ਚੰਡੀਗੜ੍ਹ : ਚੰਡੀਗੜ੍ਹ ਤੋਂ ਇੰਡੀਆ ਗਠਜੋੜ ਦੇ ਸਾਂਝੇ ਉਮੀਦਵਾਰ ਮਨੀਸ਼ ਤਿਵਾੜੀ ਦੇ ਹੱਕ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਰੋਡ ਸ਼ੋਅ ਵਿੱਚ 50 ਹਜ਼ਾਰ ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ।
ਇਸ ਦੌਰਾਨ ਇੰਝ ਲੱਗ ਰਿਹਾ ਸੀ, ਜਿਵੇਂ ਪੂਰਾ ਸ਼ਹਿਰ ਦਿੱਲੀ ਦੇ ਮੁੱਖ ਮੰਤਰੀ ਨੂੰ ਦੇਖਣ ਲਈ ਇਕੱਠਾ ਹੋ ਗਿਆ ਹੋਵੇ। ਜਿੱਥੇ ਨੌਜਵਾਨਾਂ ਵਿੱਚ ਬੇਮਿਸਾਲ ਉਤਸ਼ਾਹ ਦੇਖਣ ਨੂੰ ਮਿਲਿਆ, ਜਿਹੜੇ ਕੇਜਰੀਵਾਲ ਅਤੇ ਤਿਵਾੜੀ ਦੀਆਂ ਗੱਡੀਆਂ ਦੇ ਨਾਲ-ਨਾਲ ਘੁੰਮਦੇ ਵੀ ਦੇਖੇ ਗਏ। ਰੋਡ ਸ਼ੋਅ ਦੌਰਾਨ ਲੋਕਾਂ ਦੀ ਰਿਕਾਰਡ ਤੋੜ ਭੀੜ ਦੇਖਣ ਨੂੰ ਮਿਲੀ। ਜਿਸ ਦੌਰਾਨ ਕੇਜਰੀਵਾਲ ਅਤੇ ਤਿਵਾੜੀ ਭੀੜ ਵੱਲ ਹੱਥ ਹਿਲਾ ਰਹੇ ਸਨ।
ਇਸ ਮੌਕੇ ਕਾਂਗਰਸ ਅਤੇ ‘ਆਪ’ ਦੇ ਵਰਕਰ ਤਿਵਾੜੀ ਦੇ ਸਮਰਥਨ ‘ਚ ਨਾਅਰੇ ਲਿਖੇ ਝੰਡੇ ਅਤੇ ਤਖ਼ਤੀਆਂ ਲੈ ਕੇ ਨਜ਼ਰ ਆਏ।
ਰੋਡ ਸ਼ੋਅ ਦੌਰਾਨ ਬੋਲਦਿਆਂ, ਕੇਜਰੀਵਾਲ ਨੇ ਕਿਹਾ ਕਿ ਤਿਵਾੜੀ ਸਿਰਫ਼ ਗਠਜੋੜ ਦੇ ਉਮੀਦਵਾਰ ਹੀ ਨਹੀਂ, ਸਗੋਂ ਉਨ੍ਹਾਂ ਦੇ ਨਿੱਜੀ ਮਿੱਤਰ ਵੀ ਹਨ, ਜਿਨ੍ਹਾਂ ਲਈ ਉਹ ਨੇ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਚੰਡੀਗੜ੍ਹ ਆਏ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਰਗੇ ਪੜ੍ਹੇ-ਲਿਖੇ ਅਤੇ ਸੂਝਵਾਨ ਸਮਾਜ ਦੀ ਨੁਮਾਇੰਦਗੀ ਕਰਨ ਲਈ ਤਿਵਾੜੀ ਸਭ ਤੋਂ ਯੋਗ ਉਮੀਦਵਾਰ ਹਨ।
ਦਿੱਲੀ ਦੇ ਮੁੱਖ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਭੀੜ ਨੂੰ ਦੇਖ ਕੇ ਉਨ੍ਹਾਂ ਨੂੰ ਯਕੀਨ ਹੈ ਕਿ ਤਿਵਾੜੀ ਰਿਕਾਰਡ ਫਰਕ ਨਾਲ ਜਿੱਤਣਗੇ।
ਉਨ੍ਹਾਂ ਕਿਹਾ ਕਿ ਇਹ ਚੋਣ ਦੇਸ਼ ਵਿੱਚ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਲਈ ਹੈ, ਨਹੀਂ ਤਾਂ ਇਹ ਤਾਨਾਸ਼ਾਹੀ ਵਿੱਚ ਬਦਲ ਜਾਵੇਗਾ।
ਤਿਵਾੜੀ ਨੇ ਦਿੱਲੀ ਦੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਆਪਣੇ ਪਹਿਲਾਂ ਤੋਂ ਹੀ ਤੈਅ ਰੁਝੇਵਿਆਂ ਦੇ ਬਾਵਜੂਦ ਚੰਡੀਗੜ੍ਹ ਲਈ ਸਮਾਂ ਕੱਢਿਆ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਤਾਨਾਸ਼ਾਹੀ ਵਿਰੁੱਧ ਵਿਰੋਧ ਦੀ ਜਿਉਂਦੀ ਜਾਗਦੀ ਮਿਸਾਲ ਹਨ, ਜਿਨ੍ਹਾਂ ਨੇ ਆਪਣੇ ਸਿਧਾਂਤਾਂ ਨਾਲ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ।
ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਕਾਂਗਰਸ ਅਤੇ ‘ਆਪ’ ਵਰਕਰ ਮਿਲ ਕੇ ਚੰਡੀਗੜ੍ਹ ਵਿੱਚ ਇਤਿਹਾਸ ਰਚਣਗੇ।
ਇਸ ਰੋਡ ਸ਼ੋਅ ਦੌਰਾਨ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚ.ਐੱਸ ਲੱਕੀ, ‘ਆਪ’ ਆਗੂ ਐੱਸ.ਐੱਸ ਆਹਲੂਵਾਲੀਆ ਸਮੇਤ ਸੀਨੀਅਰ ਕਾਂਗਰਸੀ ਤੇ ‘ਆਪ’ ਆਗੂ ਹਾਜ਼ਰ ਸਨ।
