ਭਾਜਪਾ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਪ੍ਰਧਾਨ ਕੰਗਨਾ ਦੇ ਬਿਆਨਾਂ ਬਾਰੇ ਭਾਜਪਾ ਦੀ ਸਥਿਤੀ ਕਰਨ ਸਪਸ਼ਟ : ਡਿਪਟੀ ਮੇਅਰ
ਮੋਹਾਲੀ : ਨਗਰ ਨਿਗਮ ਦੇ ਡਿਪਟੀ ਮੇਰੇ ਕੁਲਜੀਤ ਸਿੰਘ ਬੇਦੀ ਨੇ ਕੰਗਨਾ ਰਣੌਤ ਵੱਲੋਂ ਕਿਸਾਨਾਂ ਦੇ ਖਿਲਾਫ ਕੀਤੀ ਭੱਦੀ ਬਿਆਨਬਾਜੀ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦਿਆਂ ਉਸ ਦੇ ਖਿਲਾਫ ਦੇਸ਼ ਦਰੋਹ ਦਾ ਮੁਕਦਮਾ ਦਰਜ ਕਰਨ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਆਪਣਾ ਪੂਰੀ ਤਰ੍ਹਾਂ ਮਾਨਸਿਕ ਸੰਤੁਲਨ ਗਵਾ ਚੁੱਕੀ ਕੰਗਨਾ ਰਣੌਤ ਨੂੰ ਗ੍ਰਿਫਤਾਰ ਕਰਕੇ ਕਿਸੇ ਉਸ ਨੂੰ ਸਖਤ ਸੁਰੱਖਿਆ ਵਾਲੀ ਜੇਲ ਵਿੱਚ ਬੰਦ ਕੀਤਾ ਜਾਣਾ ਚਾਹੀਦਾ ਹੈ ਅਤੇ ਨਾਲ ਨਾਲ ਉਸ ਦੀ ਮਾਨਸਿਕ ਬਿਮਾਰੀ ਦਾ ਇਲਾਜ ਕਰਵਾਉਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਕੰਗਨਾ ਦੇ ਵਿੱਚ ਬਿਆਨ ਉੱਤੇ ਸਮੁੱਚੇ ਦੇਸ਼ ਦੇ ਕਿਸਾਨਾਂ ਤੋਂ ਮੁਆਫੀ ਮੰਗੇ ਅਤੇ ਆਪਣੀ ਇਸ ਸੰਸਦ ਮੈਂਬਰ ਦੇ ਖਿਲਾਫ ਸਖਤ ਕਾਰਵਾਈ ਕਰੇ।
ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਆਪਣੀ ਫਿਲਮ ਐਮਰਜੈਸੀ ਰਾਹੀਂ ਪਹਿਲਾਂ ਹੀ ਕੰਗਨਾ ਰਣੌਤ ਭਾਰੀ ਵਿਵਾਦਾਂ ਤੇ ਘੇਰੇ ਵਿੱਚ ਹੈ ਅਤੇ ਸਿੱਖ ਜਥੇਬੰਦੀਆਂ ਉਸ ਦੇ ਖਿਲਾਫ ਮੁਕਦਮੇ ਦਰਜ ਕਰਨ ਦੀ ਮੰਗ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਇਹ ਮੈਂਬਰ ਪਾਰਲੀਮੈਂਟ ਸੱਚਾਈ ਤੋਂ ਕੋਹਾਂ ਦੂਰ ਜਾ ਚੁੱਕੀ ਹੈ ਇਸ ਲਈ ਪੰਜਾਬੀਆਂ ਦੇ ਖਿਲਾਫ ਊਲ ਜਲੂਲ ਅਤੇ ਘਟੀਆ ਬਿਆਨਬਾਜ਼ੀ ਕਰ ਰਹੀ ਹੈ।
ਉਹਨਾਂ ਕਿਹਾ ਕਿ ਇਸ ਦੇ ਨਾਲ ਪੰਜਾਬ (ਜੋ ਕਿ ਸਰਹੱਦੀ ਸੂਬਾ ਹੈ) ਦਾ ਮਾਹੌਲ ਖਰਾਬ ਹੋ ਸਕਦਾ ਹੈ ਜਿਸ ਨਾਲ ਦੇਸ਼ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ।
