ਵਾਤਾਵਰਨ ਦੀ ਸੁਰੱਖਿਆ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਲੋੜ : ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ
ਮੋਹਾਲੀ : ਲਾਇਨਜ਼ ਕਲੱਬ ਸੁਪਰੀਮ ਮੋਹਾਲੀ ਵੱਲੋਂ ਅੱਜ ਕਲੱਬ ਦੇ ਪੀਆਰਓ ਹਰਿੰਦਰਪ੍ਰੀਤ ਸਿੰਘ ਦੀ ਅਗਵਾਈ ਹੇਠ 35 ਅੰਬਾਂ ਦੇ ਬੂਟੇ ਲਗਾਏ ਗਏ। ਇਸ ਮੌਕੇ ਮੁੱਖ ਮਹਿਮਾਨ ਡਿਪਟੀ ਮੇਅਰ ਮੋਹਾਲੀ ਕੁਲਜੀਤ ਸਿੰਘ ਬੇਦੀ ਸਨ ਜੋ ਖੁਦ ਵੀ ਲਾਇਨਜ਼ ਕਲੱਬ ਮੋਹਾਲੀ ਦੇ ਪ੍ਰਧਾਨ ਹਨ।
ਇਸ ਮੌਕੇ ਬੋਲਦਿਆਂ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਲੋਇਸ ਕਲੱਬ ਮੋਹਾਲੀ ਸੁਪਰੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਾਤਾਵਰਨ ਦੀ ਸੁਰੱਖਿਆ ਅਤੇ ਪ੍ਰਦੂਸ਼ਣ ਨੂੰ ਘਟਾਉਣ ਲਈ ਵੱਧ ਤੋਂ ਵੱਧ ਦਰਖਤ ਲਗਾਉਣ ਦੀ ਲੋੜ ਹੈ।
ਉਹਨਾਂ ਕਿਹਾ ਕਿ ਗਲੋਬਲ ਵਾਰਮਿੰਗ ਤੋਂ ਬਚਣ ਲਈ ਵੀ ਦਰਖਤ ਹੀ ਸਹਾਈ ਹੁੰਦੇ ਹਨ। ਉਹਨਾਂ ਖਾਸ ਤੌਰ ਤੇ ਲਾਇਨਜ਼ ਕਲੱਬ ਮੋਹਾਲੀ ਸੁਪਰੀਮ ਦੇ ਪੀ. ਆਰ ਹਰਿੰਦਰਪ੍ਰੀਤ ਸਿੰਘ ਦੀ ਪ੍ਰਸ਼ੰਸ਼ਾ ਕਰਦਿਆਂ ਦੱਸਿਆ ਕਿ ਅੰਬਾਂ ਦੇ ਇਹ ਸਾਰੇ ਬੂਟੇ ਹਰਿੰਦਰਪ੍ਰੀਤ ਸਿੰਘ ਵੱਲੋਂ ਖੁਦ ਤਿਆਰ ਕੀਤੇ ਗਏ ਹਨ ਨਾ ਕਿ ਨਰਸਰੀ ਤੋਂ ਲਿਆਂਦੇ ਗਏ ਹਨ। ਉਹਨਾਂ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਅੱਜ ਨੌਜਵਾਨ ਸਮਾਜ ਸੇਵਾ ਨਾਲ ਜੁੜ ਰਹੇ ਹਨ ਅਤੇ ਹੋਰਨਾਂ ਲਈ ਵੀ ਪ੍ਰੇਰਨਾ ਦੇ ਸਰੋਤ ਬਣ ਰਹੇ ਹਨ।
ਸੰਸਥਾ ਦੀ ਪ੍ਰਧਾਨ ਜਗਜੀਤ ਕੌਰ ਕਾਹਲੋਂ ਨੇ ਕਿਹਾ ਕਿ ਲਾਇਨਜ਼ ਕਲੱਬ ਮੋਹਾਲੀ ਸੁਪਰੀਮ ਤਰ੍ਹਾਂ ਤਰ੍ਹਾਂ ਦੇ ਸਮਾਜ ਸੇਵਾ ਦੇ ਪ੍ਰੋਜੈਕਟ ਕਰਦਾ ਆ ਰਿਹਾ ਹੈ ਅਤੇ ਇਸ ਦੇ ਸਾਰੇ ਮੈਂਬਰ ਸਮਾਜ ਸੇਵਾ ਲਈ ਹਮੇਸ਼ਾਂ ਤਤਪਰ ਰਹਿੰਦੇ ਹਨ।
ਸੰਸਥਾ ਦੇ ਸਾਬਕਾ ਪ੍ਰਧਾਨ ਤਿਲਕ ਰਾਜ ਅਤੇ ਸਕੱਤਰ ਸਤਵਿੰਦਰ ਸਿੰਘ ਧੜਾਕ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਕਲੱਬ ਦੇ ਨਵੇਂ ਬਣੇ ਮੈਂਬਰ ਜਸਬੀਰ ਸਿੰਘ ਮੱਲੀ, ਲਾਇਨ ਰਜਿੰਦਰ ਸਿੰਘ ਕਾਹਲੋਂ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਜਗਜੀਤ ਕਾਹਲੋਂ ਨੇ ਖਾਸ ਤੌਰ ਤੇ ਡਿਪਟੀ ਮੇਹਰ ਕੁਲਜੀਤ ਸਿੰਘ ਬੇਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿੱਥੇ ਕੁਲਜੀਤ ਸਿੰਘ ਬੇਦੀ ਸ਼ਹਿਰ ਦੇ ਲੋਕਾਂ ਦੇ ਮਸਲੇ ਹੱਲ ਕਰਨ ਲਈ ਵੱਧ ਤੋਂ ਵੱਧ ਉਪਰਾਲੇ ਕਰਦੇ ਹਨ ਅਤੇ ਮਸਲਿਆਂ ਦਾ ਹੱਲ ਕਰਵਾਉਂਦੇ ਹਨ। ਨਾਲ-ਨਾਲ ਹੀ ਸਮਾਜ ਸੇਵਾ ‘ਚ ਬਹੁਤ ਕੰਮ ਕਰਦੇ ਹਨ ਉਹਨਾਂ ਕਿਹਾ ਕਿ ਸ਼ਹਿਰ ਨੂੰ ਅਜਿਹੇ ਹੀ ਆਗੂਆਂ ਦੀ ਲੋੜ ਹੈ।