ਪੰਜਾਬ ਦੇ ਮੁੱਖ ਚੋਣ ਅਫ਼ਸਰ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਕੌਮੀ ਔਸਤ ਨੂੰ ਪਾਰ ਕਰਨ ਲਈ ਵੱਧ ਤੋਂ ਵਧ ਮਤਦਾਨ ‘ਤੇ ਜ਼ੋਰ ਦਿੱਤਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ :
ਮੁੱਖ ਚੋਣ ਅਫ਼ਸਰ, ਪੰਜਾਬ, ਸਿਬਿਨ ਸੀ ਨੇ ਅੱਜ ਸੂਬੇ ਭਰ ਵਿੱਚ ਸਿਸਟਮੈਟਿਕ ਵੋਟਰ ਐਜੂਕੇਸ਼ਨ ਅਤੇ ਇਲੈਕਟੋਰਲ ਪ੍ਰੋਸੈਸ (ਸਵੀਪ) ਗਤੀਵਿਧੀਆਂ ਤਹਿਤ ਜਨ ਜਾਗਰੂਕਤਾ ਮੁਹਿੰਮ ਸ਼ੁਰੂ ਕਰਕੇ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਮਤਦਾਨ ਵਧਾਉਣ ‘ਤੇ ਜ਼ੋਰ ਦਿੱਤਾ ਹੈ।
ਐਮਿਟੀ ਯੂਨੀਵਰਸਿਟੀ, ਮੋਹਾਲੀ ਵਿਖੇ ਕਰਵਾਏ ਗਏ ਸੂਬਾ ਪੱਧਰੀ ਕੌਮੀ ਵੋਟਰ ਦਿਵਸ ਸਮਾਰੋਹ ਦੀ ਪ੍ਰਧਾਨਗੀ ਕਰਦੇ ਹੋਏ, ਮੁੱਖ ਚੋਣ ਅਫਸਰ ਨੇ ਕਿਹਾ, “ਇਸ ਸਾਲ ਦੇ ਰਾਸ਼ਟਰੀ ਵੋਟਰ ਦਿਵਸ ਦੀ ਥੀਮ “ਵੋਟਿੰਗ ਵਰਗਾ ਕੁਝ ਨਹੀਂ, ਮੈਂ ਯਕੀਨੀ ਤੌਰ ‘ਤੇ ਵੋਟ ਕਰਾਂਗਾ।” ਰੱਖਿਆ ਗਿਆ ਹੈ। ਅਗਾਮੀ ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਇੱਕ ਬਹੁਤ ਹੀ ਢੁਕਵਾਂ ਵਿਸ਼ਾ ਹੈ, ਕਿਉਂਕਿ ਵੋਟਰ ਲੋਕਤੰਤਰ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਵੱਧ ਤੋਂ ਵੱਧ ਮਤਦਾਨ ਯਕੀਨੀ ਬਣਾਉਣ ਨਾਲ ਲੋਕਤੰਤਰ ਮਜ਼ਬੂਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਲਗਾਤਾਰ ਕੋਸ਼ਿਸ਼ ਵੋਟਰਾਂ ਨੂੰ ਸਿੱਖਿਅਤ, ਪ੍ਰੇਰਿਤ ਕਰਨਾ, ਸਹੂਲਤ ਪ੍ਰਦਾਨ ਕਰਨਾ, ਵੋਟਰ ਪ੍ਰਕਿਰਿਆ ਵਿੱਚ ਸ਼ਾਮਿਲ ਕਰਨਾ ਅਤੇ ਸਸ਼ਕਤ ਕਰਨਾ ਹੈ ਤਾਂ ਜੋ ਉਹ ਆਪਣੀ ਲੋਕਤੰਤਰੀ ਭੂਮਿਕਾ ਪ੍ਰਭਾਵਸ਼ਾਲੀ ਢੰਗ ਨਾਲ ਨਿਭਾ ਸਕਣ। ਉਨ੍ਹਾਂ ਕਿਹਾ ਕਿ ਆਉ 14ਵੇਂ ਕੌਮੀ ਵੋਟਰ ਦਿਵਸ ਦੇ ਇਸ ਵਿਸ਼ੇਸ਼ ਮੌਕੇ ‘ਤੇ ਚੋਣਾਂ ਨੂੰ ਸਮਾਵੇਸ਼ੀ, ਪਹੁੰਚਯੋਗ ਅਤੇ ਇਸ ਵਿੱਚ ਜਨ ਭਾਗੀਦਾਰ ਨੂੰ ਯਕੀਨੀ ਬਣਾਉਣ ਪ੍ਰਤੀ ਆਪਣੀ ਵਚਨਬੱਧਤਾ ਨੂੰ ਦ੍ਰਿੜ ਕਰੀਏ।
ਉਨ੍ਹਾਂ ਇਸ ਮੌਕੇ ਵੋਟ ਦੀ ਵਰਤੋਂ ਕਰਨ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਚੋਣ ਜਾਗਰੂਕਤਾ ਮਸਕਟ ਸ਼ੇਰਾ 2.0 ਵੀ ਜਾਰੀ ਕੀਤਾ।
ਇਸ ਮੌਕੇ ਗੁਰਦਾਸਪੁਰ ਦੇ ਡੀ.ਸੀ. ਡਾ. ਹਿਮਾਂਸ਼ੂ ਅਗਰਵਾਲ ਆਈ.ਏ.ਐਸ., ਨੂੰ ਸਾਲ 2023-24 ਲਈ ਜਨਰਲ ਕੈਟਾਗਰੀ ਵਿੱਚ ਸਰਵੋਤਮ ਇਲੈਕਟੋਰਲ ਪ੍ਰੈਕਟਿਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਜਦੋਂਕਿ ਸਟੇਟ ਨੋਡਲ ਪੁਲਿਸ ਆਫ਼ਿਸ ਪੰਜਾਬ ਨੂੰ ਇਸੇ ਸਾਲ ਲਈ ਜਨਰਲ ਕੈਟਾਗਰੀ ਪੁਲਿਸ ਵਿੱਚ ਸਰਵੋਤਮ ਇਲੈਕਟੋਰਲ ਪ੍ਰੈਕਟਿਸ ਪੁਰਸਕਾਰ ਦਿੱਤਾ ਗਿਆ। ਇਸ ਤੋਂ ਇਲਾਵਾ ਡਾ: ਸੁਰਜੀਤ ਲਾਲ ਸਹਾਇਕ ਸਵੀਪ ਨੋਡਲ ਅਫ਼ਸਰ ਜ਼ਿਲ੍ਹਾ ਜਲੰਧਰ ਅਤੇ ਪ੍ਰੋ. ਗੁਰਬਖ਼ਸ਼ੀਸ਼ ਸਿੰਘ ਸਵੀਪ ਨੋਡਲ ਅਫ਼ਸਰ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਸਾਲ 2023-24 ਵਿੱਚ ਸਵੀਪ ਵਿੱਚ ਕੀਤੇ ਸ਼ਾਨਦਾਰ ਕੰਮਾਂ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਰਤ ਦੇ ਮੁੱਖ ਚੋਣ ਕਮਿਸ਼ਨ ਸ਼੍ਰੀ ਰਾਜੀਵ ਕੁਮਾਰ ਦਾ ਇੱਕ ਵੀਡੀਓ ਸੰਦੇਸ਼ ਵੀ ਚਲਾਇਆ ਗਿਆ ਅਤੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਚਾਚਾ ਚੌਧਰੀ ਦੇ ਚਰਿੱਤਰ ‘ਤੇ ਆਧਾਰਿਤ ਐਨੀਮੇਟਡ ਫਿਲਮ ਦਿਖਾਈ ਗਈ। ਮੋਹਾਲੀ ਦੇ ਐਸਐਸਪੀ ਡਾਕਟਰ ਸੰਦੀਪ ਗਰਗ ਅਤੇ ਐਮਿਟੀ ਯੂਨੀਵਰਸਿਟੀ ਦੇ ਵੀ ਸੀ ਡਾ ਆਰ ਕੇ ਕੋਹਲੀ ਵੀ ਮੌਜੂਦ ਸਨ।
