ਆਪਣੀ ਮੰਡੀਆਂ ਵਿੱਚ ਕਿਸਾਨਾਂ ਨੂੰ ਵੱਧੇਰੀ ਸਹੂਲਤਾਂ ਦੇਣਾ ਮੁੱਖ ਮਕਸਦ
ਆਨਲਾਇਨ ਕੰਮ ਨੂੰ ਨੇਪਰੇ ਚਾੜ੍ਹਣ ਦੇ ਲਈ ਮੰਡੀ ਬੋਰਡ ਨੇ ਤਿਆਰ ਕੀਤਾ ਆਪਣਾ ਸਾਫਟਵੇਅਰ
ਐਸ.ਏ.ਐਸ. ਨਗਰ / ਮੋਹਾਲੀ : ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿਖੇ ਆਪਣੀ ਮੰਡੀ ਸਕੀਮ ਤਹਿਤ ਆਨਲਾਈਨ ਰਜਿਸਟ੍ਰੇਸ਼ਨ ਅਤੇ ਪਹਿਚਾਣ ਪੱਤਰ ਬਣਾਉਣ ਲਈ ਵੈਬ-ਪੋਰਟਲ ਲਾਂਚ ਕਰਨ ਲਈ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬਤੌਰ ਮੁੱਖ ਮਹਿਮਾਨ ਵਜੋਂ ਸ. ਹਰਚੰਦ ਸਿੰਘ ਬਰਸਟ, ਚੇਅਰਮੈਨ, ਪੰਜਾਬ ਮੰਡੀ ਬੋਰਡ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਲੋਂ ਉਕਤ ਵੈਬ-ਪੋਰਟਲ ਨੂੰ ਲਾਂਚ ਕੀਤਾ ਗਿਆ।
ਸਮਾਗਮ ਦੌਰਾਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਦੱਸਿਆ ਕਿ ਇਹ ਵੈਬ ਪੋਰਟਲ ਟ੍ਰਾਇਲ ਬੇਸਿਜ ਤੇ ਪੰਜਾਬ ਅਤੇ ਚੰਡੀਗੜ੍ਹ ਦੀਆਂ ਆਪਣੀ ਮੰਡੀਆਂ ਅਤੇ ਕਿਸਾਨ ਮੰਡੀਆਂ ਵਿਖੇ ਚਲਾਇਆ ਗਿਆ ਹੈ। ਇਸ ਵੈਬ-ਪੋਰਟਲ ਰਾਹੀਂ ਆਪਣੀ ਮੰਡੀ ਤੇ ਕਿਸਾਨ ਮੰਡੀ ਵਿੱਚ ਆਉਣ ਵਾਲੇ ਕਿਸਾਨਾਂ ਅਤੇ ਰਿਟੇਲਰਾਂ ਦੀ ਆਨਲਾਈਨ ਰਜਿਸਟ੍ਰੇਸ਼ਨ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਇੱਕ ਪਹਿਚਾਣ ਪੱਤਰ (ਆਈ.ਡੀ. ਕਾਰਡ) ਮੁਹੱਈਆ ਕਰਵਾਇਆ ਜਾਵੇਗਾ, ਤਾਂ ਜੋ ਉਹ ਬਿਨਾਂ ਕਿਸੇ ਸਮੱਸਿਆ ਤੋਂ ਮੰਡੀ ਵਿੱਚ ਆ ਕੇ ਆਪਣਾ ਕਾਰੋਬਾਰ ਕਰ ਸਕਣ।
ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਰਿਟੇਲਰਾਂ ਦੀ ਰਜਿਸਟ੍ਰੇਸ਼ਨ ਮਗਰੋਂ ਮੰਡੀਆਂ ਵਿੱਚ ਕੰਮਾਂ ਨੂੰ ਸੁਚਾਰੂ ਅਤੇ ਪਾਰਦ੍ਰਸ਼ੀ ਢੰਗ ਨਾਲ ਚਲਾਉਣਾ ਹੋਰ ਵੀ ਸੌਖਾ ਹੋ ਜਾਵੇਗਾ ਅਤੇ ਬੋਰਡ ਕੋਲ ਵੀ ਮੰਡੀ ਵਿੱਚ ਕਾਰੋਬਾਰ ਕਰਨ ਵਾਲਿਆਂ ਦੀ ਪੂਰੀ ਜਾਣਕਾਰੀ ਹੋਵੇਗੀ। ਇਸ ਨਾਲ ਜਿੱਥੇ ਮੰਡੀਆਂ ਵਿੱਚ ਪ੍ਰਬੰਧ ਕਰਨ ਵਿੱਚ ਆਸਾਨੀ ਹੋਵੇਗੀ, ਉੱਥੇ ਹੀ ਕਿਸਾਨਾਂ ਅਤੇ ਲੋਕਾਂ ਦੀ ਸਮੱਸਿਆਵਾਂ ਨੂੰ ਵੀ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾ ਸਕੇਗਾ।
ਸ. ਬਰਸਟ ਨੇ ਦੱਸਿਆ ਕਿ ਇਸ ਆਨਲਾਈਨ ਪ੍ਰਕਿਰਿਆ ਨੂੰ ਸ਼ੁਰੂ ਕਰਨ ਦਾ ਮੁੱਖ ਮੰਤਵ ਪੰਜਾਬ ਸਰਕਾਰ ਦੀਆਂ ਸਕੀਮਾਂ ਦਾ ਕਿਸਾਨਾਂ ਅਤੇ ਲੇਕਾਂ ਨੂੰ ਸਿੱਧਾ ਲਾਭ ਦੇਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਕਿਸਾਨਾਂ ਨਾਲ ਖੜੀ ਹੈ ਅਤੇ ਉਨ੍ਹਾਂ ਦੀ ਬਿਹਤਰੀ ਲਈ ਲਗਾਤਾਰ ਕਾਰਜ ਕਰ ਰਹੀ ਹੈ। ਇਸ ਮੌਕੇ ਸ. ਗੁਰਿੰਦਰ ਸਿੰਘ ਚੀਮਾ, ਮੁੱਖ ਇੰਜੀਨਿਅਰ, ਸ. ਮਨਜੀਤ ਸਿੰਘ ਸੰਧੂ, ਜੀ.ਐਮ. ਅਸਟੇਟ ਅਤੇ ਇੰਨਫੋਰਸਮੈਂਟ, ਸ. ਸਵਰਨ ਸਿੰਘ, ਡੀ.ਜੀ.ਐਮ. (ਮਾਰਕਿਟਿੰਗ) ਸਮੇਤ ਸਮੂਹ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹੇ।