ਪਿੰਡਾਂ ਦੇ ਵਿਕਾਸ ਲਈ 16.5 ਲੱਖ ਰੁਪਏ ਦੀ ਗ੍ਰਾਂਟ ਦੇ ਚੈਕ ਵੰਡੇ, ਪਿੰਡ ਮੁਕੰਦਪੁਰ ਵਿੱਚ ਹੋਏ ਕਬੱਡੀ ਟੂਰਨਾਮੈਂਟ ਵਿੱਚ ਵੀ ਸ਼ਿਰਕਤ ਕੀਤੀ
ਬੰਗਾ/ਨਵਾਂਸ਼ਹਿਰ : ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਬੰਗਾ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਥਾਂਡੀਆਂ, ਚੱਕ ਬਿਲਗਾ, ਚੇਤਾ ਅਤੇ ਜਗਤਪੁਰ ਦਾ ਦੌਰਾ ਕੀਤਾ ਅਤੇ ਉਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਾਣਿਆ। ਉਨ੍ਹਾਂ ਪਿੰਡ ਮੁਕੰਦਪੁਰ ਵਿੱਚ ਕਰਵਾਏ ਗਏ ਖੇਡ ਟੂਰਨਾਮੈਂਟ ਵਿੱਚ ਵੀ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ। ਇਸ ਤੋਂ ਇਲਾਵਾ, ਉਨ੍ਹਾਂ ਇਲਾਕੇ ਦੇ ਵੱਖ-ਵੱਖ ਪਿੰਡਾਂ ਜਗਤਪੁਰ, ਚੱਕ ਬਿਲਗਾ, ਖਟਕੜ ਖੁਰਦ, ਅਟਾਰੀ ਸਣੇ ਦੁਸਹਿਰਾ ਗਰਾਊਂਡ ਬੰਗਾ ਦੇ ਵਿਕਾਸ ਲਈ ਕੁੱਲ 16.5 ਲੱਖ ਰੁਪਏ ਦੀ ਗ੍ਰਾਂਟ ਦੇ ਚੈੱਕ ਵੀ ਵੰਡੇ।
ਇਸ ਮੌਕੇ ਸੰਬੋਧਨ ਕਰਦਿਆਂ, ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਦੇਸ਼ ਦੇ ਵਿਕਾਸ ਲਈ ਕੰਮ ਕੀਤਾ ਹੈ। ਜਦੋਂਕਿ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਨੇ ਸਿਰਫ ਕਾਂਗਰਸ ਦੇ ਕੰਮਾਂ ’ਤੇ ਆਪਣੀ ਮੋਹਰ ਹੀ ਲਗਾਈ ਹੈ। ਇਸ ਤਹਿਤ ਕਾਂਗਰਸ ਦੇ ਸ਼ਾਸਨ ਦੌਰਾਨ ਹੀ ਮਨਰੇਗਾ ਸਕੀਮ ਲਿਆ ਕੇ ਲੋਕਾਂ ਨੂੰ 100 ਦਿਨਾਂ ਦੇ ਰੁਜ਼ਗਾਰ ਦੀ ਗਰੰਟੀ ਦਿੱਤੀ ਗਈ ਸੀ, ਅੱਜ ਵੀ ਇਸ ਸਕੀਮ ਦੀ ਹਾਲਤ ਉਹੀ ਹੈ। ਪਰ ਅਗਲੀ ਕਾਂਗਰਸ ਸਰਕਾਰ ਮਨਰੇਗਾ ਸਕੀਮ ਤਹਿਤ ਕੰਮ ਦੀ ਗਰੰਟੀ ਵਧਾ ਕੇ 365 ਦਿਨ ਕਰੇਗੀ। ਉਨ੍ਹਾਂ ਮਹਿੰਗਾਈ ‘ਤੇ ਵੀ ਕੇਂਦਰ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਕਾਂਗਰਸ ਦੇ ਸ਼ਾਸਨ ਦੌਰਾਨ 400 ਰੁਪਏ ‘ਚ ਮਿਲਣ ਵਾਲਾ ਰਸੋਈ ਗੈਸ ਸਿਲੰਡਰ ਅੱਜ 1100 ਰੁਪਏ ਦੇ ਕਰੀਬ ਪਹੁੰਚ ਗਿਆ ਹੈ। ਪਿਛਲੀ ਕਾਂਗਰਸ ਸਰਕਾਰ ਦੌਰਾਨ ਸੂਬੇ ਵਿੱਚ ਕਈ ਵਿਕਾਸ ਕਾਰਜ ਕਰਵਾਏ ਗਏ ਸਨ, ਜਿਸ ਤਹਿਤ ਚੱਕ ਬਿਲਗਾ ਤੋਂ ਮੁਕੰਦਪੁਰ ਤੱਕ 9.10 ਕਿਲੋਮੀਟਰ ਲੰਬੀ ਸੜਕ ਨੂੰ 2.65 ਕਰੋੜ ਰੁਪਏ ਦੀ ਲਾਗਤ ਨਾਲ 10 ਫੁੱਟ ਤੋਂ 18 ਫੁੱਟ ਚੌੜਾ ਕੀਤਾ ਜਾ ਰਿਹਾ ਹੈ।
ਇਸੇ ਤਰ੍ਹਾਂ, ਉਹ ਹਲਕੇ ਦੇ ਵਿਕਾਸ ਲਈ ਆਪਣੇ ਸੰਸਦੀ ਕੋਟੇ ਵਿੱਚੋਂ ਲਗਾਤਾਰ ਗਰਾਂਟਾਂ ਜਾਰੀ ਕਰ ਰਹੇ ਹਨ ਅਤੇ ਇਹ ਸਿਲਸਿਲਾ ਭਵਿੱਖ ਵਿੱਚ ਵੀ ਜਾਰੀ ਰਹੇਗਾ। ਇਸ ਮੌਕੇ ਉਨ੍ਹਾਂ ਪਿੰਡ ਥਾਂਡੀਆਂ ਵਿੱਚ 7 ਲੱਖ ਰੁਪਏ ਦੀ ਲਾਗਤ ਨਾਲ ਬਣੇ ਕਮਿਊਨਿਟੀ ਸੈਂਟਰ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਪਿੰਡਾਂ ਦੇ ਵਿਕਾਸ ਲਈ ਆਪਣੇ ਸੰਸਦੀ ਕੋਟੇ ਵਿੱਚੋਂ ਗਰਾਂਟਾਂ ਜਾਰੀ ਕਰਨ ਦਾ ਵੀ ਭਰੋਸਾ ਦਿੱਤਾ।
ਐਮ.ਪੀ ਤਿਵਾੜੀ ਨੇ ਪਿੰਡ ਮੁਕੰਦਪੁਰ ਵਿੱਚ ਕਰਵਾਏ ਗਏ ਕਬੱਡੀ ਟੂਰਨਾਮੈਂਟ ਵਿੱਚ ਵੀ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਅਤੇ ਪ੍ਰਬੰਧਕਾਂ ਦੀ ਹੌਸਲਾ ਅਫਜ਼ਾਈ ਕੀਤੀ।
