ਸ਼੍ਰੋਮਣੀ ਅਕਾਲੀ ਦਲ ਮੁਲਾਜ਼ਮ ਵਿੰਗ ਪੰਜਾਬ ਦੀ ਮੀਟਿੰਗ ਮੁਹਾਲੀ ਵਿਖੇ ਹੋਈ, ਜਿਸ ਵਿਚ ਸਰਕਾਰ ਦੇ ਮੁਲਾਜ਼ਮਾਂ / ਪੈਨਸ਼ਨਰਾਂ ਅਤੇ ਪੰਜਾਬ ਵਿਰੋਧੀ ਨੀਤੀਆਂ ਦੀ ਹੋਈ ਕਰੜੀ ਅਲੋਚਨਾ
ਮੋਹਾਲੀ: ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਦੀ ਸੂਬਾ ਪੱਧਰੀ ਮੀਟਿੰਗ ਅੱਜ ਮਿਤੀ 07.03.2024 ਨੂੰ ਮੁਹਾਲੀ ਵਿਖੇ ਸੂਬਾ ਪ੍ਰਧਾਨ ਈਸ਼ਰ ਸਿੰਘ ਮੰਝਪੁਰ ਦੀ ਪ੍ਰਧਾਨਗੀ ਹੇਠ ਹੋਈ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਵਿੰਦਰ ਸਿੰਘ ਲੱਖੋਵਾਲ, ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਬੁਲਾਰੇ ਨੇ ਦੱਸਿਆ ਕਿ ਮੀਟਿੰਗ ਵਿੱਚ ਪੰਜਾਬ ਸਰਕਾਰ ਦੇ ਪੈਨਸ਼ਨਰਾਂ ਦੇ ਮਸਲਿਆਂ ਤੋਂ ਇਲਾਵਾ ਅਕਾਲੀ ਦਲ ਵਿੱਚ ਆਈ ਏਕਤਾ ਦਾ ਸਵਾਗਤ ਕੀਤਾ ਗਿਆ।
ਅੱਜ ਦੀ ਇਕੱਤਰਤਾ ਸਰਕਾਰ ਪਾਸੋਂ ਮੰਗ ਕਰਦੀ ਹੈ ਕਿ ਕਿਸਾਨਾਂ ਦੇ ਮਸਲੇ ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾਣ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਪੰਜਾਬ ਵਾਸੀ ਯੋਗ ਨੌਜਵਾਨਾਂ ਨੂੰ ਅਣਡਿੱਠ ਕਰਕੇ ਬਾਹਰੀ ਸੂਬਿਆਂ ਦੇ ਆਯੋਗ ਨੌਜਵਾਨ ਜੋ ਮੈਟਰਿਕ ਪੱਧਰ ਤੱਕ ਪੰਜਾਬੀ ਪਾਸ ਵੀ ਨਹੀਂ ਹਨ, ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ। ਹਾਲ ਹੀ ਵਿੱਚ ਐਡਵੋਕੇਟ ਜਨਰਲ ਦੇ ਦਫ਼ਤਰ ਵਿੱਚ ਭਰਤੀ ਕੀਤੇ 163 ਲਾਅ ਅਫ਼ਸਰਾਂ ਵਿੱਚ 97 ਬਾਹਰੀ ਸੂਬਿਆਂ ਦੇ ਹਨ।
ਉਹਨਾਂ ਕਿਹਾ ਗੁਰੂ ਰਵੀਦਾਸ ਆਯੁਰਵੇਦਾ ਯੂਨੀਵਰਸਿਟੀ ਵਿੱਚ 213 ਭਰਤੀ ਕੀਤੇ ਯੋਗਾ ਟਰੇਨਰਾਂ ਵਿੱਚ ਕੋਈ ਵਿਰਲਾ ਹੀ ਪੰਜਾਬ ਦਾ ਹੈ। ਇਸੇ ਤਰ੍ਹਾਂ ਪਸੂ ਪਾਲਣ ਵਿਭਾਗ, ਬਿਜਲੀ ਬੋਰਡ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਸਿੱਖਿਆ ਵਿਭਾਗ ਵਿੱਚ ਵੋਕੇਸ਼ਨਲ ਟ੍ਰੇਨਰ, ਪੁਲਿਸ ਵਿਭਾਗ, ਪੁੱਡਾ, ਸਹਿਕਾਰੀ ਵਿਭਾਗ ਤਕਰੀਬਨ ਸਾਰੇ ਵਿਭਾਗਾਂ ਵਿੱਚ ਵੱਡੀ ਗਿਣਤੀ ਵਿੱਚ ਪੰਜਾਬ ਵਾਸੀ ਯੋਗ ਉਮੀਦਵਾਰਾਂ ਨੂੰ ਦਰਕਿਨਾਰ ਕਰਕੇ ਦੂਜੇ ਸੂਬਿਆਂ ਦੇ ਨੌਜਵਾਨਾਂ ਨੂੰ ਐਡਜਸਟ ਕੀਤਾ ਗਿਆ ਜੋ ਕਿ ਪੰਜਾਬ ਲਈ ਬਹੁਤ ਖ਼ਤਰਨਾਕ ਰੁਝਾਨ ਹੈ।
ਮੀਟਿੰਗ ਵਿੱਚ ਇਹ ਰੁਝਾਨ ਰੋਕਣ ਲਈ ਸੰਘਰਸ਼ ਕਰਨ ਦਾ ਫੈਸਲਾ ਕੀਤਾ ਗਿਆ। ਉਕਤ ਮਾਮਲੇ ਦੀ ਜੋ ਵੀ ਜਥੇਬੰਦੀ ਸੰਘਰਸ਼ ਕਰੇਗੀ ਉਸ ਦਾ ਮੁਕੰਮਲ ਸਹਿਯੋਗ ਦਿੱਤਾ ਜਾਵੇਗਾ।
ਇਸੇ ਲੜੀ ਦੇ ਤਹਿਤ ਹਿਊਮਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਵੱਲੋਂ ਉਕਤ ਮਾਮਲੇ ਤੇ 13 ਮਾਰਚ ਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਫੇਜ਼-8 ਮੋਹਾਲੀ ਦੇ ਦਫ਼ਤਰ ਸਾਹਮਣੇ ਦਿੱਤੇ ਜਾ ਰਹੇ ਧਰਨੇ ਨੂੰ ਪੂਰਨ ਸਹਿਯੋਗ ਦੇਣ ਦਾ ਫੈਸਲਾ ਕੀਤਾ ਗਿਆ।
ਜਥੇਬੰਦੀ ਪੰਜਾਬ ਦੇ ਨੌਜਵਾਨਾਂ ਦੀ ਹੋ ਰਹੀ ਬੇਕਰਦੀ ਦਾ ਸਵਾਲ ਸਰਕਾਰ ਨੂੰ ਆ ਰਹੀਆਂ ਪਾਰਲੀਮੈਂਟ ਚੋਣਾਂ ਵਿੱਚ ਪੁੱਛਿਆ ਜਾਵੇਗਾ। ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ ਰੰਧਾਵਾ ਜ.ਸ., ਮਨਜੀਤ ਸਿੰਘ ਬਾਜਵਾ, ਰਣਜੀਤ ਸਿੰਘ ਮਾਨ, ਜੇ.ਪੀ. ਹਾਂਡਾ ਹਾਜ਼ਰ ਸਨ.