ਚੰਡੀਗੜ੍ਹ : ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ “ਸਿੱਧੂ ਮੂਸੇਵਾਲਾ” ਦਾ ਨਵਾਂ ਗੀਤ ਦੀਵਾਲੀ ‘ਤੇ ਰਿਲੀਜ਼ ਹੋਵੇਗਾ। ਮਰਹੂਮ ਮੂਸੇਵਾਲਾ ਦੀ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਨੇ ਨਵੇਂ ਗੀਤ ਦਾ ਪੋਸਟਰ ਸੋਸ਼ਲ ਮੀਡੀਆ ‘ਤੇ ਰਿਲੀਜ਼ ਕੀਤਾ ਹੈ। 12 ਨਵੰਬਰ ਦੀਵਾਲੀ ‘ਤੇ ਪ੍ਰਸ਼ੰਸਕ 12 ਵਜੇ ਦੁਪਹਿਰ ਇਸ ਗੀਤ ਨੂੰ ਸੁਣ ਸਕਣਗੇ, ਇਸ ਗੀਤ ਦੇ ਬੋਲਾਂ ਦਾ ਪ੍ਰਵਾਰ ਵਲੋਂ ਅਜੇ ਤਕ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ, ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ ਪੰਜਵਾਂ ਗੀਤ ਹੈ।
ਪੋਸਟਰ ਜਾਰੀ ਕਰਨ ਦੇ ਨਾਲ ਹੀ ਮਾਂ ਚਰਨ ਕੌਰ ਨੇ ਇਕ ਸੁਨੇਹਾ ਵੀ ਲਿਖਿਆ, “ਆ ਗਿਆ ਮੇਰਾ ਬੱਬਰ ਸ਼ੇਰ ਤੇ ਸੋਡਾ ਭਰਾ ਧੱਕ ਪਾਉਣ, ਸੌਖਾ ਨਹੀਂ ਰਾਹ ਖਾਲ੍ਹੀ ਕਰਦੇ”।
ਪਰ ਇਸ ਪੋਸਟਰ ਦੇ ਰਿਲੀਜ਼ ਹੋਣ ਦੇ ਨਾਲ ਹੀ ਇਕ ਵਾਰ ਫਿਰ ਸਿੱਧੂ ਮੂਸੇਵਾਲਾ ਅਤੇ ਗੀਤ ਵਾਚ ਆਊਟ ਨੂੰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਸਰਚ ਕੀਤਾ ਜਾ ਰਿਹਾ ਹੈ। ਇਸ ਗੀਤ ਤੋਂ ਪਹਿਲਾਂ ਗੀਤ ਚੋਰਨੀ 8 ਜੁਲਾਈ 2023 ਨੂੰ ਰਿਲੀਜ਼ ਹੋਇਆ ਸੀ। ਜਿਸ ਨੂੰ ਯੂਟਿਊਬ ‘ਤੇ ਹੁਣ ਤਕ 5.4 ਕਰੋੜ ਲੋਕ ਦੇਖ ਚੁੱਕੇ ਹਨ। ਇਸ ਗੀਤ ਨੂੰ ਪਹਿਲੇ ਦੋ ਘੰਟਿਆਂ ਵਿਚ ਹੀ 2 ਲੱਖ ਲੋਕਾਂ ਨੇ ਸੁਣਿਆ ਸੀ।
ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹੁਣ ਤਕ ਕੁੱਲ 4 ਗੀਤ ਰਿਲੀਜ਼ ਹੋ ਚੁੱਕੇ ਹਨ। SYL ਗੀਤ 23 ਜੂਨ 2022 ਨੂੰ ਰਿਲੀਜ਼ ਹੋਇਆ ਸੀ। ਜਿਸ ਵਿਚ ਮੂਸੇਵਾਲਾ ਨੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਉਠਾਇਆ ਸੀ। ਇਸ ਗੀਤ ਨੂੰ 72 ਘੰਟਿਆਂ ਵਿਚ 2.7 ਕਰੋੜ ਵਿਊਜ਼ ਮਿਲ ਚੁੱਕੇ ਹਨ। ਇਸ ਤੋਂ ਬਾਅਦ ਇਸ ਗੀਤ ਨੂੰ ਭਾਰਤ ਵਿਚ ਬੈਨ ਕਰ ਦਿਤਾ ਗਿਆ ਸੀ। ਜਦਕਿ ਦੂਜਾ ਗੀਤ ਵਾਰ ਸੀ। ਜੋ ਪਿਛਲੇ ਸਾਲ 8 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਰਿਲੀਜ਼ ਹੋਇਆ ਸੀ। ਮੂਸੇਵਾਲਾ ਨੇ ਇਹ ਗੀਤ ਜਰਨੈਲ ਹਰੀ ਸਿੰਘ ਨਲੂਆ ਨੂੰ ਸਮਰਪਿਤ ਕੀਤਾ ਸੀ। ਜਦਕਿ ਤੀਜਾ ਗੀਤ ‘ਮੇਰਾ ਨਾਮ’ 7 ਅਪ੍ਰੈਲ 2023 ਨੂੰ ਰਿਲੀਜ਼ ਹੋਇਆ ਸੀ।