Follow us

18/10/2024 10:47 am

Search
Close this search box.
Home » News In Punjabi » ਚੰਡੀਗੜ੍ਹ » ਈ-ਪੰਜਾਬ ਪੋਰਟਲ ਠੱਪ ਹੋਣ ‘ਤੇ ਅਧਿਆਪਕ ਹੋਏ ਖੱਜਲ ਖੁਆਰ

ਈ-ਪੰਜਾਬ ਪੋਰਟਲ ਠੱਪ ਹੋਣ ‘ਤੇ ਅਧਿਆਪਕ ਹੋਏ ਖੱਜਲ ਖੁਆਰ

ਅੱਠਵੀਂ-ਦੱਸਵੀਂ ਦੇ ਪ੍ਰੀ-ਬੋਰਡ ਅੰਕਾਂ ਨੂੰ ਆਨ ਲਾਇਨ ਕਰਨ ਦਾ ਕੰਮ ਪਿਆ ਠੰਡੇ ਬਸਤੇ

ਮੋਹਾਲੀ :

ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਈ ਪੰਜਾਬ ਦੇ ਪੋਰਟਲ ਦੇ ਵਾਰ ਵਾਰ ਬੰਦ ਰਹਿਣ ਅਤੇ ਖਾਸ ਕਰਕੇ ਮਿਤੀ ਬੱਧ ਕੰਮ ਨੂੰ ਪੋਰਟਲ ‘ਤੇ ਅਪਡੇਟ ਕਰਨ ਸਮੇਂ ਪੋਰਟਲ ਦੇ ਬੰਦ ਰਹਿਣ ਦੀ ਸਮੱਸਿਆ ਦੇ ਹੱਲ ਦੀ ਮੰਗ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਨੂੰ ਜਾਂ ਤਾਂ ਇਹ ਪੋਰਟਲ ਪੱਕੇ ਤੌਰ ‘ਤੇ ਬੰਦ ਕਰ ਦੇਣਾ ਚਾਹੀਦਾ ਹੈ ਜਾਂ ਫਿਰ ਇਸਨੂੰ ਸਮੇਂ ਦਾ ਹਾਣੀ ਬਣਾਇਆ ਜਾਵੇ।

ਉਨ੍ਹਾਂ ਦੱਸਿਆ ਕਿ ਵਿਭਾਗੀ ਹਦਾਇਤਾਂ ਅਨੁਸਾਰ ਅੱਠਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਪ੍ਰੀ ਬੋਰਡ ਪ੍ਰੀਖਿਆਵਾਂ ਵਿੱਚ ਲਏ ਨੰਬਰਾਂ ਨੂੰ ਸਿੱਖਿਆ ਵਿਭਾਗ ਦੇ ਈ-ਪੋਰਟਲ ‘ਤੇ ਅਪਲੋਡ ਕੀਤਾ ਜਾਣਾ ਹੈ ਅਤੇ ਇਸਦੀ 1 ਫਰਵਰੀ ਆਖ਼ਰੀ ਮਿਤੀ ਹੈ ਪਰ ਪੋਰਟਲ ਨਾ ਚਲਦੇ ਹੋਣ ਕਰਕੇ ਇਹ ਕੰਮ ਵੱਡੇ ਪੱਧਰ ‘ਤੇ ਪੈਂਡਿੰਗ ਰਹਿੰਦਾ ਹੈ। ਅਧਿਆਪਕਾਂ ਦੀ ਹਾਲਤ ਇਹ ਹੈ ਕਿ ਉਹ ਸਵੇਰੇ,  ਸ਼ਾਮ ਅਤੇ ਰਾਤ ਨੂੰ ਵਾਰ ਵਾਰ ਪੋਰਟਲ ਚੈੱਕ ਕਰਦੇ ਹੋਏ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੋ ਚੁੱਕੇ ਹਨ ਅਤੇ ਸਿੱਖਿਆ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਇਸ ਪੋਰਟਲ ਦੇ ਬੰਦ ਰਹਿਣ ਕਾਰਨ ਅਧਿਆਪਕ ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾਵਾਂ ਦੀਆਂ ਪੋਸਟਾਂ ਲਈ ਬਦਲੀਆਂ ਅਪਲਾਈ ਦੀ ਅੱਜ ਆਖ਼ਿਰੀ ਮਿਤੀ ਹੋਣ ਦੇ ਬਾਵਜੂਦ ਅਪਲਾਈ ਨਹੀਂ ਕਰ ਪਾ ਰਹੇ ਹਨ। ਇਸੇ ਤਰ੍ਹਾਂ ਲੰਬੀਆਂ ਛੁੱਟੀਆਂ ਵੀ ਇਸੇ ਪੋਰਟਲ ‘ਤੇ ਅਪਲਾਈ ਕਰਨ ਦੀ ਗੈਰ ਵਾਜਬ ਸ਼ਰਤ ਕਾਰਣ ਵੀ ਪਿਛਲੇ ਦਿਨੀਂ ਛੁੱਟੀ ਲੈਣ ਦੇ ਇੱਛੁਕ ਅਧਿਆਪਕਾਂ ਨੂੰ ਛੁੱਟੀ ਅਪਲਾਈ ਕਰਨ ਵਿੱਚ ਦੇਰੀ ਹੋਣ ਕਾਰਣ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।

