ਮੋਹਾਲੀ ਵਿੱਚ ਯੂਨੀਵਰਸਿਟੀ ਸਕੂਲ ਆਫ ਫੈਸ਼ਨ ਐਂਡ ਕਮਿਊਨੀਕੇਸ਼ਨ ਟੈਕਨਾਲੋਜੀ ਸਥਾਪਤ ਕਰਨ ਲਈ ਰਿਆਤ ਬਾਹਰਾ ਯੂਨੀਵਰਸਿਟੀ ਤੇ ਆਈ.ਐਫ.ਸੀ.ਟੀ. ਹੋਏ ਇਕਜੁੱਟ
ਖਰੜ/ਐਸ.ਏ.ਐਸ. ਨਗਰ:
ਲੋਕਪਾਲ ਪੰਜਾਬ ਜਸਟਿਸ ਵਿਨੋਦ ਕੇ. ਸ਼ਰਮਾ ਨੇ ਅੱਜ ਰਿਆਤ ਬਾਹਰਾ ਯੂਨੀਵਰਸਿਟੀ, ਖਰੜ, ਜ਼ਿਲ੍ਹਾ ਐਸ.ਏ.ਐਸ.ਨਗਰ ਵਿਖੇ ਇੰਸਟੀਚਿਊਟ ਆਫ਼ ਫੈਸ਼ਨ ਐਂਡ ਕਮਿਊਨੀਕੇਸ਼ਨ ਟੈਕਨਾਲੋਜੀ (ਆਈ.ਐਫ.ਸੀ.ਟੀ.) ਦਾ ਉਦਘਾਟਨ ਕੀਤਾ।
ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਲੋਕਪਾਲ ਪੰਜਾਬ ਜਸਟਿਸ ਵਿਨੋਦ ਕੇ. ਸ਼ਰਮਾ ਨੇ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਦਾ ਭਵਿੱਖ ਸਨਿਹਰੀ ਹੈ। ਸਾਡੇ ਸਮੇਂ ਵਿਦਿਆਰਥੀਆਂ ਕੋਲ ਬਹੁਤ ਸੀਮਤ ਵਿਕਲਪ ਸਨ। ਅੱਜ ਕੱਲ ਇੱਕ ਛੋਟੇ ਬੱਚੇ ਕੋਲ ਵੀ ਆਪਣੀ ਵੱਖਰੀ ਸ਼ੈਲੀ ਹੈ ਅਤੇ ਉਹ ਇਸ ਖੇਤਰ ਵਿੱਚ ਰੁੱਚੀ ਰੱਖਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਅਤੇ ਆਪਣਾ ਨਾਂ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।
ਆਈ.ਐਫ.ਸੀ.ਟੀ. ਦੀ ਡਾਇਰੈਕਟਰ ਡਾ. ਨੇਹਾ ਮਿਗਲਾਨੀ ਨੇ ਕਿਹਾ ਕਿ ਸਾਡਾ ਧਿਆਨ ਵਿਦਿਆਰਥੀਆਂ ਨੂੰ ਇਸ ਖੇਤਰ ਦੇ ਉੱਤਮ ਅਭਿਆਸਾਂ ਬਾਰੇ ਸਿੱਖਿਅਤ ਕਰਨ ਦੇ ਨਾਲ ਨਾਲ ਵਿਦਿਆਰਥੀਆਂ ਲਈ ਇਨ੍ਹਾਂ ਅਭਿਆਸਾਂ ਨੂੰ ਅਕਾਦਮਿਕ ਨਾਲ ਜੋੜਨਾ ਹੈ। ਸਾਨੂੰ ਸਾਡੇ ਪ੍ਰੋਗਰਾਮਾਂ ਲਈ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਸਾਰੇ ਬੈਚਾਂ ਵਿੱਚ ਵਿਦਿਆਰਥੀ ਦਾਖਲਾ ਲੈ ਚੁੱਕੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਇੰਸਟੀਚਿਊਟ ਕੋਲ ਮਾਹਰ ਫੈਕਲਟੀ ਮੈਂਬਰਾਂ ਦੇ ਨਾਲ ਨਾਲ ਇੱਕ ਮਜ਼ਬੂਤ ਉਦਯੋਗ ਪੱਖੀ ਪਾਠਕ੍ਰਮ ਵੀ ਹੈ।
