ਪੰਜਾਬ ਦੀ ਗੱਤਕਾ ਟੀਮ ਨੇ 4 ਗੋਲਡ, 2 ਸਿਲਵਰ ਅਤੇ 3 ਕਾਂਸੀ ਮੈਡਲ ਜਿੱਤੇ।
ਮੋਹਾਲੀ:
ਤਾਮਿਲਨਾਡੂ ਵਿਖੇ ਖੇਲੋ ਇੰਡੀਆ ਯੂਥ ਗੇਮਜ 2023-ਮਦੁਰਾਈ ਵਿੱਚ ਪੰਜਾਬ ਗਤਕਾ ਐਸੋਸੀਏਸ਼ਨ ਦੀ ਅਗਵਾਈ ਹੇਠ ਗਈ ਪੰਜਾਬ ਦੀ ਟੀਮ ਦੇ 13 ਖਿਡਾਰੀਆਂ ਨੇ ਕੁੱਲ 6 ਈਵੈਂਟਸ ਵਿੱਚੋਂ 4 ਗੋਲਡ, 2 ਸਿਲਵਰ ਅਤੇ 3 ਕਾਂਸੀ ਮੈਡਲ ਹਾਸਿਲ ਕਰਕੇ ਸਭ ਤੋਂ ਵੱਧ 9 ਮੈਡਲ ਜਿੱਤਣ ਦਾ ਕੀਰਤੀਮਾਨ ਸਥਾਪਿਤ ਕੀਤਾ ਹੈ। ਇਸਦੇ ਨਾਲ ਹੀ ਪੰਜਾਬ ਦੀ ਟੀਮ ਦੇ ਸਾਰੇ ਖਿਡਾਰੀਆਂ ਨੇ ਮੈਡਲ ਹਾਸਲ ਕਰਕੇ ਪੰਜਾਬ ਟੀਮ ਨੂੰ ਲੜਕੇ ਅਤੇ ਲੜਕੀਆਂ ਵਿੱਚ ਓਵਰਆਲ ਪਹਿਲਾ ਸਥਾਨ ਹਾਸਲ ਕਰਵਾਇਆ।
ਇਸ ਵੱਡੀ ਪ੍ਰਾਪਤੀ ਲਈ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਚਰਨ ਸਿੰਘ ਭੁੱਲਰ ਆਈਪੀਐਸ ਅਤੇ ਕਾਰਜਕਾਰੀ ਪ੍ਰਧਾਨ ਡਾਕਟਰ ਰਜਿੰਦਰ ਸਿੰਘ ਸੋਹਲ ਨੇ ਸਮੂਹ ਟੀਮਾਂ ਅਤੇ ਜੇਤੂ ਖਿਡਾਰੀਆਂ ਦੇ ਨਾਲ ਨਾਲ ਪੰਜਾਬ ਗੱਤਕਾ ਐਸੋਸੀਏਸ਼ਨ ਦੇ ਅਹੁਦੇਦਾਰਾਂ ਮੈਂਬਰ ਸਾਹਿਬਾਨ ਅਤੇ ਸਪੋਰਟਸ ਸਟਾਫ ਨੂੰ ਵਧਾਈ ਦਿੱਤੀ।
ਪੰਜਾਬ ਗੱਤਕਾ ਐਸੋਸੀਏਸ਼ਨ, ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਦੇ ਜਨਰਲ ਸਕੱਤਰ ਅਤੇ ਨਾਲ ਹੀ ਖ਼ੇਲੋ ਇੰਡੀਆ ਖੇਡਾਂ ਵਿੱਚ ਗੱਤਕਾ ਕੰਪੀਟੀਸ਼ਨ ਮੈਨੇਜਰ ਬਲਜਿੰਦਰ ਸਿੰਘ ਤੂਰ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਾਮਿਲਨਾਡ ਵਿਖੇ ਚੱਲ ਰਹੀਆਂ ਇਹਨਾਂ ਯੂਥ ਗੇਮਸ ਵਿੱਚ ਗੱਤਕੇ ਸਮੇਤ 26 ਖੇਡਾਂ ਦੇ ਮੁਕਾਬਲੇ 19 ਜਨਵਰੀ ਤੋਂ 31 ਜਨਵਰੀ ਤੱਕ ਵੱਖ-ਵੱਖ ਸ਼ਹਿਰਾਂ ਵਿੱਚ ਕਰਵਾਏ ਗਏ ਜਿਸ ਵਿੱਚ ਗੱਤਕਾ ਖੇਡ ਦੇ ਮੁਕਾਬਲੇ 21 ਤੋਂ 23 ਜਨਵਰੀ ਤੱਕ ਮਦੁਰਾਈ ਦੇ ਐਸਡੀਏਟੀ ਦੇ ਜਿਲ੍ਹਾ ਕੰਪਲੈਕਸ ਵਿਖੇ ਸੰਪੰਨ ਹੋਏ। ਇਸ ਵਿੱਚ ਪੰਜਾਬ ਸਮੇਤ 19 ਰਾਜਾਂ ਦੇ ਲੜਕੇ ਤੇ ਲੜਕੀਆਂ ਦੀਆਂ ਟੀਮਾਂ ਨੇ ਭਾਗ ਲਿਆ। ਤਿੰਨ ਰੋਜ਼ਾ ਇਹਨਾਂ ਮੁਕਾਬਲਿਆਂ ਵਿੱਚ 80 ਲੜਕੇ ਤੇ 80 ਲੜਕੀਆਂ ਨੇ ਭਾਗ ਲਿਆ। ਪੰਜਾਬ ਦੀ ਟੀਮ ਨੇ ਕੁੱਲ 9 ਮੈਡਲ ਜਿੱਤ ਕੇ ਵੱਡਾ ਮਾਰਕਾ ਮਾਰਿਆ।
