ਪਹਿਲਾਂ ਪੰਜ ਸਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਖਰਾਬ ਕਰ ਦਿੱਤੇ। ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਰਾਬੀ ਗਰਦਾਨਦਿਆਂ ਕਿਹਾ ਕਿ ਪੰਜਾਬ ਵਿਕਾਸ ਦੇ ਮਾਮਲੇ ਵਿੱਚ ਘੱਟੋ ਘੱਟ 10 ਸਾਲ ਪਿੱਛੇ ਪੈ ਗਿਆ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਤੁਰੰਤ ਫੈਸਲੇ ਕਰਕੇ ਵਿਕਾਸ ਕੀਤਾ ਜਾਂਦਾ ਸੀ। ਤੇ ਇੱਕ ਦਿਨ ਵਿੱਚ 130 ਮੰਡੀਆਂ ਦੇ ਸੀਵਰੇਜ ਦਾ ਕੰਮ ਕਰਵਾਇਆ ਗਿਆ ਸੀ। ਉਹਨਾਂ ਕਿਹਾ ਕਿ ਇੱਕ ਦਿਨ ਵਿੱਚ ਰੇਲਵੇ ਫਾਟਕਾਂ ਨੂੰ ਦੂਰ ਕਰਨ ਵਾਸਤੇ 190 ਫਲਾਈ ਓਵਰ ਬਣਾਉਣ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ।
ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਖੇਤਰੀ ਪਾਰਟੀਆਂ ਅਤੇ ਕੇਂਦਰ ਦੀਆਂ ਪਾਰਟੀਆਂ ਵਿੱਚ ਜਮੀਨ ਅਸਮਾਨ ਦਾ ਅੰਤਰ ਹੁੰਦਾ ਹੈ। ਖੇਤਰੀ ਪਾਰਟੀਆਂ ਲਈ ਸੂਬਾ ਸਭ ਤੋਂ ਅਹਿਮ ਹੁੰਦਾ ਹੈ ਅਤੇ ਸੂਬੇ ਦੇ ਵਿਕਾਸ ਲਈ ਖੇਤਰੀ ਪਾਰਟੀਆਂ ਫੈਸਲੇ ਲੈਂਦੀਆਂ ਹਨ ਤੇ ਜਿੱਥੋਂ ਤੱਕ ਦਿੱਲੀ ਵਾਲੀਆਂ ਪਾਰਟੀਆਂ ਦਾ ਸਵਾਲ ਹੈ ਤਾਂ ਜੋ ਦਿੱਲੀ ਤੋਂ ਹੁਕਮ ਆਉਂਦਾ ਹੈ ਉਹ ਪਾਰਟੀਆਂ ਉਹੀ ਕਰਦੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਨੂੰ ਬਚਾਉਣਾ ਹੈ ਤਾਂ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨਾ ਪਵੇਗਾ ਨਹੀਂ ਤਾਂ ਪੰਜਾਬ ਬਹੁਤ ਥੱਲੇ ਚਲਾ ਜਾਵੇਗਾ ਅਤੇ ਬਾਕੀ ਸੂਬੇ ਆਪਣੇ ਤੋਂ ਉੱਤੇ ਲੰਘ ਜਾਣਗੇ।