ਇਸ ਸਮਾਗਮ ਵਿੱਚ ਚੋਣ ਕਮਿਸ਼ਨ ਦੇ ਪੰਜਾਬ ਸਟੇਟ ਆਈਕੋਨ ਵਜੋਂ ਨਾਮਵਰ ਪੰਜਾਬੀ ਗਾਇਕ ਅਤੇ ਅਦਾਕਾਰ ਤਰਸੇਮ ਜੱਸੜ ਵੀ ਸ਼ਾਮਿਲ ਹੋਏ। ਉਨ੍ਹਾਂ ਨੇ ਨੌਜਵਾਨ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹੋਣ ਤੋਂ ਬਾਅਦ ਵੋਟਰ ਵਜੋਂ ਆਪਣਾ ਨਾਮ ਦਰਜ ਕਰਵਾ ਕੇ ਚੋਣ ਪ੍ਰਕਿਰਿਆ ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਿਹੜੇ ਵੋਟਰ ਪਹਿਲਾਂ ਹੀ ਵੋਟਰ ਵਜੋਂ ਰਜਿਸਟਰਡ ਹਨ, ਉਹ ਚੋਣਾਂ ਦੌਰਾਨ ਆਪਣੀ ਵੋਟ ਜ਼ਰੂਰ ਪਾਉਣ।
ਸੀ.ਈ.ਓ. ਪੰਜਾਬ ਨੇ ਸਟੇਟ ਆਈਕਨ ਤਰਸੇਮ ਜੱਸੜ, ਮਰਹੂਮ ਅਮਰਜੀਤ ਸਿੰਘ ਆਨੰਦ (ਉਨ੍ਹਾਂ ਦੇ ਪੁੱਤਰ ਇਸ਼ਦੀਪ ਸਿੰਘ), ਗੁਰਪ੍ਰੀਤ ਸਿੰਘ ਨਾਮਧਾਰੀ (ਫਾਈਨ ਆਰਟ ਆਰਟਿਸਟ), ਜਗਦੀਪ ਸਿੰਘ ਪੀ.ਡਬਲਿਊ.ਡੀ. ਆਈਕਨ ਅਤੇ ਸ੍ਰੀਮਤੀ ਪੂਨਮ ਲਾਲ ਪੀ.ਡਬਲਯੂ.ਡੀ ਕੋਆਰਡੀਨੇਟਰ ਨੂੰ ਵੀ ਸਨਮਾਨਿਤ ਕੀਤਾ। ਉਨ੍ਹਾਂ ਨੇ ਹਾਜ਼ਰੀਨ ਨੂੰ ਸਹੁੰ ਵੀ ਚੁਕਾਈ ਅਤੇ ਪਹਿਲੀ ਵਾਰ ਵੋਟਰ ਬਣੇ ਨੌਜਵਾਨਾਂ ਨੂੰ ਮਤਦਾਤਾ ਫੋਟੋ ਸ਼ਨਾਖ਼ਤੀ ਕਾਰਡ ਵੀ ਸੌਂਪੇ।
ਜ਼ਿਲ੍ਹਾ ਪੱਧਰੀ ਇਨਾਮਾਂ ਵਿੱਚ ਐਸ.ਡੀ.ਐਮ. ਡੇਰਾਬੱਸੀ ਹਿਮਾਂਸ਼ੂ ਗੁਪਤਾ, ਸਰਕਾਰੀ ਪੋਲੀਟੈਕਨਿਕ ਖੂਨੀਮਾਜਰਾ ਤੋਂ ਡਾ. ਰਵਿੰਦਰ ਸਿੰਘ ਅਤੇ ਹਰਦੀਪ ਸਿੰਘ ਬੀ.ਐਲ.ਓ. ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ 18-19 ਸਾਲ ਦੀ ਉਮਰ ਦੇ ਵੋਟਰਾਂ ਨੂੰ ਰਜਿਸਟਰ ਕਰਵਾਉਣ ਲਈ 2000, 1500 ਅਤੇ 1000 ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ।
ਟਰੇਨਿੰਗ ਅਧੀਨ ਆਈ.ਏ.ਐਸ. ਡੇਵੀ ਗੋਇਲ, ਸੀ.ਡੀ.ਪੀ.ਓ. ਡੇਰਾਬੱਸੀ ਸੁਮਨ ਬਾਲਾ, ਜੂਨੀਅਰ ਸਹਾਇਕ ਰਵਿੰਦਰ ਕੌਰ, ਪਟਵਾਰੀ ਸਤਪਾਲ ਨੂੰ ਗੁਰਦੁਆਰਾ ਬੋਰਡ ਚੋਣ ਨਾਮਾਂਕਣ ਮੁਹਿੰਮ ਤਹਿਤ ਵੱਧ ਤੋਂ ਵੱਧ ਵੋਟਰਾਂ ਦਾ ਰਜਿਸਟਰੇਸ਼ਨ ਕਰਵਾਉਣ ਲਈ ਸਨਮਾਨਿਤ ਕੀਤਾ ਗਿਆ।
ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡਾ ਦੇਸ਼ ਵਿਸ਼ਵ ਵਿੱਚ ਇੱਕ ਲੋਕਤੰਤਰੀ ਦੇਸ਼ ਵਜੋਂ ਦਿਨ ਪ੍ਰਤੀ ਦਿਨ ਮਜ਼ਬੂਤ ਹੋ ਰਿਹਾ ਹੈ। ਅਸੀਂ ਦੇਸ਼ ਦੇ ਹਰ ਯੋਗ ਨਾਗਰਿਕ ਨੂੰ ਵੋਟ ਦਾ ਅਧਿਕਾਰ ਦਿਵਾਉਣ ਸਬੰਧੀ ਆਪਣੇ ਮਹਾਨ ਨੇਤਾਵਾਂ ਦੇ ਸੁਪਨੇ ਨੂੰ ਸਾਕਾਰ ਕਰਦੇ ਆ ਰਹੇ ਹਾਂ ਕਿਉਂਕਿ ਵੋਟਰ ਲੋਕਤੰਤਰ ਦੀ ਨੀਂਹ ਹਨ। ਉਨ੍ਹਾਂ ਨੇ ਅਗਾਮੀ ਲੋਕ ਸਭਾ ਚੋਣਾਂ ਦੌਰਾਨ ਪਾਰਦਰਸ਼ਤਾ ਅਤੇ ਸਮਾਵੇਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਪ੍ਰਤੀ ਵਚਨਬੱਧਤਾ ਪ੍ਰਗਟਾਈ। ਉਨ੍ਹਾਂ ਮੋਹਾਲੀ ਵਿਖੇ ਸੂਬਾ ਪੱਧਰੀ ਸਮਾਗਮ ਦੀ ਮੇਜ਼ਬਾਨੀ ਕਰਨ ਦਾ ਮੌਕਾ ਦੇਣ ਲਈ ਧੰਨਵਾਦ ਵੀ ਕੀਤਾ।
ਇਸ ਮੌਕੇ ਜ਼ਿਲ੍ਹਾ ਭਾਸ਼ਾ ਵਿਭਾਗ ਵੱਲੋਂ ਗਿੱਧੇ, ਵਾਣੀ ਇੰਟਰਨੈਸ਼ਨਲ ਸਕੂਲ ਫਾਰ ਹੀਅਰਿੰਗ ਇੰਪੇਅਰਡ ਦੇ ਵਿਦਿਆਰਥੀਆਂ ਵੱਲੋਂ ਭੰਗੜੇ ਅਤੇ ਪ੍ਰਸਿੱਧ ਡੀ.ਏ.ਆਰ. ਗਰੁੱਪ ਵੱਲੋਂ ਲੁੱਡੀ ਦੀ ਪੇਸ਼ਕਾਰੀ ਕੀਤੀ ਗਈ।
ਸਮਾਗਮ ਦੌਰਾਨ ਇਲੈਕਟੋਰਲ ਲਿਟਰੇਸੀ ਕਲੱਬਾਂ ਦੀਆਂ ਗਤੀਵਿਧੀਆਂ ਬਾਰੇ ਈ-ਪੱਤਰਿਕਾ ਦੇ ਪਹਿਲੇ ਐਡੀਸ਼ਨ ਨੂੰ ਡਿਜੀਟਲ ਰੂਪ ਵਿੱਚ ਲਾਂਚ ਕੀਤਾ ਗਿਆ ਅਤੇ ਪੇਸ਼ੇਵਰ ਅਤੇ ਸ਼ੌਂਕੀਆਂ ਸ਼੍ਰੇਣੀਆਂ ਵਿੱਚ ਆਨਲਾਈਨ ਪੇਂਟਿੰਗ ਮੁਕਾਬਲੇ ਦੇ ਨਾਵਾਂ ਦਾ ਐਲਾਨ ਕੀਤਾ ਗਿਆ।
ਇਸ ਤੋਂ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਜੀਵ ਸ਼ਿਆਮਕਰਨ ਤਿੜਕੇ ਅਤੇ ਐਸ.ਡੀ.ਐਮ. ਮੁਹਾਲੀ ਚੰਦਰਜੋਤੀ ਸਿੰਘ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੁਹਾਲੀ ਤੋਂ ਟਰੈਕਟਰ ਅਤੇ ਸਾਈਕਲ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਜੋ ਕਿ ਐਮਿਟੀ ਯੂਨੀਵਰਸਿਟੀ ਕੈਂਪਸ ਵਿੱਚ ਸਮਾਪਤ ਹੋਈ।