ਡਾਕਟਰ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੀ ਅਗਵਾਈ ਵਿੱਚ ਗੱਤਕੇ ਦੀ ਟੀਮ ਅਸਾਮ, ਗੋਆ ਅਤੇ ਮੱਧ ਪ੍ਰਦੇਸ਼ ਵਿੱਚ ਵੀ ਜਿੱਤ ਦੇ ਝੰਡੇ ਗੱਡੇ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਗੱਤਕਾ ਐਸੋਸੀਏਸ਼ਨ(ਰਜਿ:) ਨੂੰ ਪੰਜਾਬ ਸਟੇਟ ਸਪੋਰਟਸ ਕੌਂਸਲ ਅਤੇ ਪੰਜਾਬ ਓਲੰਪਿਕ ਐਸੋਸੀਏਸ਼ਨ ਤੋਂ ਮਾਨਤਾ ਪ੍ਰਾਪਤ ਹੈ ਅਤੇ ਗੱਤਕੇ ਨੂੰ ਹੋਰ ਬੁਲੰਦੀਆਂ ਤੇ ਲਿਜਾਉਣ ਲਈ ਫੈਡਰੇਸ਼ਨ ਦਿਨ ਰਾਤ ਮਿਹਨਤ ਕਰ ਰਹੀ ਹੈ। ਨੈਸ਼ਨਲ ਖੇਡਾਂ ਅਤੇ ਖੇਲੋ ਇੰਡੀਆ ਵਿੱਚ ਸ਼ਾਮਲ ਹੋਣ ਮਗਰੋਂ ਵੱਡੀ ਗਿਣਤੀ ਵਿੱਚ ਆਪਣੇ ਵਿਰਸੇ ਨੂੰ ਪਿਆਰ ਕਰਨ ਵਾਲੇ ਬੱਚੇ ਗੱਤਕੇ ਨਾਲ ਜੁੜ ਰਹੇ ਹਨ ਅਤੇ ਪੰਜਾਬ ਗੱਤਕਾ ਐਸੋਸੀਏਸ਼ਨ ਅਤੇ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਉੱਦਮਾਂ ਦੇ ਚਲਦਿਆਂ ਇਨ੍ਹਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਜ਼ਿਕਰਯੋਗ ਹੈ ਕਿ ਨੈਸ਼ਨਲ ਖੇਡਾਂ ਤੋਂ ਬਾਅਦ ਖੇਲੋ ਇੰਡੀਆ ਭਾਰਤ ਦਾ ਸਭ ਤੋਂ ਵੱਡਾ ਖੇਡ ਈਵੈਂਟ ਹੈ ਜਿਸ ਵਿੱਚ ਗੱਤਕਾ ਖੇਡ ਦਾ ਸ਼ਾਮਿਲ ਹੋਣਾ ਸਿੱਖ ਜਗਤ ਲਈ ਵੱਡੀ ਮਾਣ ਵਾਲੀ ਗੱਲ ਹੈ। ਇਹਨਾਂ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਦੀ ਨਾ ਕੇਵਲ ਗਰੇਡੇਸ਼ਨ ਹੁੰਦੀ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਲਈ ਭਵਿੱਖ ਵਿੱਚ ਸਰਕਾਰੀ ਨੌਕਰੀਆਂ ਦੇ ਰਾਹ ਵੀ ਖੁੱਲਦੇ ਹਨ।
ਬਲਜਿੰਦਰ ਸਿੰਘ ਤੂਰ ਨੇ ਅੱਗੇ ਦੱਸਿਆ ਕਿ ਖੇਡਾਂ ਦੌਰਾਨ ਤਾਮਿਲਨਾਡੂ ਦੇ ਪ੍ਰਿੰਸੀਪਲ ਸਕੱਤਰ ਟੂ ਗਵਰਮੈਂਟ ਡਾਕਟਰ ਅਤੁਲਿਆ ਮਿਸ਼ਰਾ ਆਈਏਐਸ, ਐਡੀਸ਼ਨਲ ਚੀਫ ਸਕੱਤਰ ਗਵਰਨਮੈਂਟ ਆਫ ਤਮਿਲਨਾਡੂ ਦੇ ਨਾਲ ਨਾਲ ਮਦੁਰਾਈ ਦੇ ਜਿਲ੍ਹਾ ਕਲੈਕਟਰ ਸ਼੍ਰੀਮਤੀ ਸੰਗੀਤਾ ਆਈਏਐਸ ਵੀ ਉਚੇਚੇ ਤੌਰ ਤੇ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਨ ਲਈ ਪਹੁੰਚੇ ਸਨ।