– ਡੀ.ਸੀ. ਵੱਲੋਂ ਸਿਆਸੀ ਪਾਰਟੀਆਂ ਨਾਲ ਮੀਟਿੰਗ ਰੈਲੀ, ਨੁੱਕੜ ਨਾਟਕ, ਲਾਊਡ ਸਪੀਕਰ, ਮੁਹਿੰਮ ਲਈ ਵਰਤੇ ਜਾਣ ਵਾਲੇ ਵਾਹਨ ਆਦਿ ਲਈ ਅਗਾਊਂ ਪ੍ਰਵਾਨਗੀਆਂ ਲਾਜ਼ਮੀ ਪ੍ਰਵਾਨਗੀਆਂ ਔਨਲਾਈਨ ਸੁਵਿਧਾ ਐਪ ਰਾਹੀਂ ਲਈਆਂ ਜਾਣ
ਆਮ ਲੋਕਾਂ ਨੂੰ ਅਪੀਲ; ਸੀ ਵਿਜੀਲ ‘ਤੇ ਅਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੀ ਰਿਪੋਰਟ ਕਰਨ
ਸਾਹਿਬਜ਼ਾਦਾ ਅਜੀਤ ਸਿੰਘ ਨਗਰ:
ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਰਾਜਨੀਤਿਕ ਪਾਰਟੀਆਂ ਨੂੰ ਚੋਣ ਪ੍ਰੋਗਰਾਮ ਅਤੇ ਚੋਣ ਜ਼ਾਬਤੇ ਬਾਰੇ ਜਾਣਕਾਰੀ ਦੇਣ ਲਈ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮੋਹਾਲੀ ਵਿਖੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ।
ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਦੀ ਆਲੋਚਨਾ ਉਨ੍ਹਾਂ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ, ਰਿਕਾਰਡ ਅਤੇ ਕੰਮ ਤੱਕ ਸੀਮਤ ਹੋਣੀ ਚਾਹੀਦੀ ਹੈ ਅਤੇ ਨਿੱਜੀ ਜੀਵਨ ਦੇ ਸਾਰੇ ਪਹਿਲੂਆਂ ਦੀ ਆਲੋਚਨਾ ਤੋਂ ਪਰਹੇਜ਼ ਕੀਤਾ ਜਾਣਾ ਚਾਹੀਦਾ ਹੈ। ਕਿਸੇ ਵੀ ਅਜਿਹੀ ਗਤੀਵਿਧੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜੋ ਮੌਜੂਦਾ ਮਤਭੇਦਾਂ ਨੂੰ ਵਧਾਉਂਦੀ ਹੋਵੇ, ਆਪਸੀ ਨਫ਼ਰਤ ਪੈਦਾ ਕਰਦੀ ਹੋਵੇ ਜਾਂ ਜਾਤਾਂ ਅਤੇ ਭਾਈਚਾਰਿਆਂ, ਧਾਰਮਿਕ ਜਾਂ ਭਾਸ਼ਾਈ ਆਧਾਰ ਤੇ ਤਣਾਅ ਪੈਦਾ ਕਰਦੀ ਹੋਵੇ।
ਅਜਿਹੀਆਂ ਗਤੀਵਿਧੀਆਂ ਜਿਵੇਂ ਕਿ; ਵੋਟਾਂ ਹਾਸਲ ਕਰਨ ਲਈ ਜਾਤੀ ਅਤੇ ਫਿਰਕੂ ਭਾਵਨਾਵਾਂ ਦੀ ਵਰਤੋਂ ਕਰਨਾ, ਗੈਰ-ਪ੍ਰਮਾਣਿਤ ਰਿਪੋਰਟਾਂ ਦੇ ਆਧਾਰ ‘ਤੇ ਉਮੀਦਵਾਰਾਂ ਦੀ ਆਲੋਚਨਾ ਕਰਨਾ, ਵੋਟਰਾਂ ਨੂੰ ਲਾਲਚ ਦੇਣਾ ਜਾਂ ਡਰਾਉਣਾ, ਪ੍ਰਦਰਸ਼ਨ ਕਰਨਾ ਜਾਂ ਲੋਕਾਂ ਦੇ ਘਰਾਂ ਦੇ ਬਾਹਰ ਉਨ੍ਹਾਂ ਦੇ ਵਿਚਾਰਾਂ ਦਾ ਵਿਰੋਧ ਕਰਨ ਲਈ ਧਰਨਾ ਦੇਣਾ ਅਤੇ ਕਿਸੇ ਹੋਰ ਸਿਆਸੀ ਪਾਰਟੀ ਦੁਆਰਾ ਆਯੋਜਿਤ ਜਨਤਕ ਮੀਟਿੰਗਾਂ ਵਿੱਚ ਵਿਘਨ ਪਾਉਣਾ, ਵਰਜਿਤ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸੰਸਦੀ ਹਲਕਿਆਂ ਲਈ ਨਾਮਜ਼ਦਗੀਆਂ ਦੀ ਪ੍ਰਕਿਰਿਆ 07 ਮਈ (ਮੰਗਲਵਾਰ) ਤੋਂ ਸ਼ੁਰੂ ਹੋਵੇਗੀ। ਨਾਮਜ਼ਦਗੀਆਂ ਦੀ ਆਖਰੀ ਮਿਤੀ 14 ਮਈ, 2024 (ਮੰਗਲਵਾਰ) ਨਿਰਧਾਰਤ ਕੀਤੀ ਗਈ ਹੈ, ਨਾਮਜ਼ਦਗੀਆਂ ਦੀ ਪੜਤਾਲ 15 ਮਈ, 2024 (ਬੁੱਧਵਾਰ) ਨੂੰ ਹੋਵੇਗੀ। ਉਮੀਦਵਾਰ 17 ਮਈ, 2024 (ਸ਼ੁੱਕਰਵਾਰ) ਤੱਕ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਸਕਦੇ ਹਨ।
ਪੰਜਾਬ ਸੂਬੇ ਵਿੱਚ 1 ਜੂਨ, 2024 (ਸ਼ਨੀਵਾਰ) ਨੂੰ ਮਤਦਾਨ ਦਿਵਸ ਨਿਰਧਾਰਤ ਕੀਤਾ ਗਿਆ ਹੈ, ਜਿਸ ਉਪਰੰਤ ਪੰਜਾਬ ਸਮੇਤ ਪੂਰੇ ਦੇਸ਼ ਵਿੱਚ 4 ਜੂਨ, 2024 (ਮੰਗਲਵਾਰ) ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਚੋਣ ਪ੍ਰਕਿਰਿਆ ਮੁਕੰਮਲ ਹੋਣ ਦੀ ਅੰਤਿਮ ਮਿਤੀ 6 ਜੂਨ, 2024 (ਵੀਰਵਾਰ) ਹੈ।
ਸ਼੍ਰੀਮਤੀ ਜੈਨ ਨੇ ਅੱਗੇ ਕਿਹਾ ਕਿ ਕਿਉਂਕਿ ਚੋਣ ਜ਼ਾਬਤਾ ਲਾਗੂ ਹੋ ਚੁੱਕਾ ਹੈ, ਇਸ ਲਈ ਸਾਨੂੰ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਕਰਵਾਉਣ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਲੋਕ ਸਭਾ ਚੋਣਾਂ-2024 ਦੌਰਾਨ ਵਰਤੀਆਂ ਜਾਣ ਵਾਲੀਆਂ ਵਸਤਾਂ ਲਈ ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ ਨਿਰਧਾਰਤ ਵੱਖ-ਵੱਖ ਦਰਾਂ ਵੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੌਂਪੀਆਂ ਅਤੇ ਉਨ੍ਹਾਂ ਨੂੰ ਜਾਣੂ ਕਰਵਾਇਆ ਕਿ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਵੱਲੋਂ ਕੀਤੇ ਜਾਣ ਵਾਲੇ ਖਰਚਿਆਂ ਦੀ ਬਰਾਬਰਤਾ ਅਤੇ ਪਾਰਦਰਸ਼ਤਾ ਲਈ,ਇਹ ਸੂਚੀ ਜਾਰੀ ਕੀਤੀ ਗਈ ਹੈ।
ਉਹਨਾਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਉਮੀਦਵਾਰ ਵੱਲੋਂ ਕੀਤੇ ਜਾਣ ਵਾਲੇ ਖਰਚੇ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੀ ਕੀਤੇ ਜਾਣ। ਮੀਟਿੰਗ ਦੌਰਾਨ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਗਈ ਕਿ ਚੋਣ ਪ੍ਰਚਾਰ ਲਈ ਕਿਸੇ ਵੀ ਧਾਰਮਿਕ ਸਥਾਨ ਦੀ ਵਰਤੋਂ ਨਾ ਕੀਤੀ ਜਾਵੇ।
ਓਹਨਾਂ ਵਲੋਂ ਇਹ ਵੀ ਅਪੀਲ ਕੀਤੀ ਗਈ ਕਿ ਮੁਹਿੰਮ ਦੌਰਾਨ ਕੋਈ ਵੀ ਸਰਕਾਰੀ ਵਾਹਨ ਨਾ ਵਰਤਿਆ ਜਾਵੇ। “ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਦੇ ਮਾਰਗ ਦਰਸ਼ਨ ਲਈ ਆਦਰਸ਼ ਚੋਣ ਜ਼ਾਬਤਾ, ਕੀ ਕਰਨਾ ਅਤੇ ਕੀ ਨਹੀਂ ਕਰਨਾ, ਆਦਰਸ਼ ਚੋਣ ਜ਼ਾਬਤਾ-ਹਦਾਇਤਾਂ-ਚੋਣ ਮੁਹਿੰਮ” ਦੀ ਇੱਕ-ਇੱਕ ਕਾਪੀ ਵੀ ਪ੍ਰਦਾਨ ਕੀਤੀ ਗਈ।
ਸਾਰੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ। ਮੀਟਿੰਗ ਵਿੱਚ ਉਨ੍ਹਾਂ ਨੂੰ ਵੱਖ-ਵੱਖ ਪ੍ਰਵਾਨਗੀਆਂ (ਰੈਲੀ, ਨੁੱਕੜ ਨਾਟਕ, ਲਾਊਡ ਸਪੀਕਰ, ਪ੍ਰਚਾਰ ਲਈ ਵਰਤੇ ਜਾਣ ਵਾਲੇ ਵਾਹਨ ਆਦਿ) ਵਾਸਤੇ ਭਾਰਤੀ ਚੋਣ ਕਮਿਸ਼ਨ ਦੀ ਔਨਲਾਈਨ ਸੁਵਿਧਾ ਐਪ ਬਾਰੇ ਵੀ ਜਾਣੂ ਕਰਵਾਇਆ ਗਿਆ।
ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਔਨਲਾਈਨ ਐਪ ਸੀ ਵਿਜੀਲ ਦੁਆਰਾ ਆਦਰਸ਼ ਚੋਣ ਜ਼ਾਬਤੇ ਦੀ ਕਿਸੇ ਵੀ ਉਲੰਘਣਾ ਦੀ ਰਿਪੋਰਟ ਕਰਨ। ਮੀਟਿੰਗ ਵਿੱਚ ਹਾਜ਼ਰ ਸਾਰੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਉਪਰੋਕਤ ਸਾਰੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ ਦਾ ਭਰੋਸਾ ਦਿੱਤਾ।
ਮੀਟਿੰਗ ਵਿੱਚ ਜਿਨ੍ਹਾਂ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਹੋਏ, ਉਨ੍ਹਾਂ ਵਿੱਚ ‘ਆਪ’, ਕਾਂਗਰਸ, ਅਕਾਲੀ ਦਲ, ਸੀਪੀਆਈ, ਬਸਪਾ ਅਤੇ ਭਾਜਪਾ ਸ਼ਾਮਲ ਹਨ।