ਸਾਬਕਾ ਵਿਧਾਇਕ ਤਰਲੋਚਨ ਸੂੰਡ ਨੇ ਕਿਹਾ ਕਿ ਕਈ ਪਿੰਡ ਅਜਿਹੇ ਹਨ, ਜਿਨ੍ਹਾਂ ਵਿੱਚ ਪਿਛਲੇ ਸਾਲਾਂ ਦੌਰਾਨ ਕੋਈ ਸੰਸਦ ਮੈਂਬਰ ਨਹੀਂ ਆਇਆ। ਪਰ ਸਾਂਸਦ ਮਨੀਸ਼ ਤਿਵਾੜੀ ਹੀ ਅਜਿਹੇ ਆਗੂ ਹਨ ਜੋ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਨਾ ਸਿਰਫ਼ ਜਾਣ ਰਹੇ ਹਨ, ਸਗੋਂ ਵਿਕਾਸ ਕਾਰਜਾਂ ਲਈ ਆਪਣੇ ਸੰਸਦੀ ਕੋਟੇ ਵਿੱਚੋਂ ਗਰਾਂਟਾਂ ਵੀ ਜਾਰੀ ਕਰ ਰਹੇ ਹਨ।
ਇਨ੍ਹਾਂ ਪ੍ਰੋਗਰਾਮਾਂ ਦੌਰਾਨ ਹੋਰਨਾਂ ਤੋਂ ਇਲਾਵਾ, ਸਾਬਕਾ ਵਿਧਾਇਕ ਤਰਲੋਚਨ ਸੂੰਡ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਦਰਵਜੀਤ ਪੂਨੀਆ, ਕੁਲਵਰਨ ਸਿੰਘ ਥਾਂਡੀਆਂ ਸਰਪੰਚ ਤੇ ਬਲਾਕ ਕਾਂਗਰਸ ਪ੍ਰਧਾਨ, ਸੁਖਦੇਵ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਜੋਗਾ ਸਿੰਘ ਬਲਾਕ ਸਮਿਤੀ ਮੈਂਬਰ, ਕੰਵਲਜੀਤ ਬੰਗਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਹਰਭਜਨ ਸਿੰਘ ਭਰੋਲੀ ਸਾਬਕਾ ਬਲਾਕ ਪ੍ਰਧਾਨ, ਰਘਬੀਰ ਬਿੱਲਾ, ਰਾਮਦਾਸ ਸਿੰਘ ਬਲਾਕ ਪ੍ਰਧਾਨ ਔੜ, ਜਰਨੈਲ ਸਿੰਘ ਸਾਬਕਾ ਸਰਪੰਚ, ਲਖਵਿੰਦਰ ਸਿੰਘ ਸਰਪੰਚ, ਰਣਜੀਤ ਸਿੰਘ ਨੰਬਰਦਾਰ, ਬਲਵੰਤ ਸਿੰਘ ਸਰਪੰਚ, ਸਤਪਾਲ ਪੰਚ, ਕੌਸ਼ਲਿਆ ਪੰਚ, ਜਸਵਿੰਦਰ ਪੰਚ, ਕੁਲਦੀਪ ਸਿੰਘ ਗਿੱਲ ਐਨ.ਆਰ.ਆਈ., ਅਮਰਜੀਤ ਪੰਚ, ਰੂਪਲਾਲ ਚੇਤਾ ਸਾਬਕਾ ਸਰਪੰਚ, ਪਰਮਜੀਤ ਸਿੰਘ ਸਾਬਕਾ ਸਰਪੰਚ, ਸ. ਪੰਚ, ਜਸਵੀਰ ਸਿੰਘ ਸਰਪੰਚ, ਰਾਮ ਲੁਭਾਇਆ ਸਰਪੰਚ, ਰਾਮ ਲੁਭਾਇਆ ਚੇਅਰਮੈਨ ਰਾਮ ਲੀਲਾ ਕਮੇਟੀ, ਬਾਬਾ ਦਵਿੰਦਰ ਕੌਰ ਪ੍ਰਧਾਨ, ਸੁਨੀਲ ਦੱਤ ਗੋਗੀ ਉਪ ਪ੍ਰਧਾਨ, ਗੁਲਸ਼ਨ ਕੁਮਾਰ ਜਨਰਲ ਸਕੱਤਰ, ਜੇ.ਡੀ ਠਾਕੁਰ ਸਕੱਤਰ, ਰਜਿੰਦਰ ਅਗਰਵਾਲ ਕੈਸ਼ੀਅਰ, ਮਨੀਸ਼ ਪਾਠਕ ਮੈਂਬਰ, ਇੰਦਰਜੀਤ ਸਿੰਘ ਨੰਬਰਦਾਰ ਵੀ ਹਾਜ਼ਰ ਸਨ |