ਮੋਹਾਲੀ ਦੇ ਕਈ ਵੱਡੇ ਸੰਸਥਾਨ ਡਾਕਟਰ ਮਨਮੋਹਨ ਸਿੰਘ ਦੀ ਦੇਣ : ਕੁਲਜੀਤ ਸਿੰਘ ਬੇਦੀ
ਮੋਹਾਲੀ: ਆਉਂਦੀ 7 ਜਨਵਰੀ, ਦਿਨ ਮੰਗਲਵਾਰ ਨੂੰ ਸਮੁੱਚੇ ਮੋਹਾਲੀ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਡਾ. ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤਰੀ ਨੂੰ ਸਮਰਪਿਤ ਸਾਚਾ ਧੰਨ ਗੁਰਦੁਆਰਾ ਸਾਹਿਬ ਵਿਖੇ ਯਾਦਗਾਰੀ ਸਮਾਗਮ ਕਰਵਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਮੇਅਰ ਮੋਹਾਲੀ, ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਇਸ ਸਮਾਗਮ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਕਰਕੇ ਅਰਦਾਸ ਕੀਤੀ ਜਾਵੇਗੀ। ਇਸ ਮੌਕੇ ਭਾਈ ਲਖਵਿੰਦਰ ਸਿੰਘ ਚੰਡੀਗੜ੍ਹ ਵਾਲੇ ਵੈਰਾਗਮਈ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਦਾ ਮੋਹਾਲੀ ਸ਼ਹਿਰ ਨਾਲ ਡੂੰਘਾ ਰਿਸ਼ਤਾ ਰਿਹਾ ਹੈ। ਤੇ ਉਹਨਾਂ ਨੇ ਮੋਹਾਲੀ ਸ਼ਹਿਰ ਵਾਸਤੇ ਕਈ ਵੱਡੇ ਸੰਸਥਾਨ ਦਿੱਤੇ ਹਨ। ਉਹਨਾਂ ਕਿਹਾ ਕਿ ਪੰਜਾਬ ਹਮੇਸ਼ਾ ਡਾਕਟਰ ਮਨਮੋਹਨ ਸਿੰਘ ਦੇ ਦਿਲ ਨਾਲ ਲੱਗਿਆ ਰਿਹਾ ਤੇ ਭਾਵੇਂ ਪੰਜਾਬ ਵਿੱਚ ਸਰਕਾਰ ਕਿਸੇ ਦੀ ਵੀ ਰਹੀ ਹੋਵੇ, ਡਾਕਟਰ ਸਾਹਿਬ ਨੇ ਪੰਜਾਬ ਦੇ ਵਿਕਾਸ ਲਈ ਹਮੇਸ਼ਾ ਵੱਧ ਤੋਂ ਵੱਧ ਗਰਾਂਟਾਂ ਦਿੱਤੀਆਂ। ਮੋਹਾਲੀ ਦੇ ਆਈਐਸਈਆਰ ਇੰਸਟੀਚਿਊਟ, ਇੰਡੀਅਨ ਸਕੂਲ ਆਫ ਬਿਜਨਸ ਮੋਹਾਲੀ ਨੂੰ ਡਾਕਟਰ ਮਨਮੋਹਨ ਸਿੰਘ ਦੀ ਹੀ ਦੇਣ ਹਨ।
ਉਹਨਾਂ ਇਸ ਮਹਾਨ ਆਤਮਾ ਅਤੇ ਸੱਚੇ ਦੇਸ਼ ਭਗਤ ਡਾਕਟਰ ਮਨਮੋਹਨ ਸਿੰਘ ਦੀ ਆਤਮਿਕ ਸ਼ਾਂਤੀ ਲਈ ਉਹਨਾਂ ਨੂੰ ਸਮਰਪਿਤ ਇਸ ਸਮਾਗਮ ਵਿੱਚ ਸਮੂਹ ਇਲਾਕਾ ਵਾਸੀਆਂ, ਸਿਆਸੀ, ਸਮਾਜਿਕ ਤੇ ਧਾਰਮਿਕ ਆਗੂਆਂ ਨੂੰ ਹਾਜ਼ਰੀ ਲਗਾਈ ਕੇ ਸ਼ਰਧਾ ਦੇ ਫੁੱਲ ਭੇਟ ਕਰਨ ਦੀ ਬੇਨਤੀ ਕੀਤੀ ਹੈ।
ਸਮਾਗਮ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।