ਉਨ੍ਹਾਂ ਕਿਹਾ ਕਿ ਇੰਸਟੀਚਿਊਟ ਆਫ਼ ਫੈਸ਼ਨ ਐਂਡ ਕਮਿਊਨੀਕੇਸ਼ਨ ਟੈਕਨਾਲੋਜੀ (ਆਈ.ਐਫ.ਸੀ.ਟੀ.) ਨੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਸਹਿਯੋਗ ਨਾਲ ਯੂਨੀਵਰਸਿਟੀ ਸਕੂਲ ਆਫ ਫੈਸ਼ਨ ਐਂਡ ਕਮਿਊਨੀਕੇਸ਼ਨ ਟੈਕਨਾਲੋਜੀ (ਯੂ.ਐਸ.ਐਫ.ਸੀ.ਟੀ.) ਦੀ ਸਥਾਪਨਾ ਕੀਤੀ ਜੋ ਬੀ.ਐਸ.ਸੀ.-ਫੈਸ਼ਨ ਡਿਜ਼ਾਈਨ ਅਤੇ ਫੈਸ਼ਨ ਮੈਨੇਜਮੈਂਟ; ਬੀ.ਏ. (ਮਾਸ ਕਮਿਊਨੀਕੇਸ਼ਨ ਐਂਡ ਜਰਨਲਿਜ਼ਮ), ਡਿਪਲੋਮਾ ਇਨ ਮੇਕਅਪ ਐਂਡ ਬਿਊਟੀ ਥੈਰੇਪੀ ਅਤੇ ਡਿਪਲੋਮਾ ਇਨ ਫੋਟੋਗ੍ਰਾਫੀ ਸਮੇਤ ਫੈਸ਼ਨ ਅਤੇ ਮਾਸ ਕਮਿਊਨੀਕੇਸ਼ਨ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦਾ ਹੈ।
ਫੈਕਲਟੀ ਅਤੇ ਵਿਦਿਆਰਥੀਆਂ ਵੱਲੋਂ ਵਿਸ਼ੇਸ਼ ਸੱਭਿਆਚਾਰਕ ਪੇਸ਼ਕਾਰੀ ਨਾਲ ਆਏ ਪਤਵੰਤਿਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਉਪਰੰਤ ਰਿਬਨ ਕੱਟ ਕੇ ਵਿਭਾਗ ਦਾ ਉਦਘਾਟਨ ਕੀਤਾ ਗਿਆ।
ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨਾਂ ਵਿੱਚ ਸਾਬਕਾ ਮੇਅਰ ਚੰਡੀਗੜ੍ਹ ਅਰੁਣ ਸੂਦ ਅਤੇ ਕੌਂਸਲਰ ਐਮ.ਸੀ. ਚੰਡੀਗੜ੍ਹ ਉਮੇਸ਼ ਘਈ ਸ਼ਾਮਲ ਸਨ। ਇਸ ਮੌਕੇ ਆਰ.ਬੀ.ਯੂ. ਦੇ ਚਾਂਸਲਰ ਸ. ਗੁਰਵਿੰਦਰ ਸਿੰਘ ਬਾਹਰਾ, ਆਰ.ਬੀ.ਯੂ. ਦੇ ਡੀਨ ਅਤੇ ਡਾਇਰੈਕਟਰਾਂ ਸਮੇਤ ਫੈਸ਼ਨ ਵਿਭਾਗ ਦੇ ਵਿਦਿਆਰਥੀ ਸ਼ਾਮਲ ਸਨ।