   ਆਗੂਆਂ ਨੇ ਕਿਹਾ ਕਿ ਵਿਭਾਗ ਵੱਲੋਂ ਕਿਸੇ ਕੰਮ ਨੂੰ ਕਰਨ ਲਈ ਦਿੱਤੇ ਜਾਂਦੇ ਸਮੇਂ ਵਿੱਚ ਕੋਈ ਛੋਟ ਨਹੀਂ ਦਿੱਤੀ ਜਾਂਦੀ ਪਰ ਪੋਰਟਲ ਦੇ ਬੰਦ ਰਹਿਣ ਕਾਰਣ ਅਧਿਆਪਕਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਦਾ ਵਿਭਾਗ ਨੂੰ ਕੋਈ ਅਤਾ ਪਤਾ ਤੱਕ ਨਹੀਂ ਹੈ। ਡੀ ਟੀ ਐੱਫ ਦੇ ਆਗੂਆਂ ਜਗਪਾਲ ਬੰਗੀ, ਬੇਅੰਤ ਫੂਲੇਵਾਲਾ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਜਸਵਿੰਦਰ ਔਜਲਾ, ਰਘਬੀਰ ਭਵਾਨੀਗੜ੍ਹ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ ਮੁਕਤਸਰ, ਮਹਿੰਦਰ ਕੌੜਿਆਂਵਾਲੀ, ਤੇਜਿੰਦਰ ਸਿੰਘ, ਰੁਪਿੰਦਰ ਗਿੱਲ ਅਤੇ ਸੁਖਦੇਵ ਡਾਨਸੀਵਾਲ ਨੇ ਮੰਗ ਕੀਤੀ ਛੁੱਟੀਆਂ ਨੂੰ ਈ ਪੰਜਾਬ ਪੋਰਟਲ ਤੇ ਅਪਲਾਈ ਕਰਾਉਣਾ ਬੰਦ ਕੀਤਾ ਜਾਵੇ ਅਤੇ ਇਨ੍ਹਾਂ ਨੂੰ ਅਪਰੂਵ ਕਰਨ ਦੇ ਅਧਿਕਾਰਾਂ ਦਾ ਵਿਕੇਂਦਰੀਕਰਨ ਕਰਦਿਆਂ ਅਧਿਕਾਰ ਹੇਠਲੇ ਪੱਧਰ ‘ਤੇ ਦਿੱਤੇ ਜਾਣ ਅਤੇ ਇਸ ਪੋਰਟਲ ਨੂੰ ਚਲਾਉਣਾ ਹੈ ਤਾਂ ਸਮੇਂ ਦਾ ਹਾਣੀ ਬਣਾਇਆ ਜਾਵੇ। ਇਸ ਤੋਂ ਇਲਾਵਾਂ ਪ੍ਰੀ ਬੋਰਡ ਦੇ ਅੰਕ ਆਨ ਲਾਇਨ ਕਰਨ ਅਤੇ  ਈ-ਪੰਜਾਬ ਨਾਲ ਜੁੜੇ ਹੋਰਨਾ ਕੰਮਾਂ ਦੇ ਅਖ਼ੀਰਲੀ ਮਿਤੀ ਵਿੱਚ ਲੋੜੀਂਦਾ ਵਾਧਾ ਕੀਤਾ ਜਾਵੇ।

dawn punjab
Author: dawn punjab

Leave a Comment

RELATED LATEST NEWS

Top Headlines

ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬੁੱਤ ਮੋਹਾਲੀ ਬੱਸ ਅੱਡੇ ਉੱਤੇ ਦੁਬਾਰਾ ਲਗਾਇਆ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕੀਤਾ ਖੁਸ਼ੀ ਦਾ ਪ੍ਰਗਟਾਵਾ

ਡਿਪਟੀ ਮੇਅਰ ਨੇ ਬਾਬਾ ਬੰਦਾ ਸਿੰਘ ਬਹਾਦਰ ਬੱਸ ਅੱਡਾ ਵੀ ਛੇਤੀ ਹੀ ਆਰੰਭ ਹੋਣ ਦੀ ਆਸ ਪ੍ਰਗਟਾਈ ਬਾਬਾ ਬੰਦਾ ਸਿੰਘ

Live Cricket

Rashifal