ਗੋਲੀ ਲੱਗਣ ਕਾਰਨ ਪੁਲਿਸ ਮੁਲਾਜ਼ਮ ਜ਼ਖਮੀ
ਜਲੰਧਰ: ਜਲੰਧਰ ‘ਚ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ ਹੈ। ਜਿਸ ਵਿੱਚ ਦੋ ਬਦਮਾਸ਼ਾਂ ਨੂੰ ਗੋਲੀਆਂ ਲੱਗੀਆਂ ਜਦਕਿ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਿਆ। ਇਹ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਦੱਸੇ ਜਾ ਰਹੇ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਮੁਕਾਬਲਾ ਨਾਖਾਂ ਵਾਲੇ ਬਾਗ ਦੇ ਨਾਲ ਲੱਗਦੀ ਗੁਲਮੋਹਰ ਕਾਲੋਨੀ ਦੇ ਅੰਦਰ ਹੋਇਆ। ਇਹ ਇਲਾਕਾ ਭਾਰਗਵ ਕੈਂਪ ਥਾਣੇ ਅਧੀਨ ਆਉਂਦਾ ਹੈ। ਜ਼ਖਮੀ ਪੁਲਸ ਮੁਲਾਜ਼ਮ ਨੂੰ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਸੀਆਈਏ ਦੀ ਟੀਮ ਭਗੌੜਿਆਂ ਨੂੰ ਫੜਨ ਗਈ ਸੀ।
ਇਸ ਦੌਰਾਨ ਮੁਲਜ਼ਮਾਂ ਨੇ ਪੁਲੀਸ ’ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਦੋ ਮੁਲਜ਼ਮਾਂ ਨੂੰ ਗੋਲੀਆਂ ਲੱਗੀਆਂ ਹਨ। ਪੁਲੀਸ ਸੂਤਰਾਂ ਅਨੁਸਾਰ ਇਹ ਦੋਵੇਂ ਗੈਂਗਸਟਰ ਕਤਲ ਅਤੇ ਫਿਰੌਤੀ ਦੇ ਮਾਮਲਿਆਂ ਵਿੱਚ ਸ਼ਾਮਲ ਹਨ।