ਉਹਨਾਂ ਕਿਹਾ ਕਿ ਕੰਗਨਾ ਰਣੌਤ ਤਾਂ ਇਹ ਮੰਨ ਕੇ ਚੱਲਦੀ ਹੈ ਕਿ ਦੇਸ਼ ਨੂੰ ਆਜ਼ਾਦੀ ਹੀ 2014 ਤੋਂ ਬਾਅਦ ਮਿਲੀ ਹੈ। ਉਹਨਾਂ ਕਿਹਾ ਕਿ ਫਿਲਮਾਂ ਵਿੱਚੋਂ ਪੂਰੀ ਤਰ੍ਹਾਂ ਫਲਾਪ ਹੋ ਚੁੱਕੀ ਕੰਗਨਾ ਰਣੌਤ ਰਾਜਨੀਤੀ ਵਿੱਚ ਉੱਪਰ ਆਉਣ ਲਈ ਇਸ ਤਰ੍ਹਾਂ ਦੇ ਵਿਵਾਦਿਤ ਬਿਆਨ ਦੇ ਰਹੀ ਹੈ ਪਰ ਇਸ ਨਾਲ ਭਾਰਤੀ ਜਨਤਾ ਪਾਰਟੀ ਦਾ ਵੀ ਕੋਈ ਬਹੁਤਾ ਫਾਇਦਾ ਨਹੀਂ ਹੋਣਾ ਉਲਟਾ ਉਹਨਾਂ ਨੂੰ ਵੀ ਇਸ ਫਲਾਪ ਅਦਾਕਾਰਾ ਦੇ ਵਿਵਾਦਿਤ ਬਿਆਨਾਂ ਕਾਰਨ ਸਿਆਸੀ ਪਾਰਟੀ ਵਜੋਂ ਪਾਰੀ ਨੁਕਸਾਨ ਝੱਲਣਾ ਪੈਣਾ ਹੈ।
ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਕੰਗਨਾ ਰਣੌਤ ਦੇ ਬਿਆਨ ਉੱਤੇ ਆਪਣਾ ਸਟੈਂਡ ਸਪਸ਼ਟ ਕਰਨ ਅਤੇ ਪੂਰੇ ਮੁਲਕ ਤੋਂ ਮਾਫੀ ਮੰਗਣ ਨਹੀਂ ਤਾਂ ਇਹ ਮੰਨਿਆ ਜਾਵੇਗਾ ਕਿ ਕੰਗਨਾ ਰਣੌਤ ਦੇ ਬਿਆਨਾਂ ਦੇ ਪਿੱਛੇ ਭਾਰਤੀ ਜਨਤਾ ਪਾਰਟੀ ਦੀ ਸੋਚ ਹੀ ਕੰਮ ਕਰ ਰਹੀ ਹੈ। ਉਹਨਾਂ ਪੰਜਾਬ ਭਾਜਪਾ ਦੇ ਪ੍ਰਧਾਨ ਨੂੰ ਵੀ ਕੰਗਨਾ ਰਣੌਤ ਦੇ ਇਸ ਬਿਆਨ ਬਾਰੇ ਆਪਣੀ ਸਥਿਤੀ ਸਪਸ਼ਟ ਕਰਨ ਲਈ ਕਿਹਾ ਹੈ।
ਉਹਨਾਂ ਕਿਹਾ ਕਿ ਕੰਗਨਾ ਰਣੌਤ ਨੇ ਇਹ ਬਿਆਨ ਦਿੱਤਾ ਹੈ ਕਿ ਕਿਸਾਨ ਅੰਦੋਲਨ ਦੇ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਹੈ, ਇਸ ਅੰਦੋਲਨ ਦੇ ਵਿੱਚ ਕਤਲ ਹੋ ਰਹੇ ਸਨ, ਰੇਪ ਹੋ ਰਹੇ ਸਨ ਅਤੇ ਪੂਰੀ ਸਾਜਿਸ਼ ਸੀ। ਚੀਨ ਅਤੇ ਅਮਰੀਕਾ ਵਰਗੇ ਮੁਲਕ ਇਸ ਦੇ ਪਿੱਛੇ ਕੰਮ ਕਰ ਰਹੇ ਸਨ। ਬੰਗਲਾਦੇਸ਼ ਵਿੱਚ ਜੋ ਹੋਇਆ ਉਸ ਤਰ੍ਹਾਂ ਦੀ ਪਲੈਨਿੰਗ ਸੀ।
ਉਹਨਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਤੁਲਨਾ ਬੰਗਲਾਦੇਸ਼ ਵਿੱਚ ਵਾਪਰੀ ਤਾਜ਼ਾ ਘਟਨਾ ਨਾਲ ਕਰਨਾ ਕਿਸੇ ਵੀ ਤਰ੍ਹਾਂ ਨਾਲ ਦੇਸ਼ ਦਰੋਹ ਤੋਂ ਘੱਟ ਨਹੀਂ ਹੈ। ਇਸ ਲਈ ਕੰਗਨਾ ਰਣੌਤ ਦੇ ਖਿਲਾਫ ਫੌਰੀ ਤੌਰ ਤੇ ਐਨਐਸਏ ਦਾ ਮਾਮਲਾ ਭਾਰਤ ਸਰਕਾਰ ਨੂੰ ਦਰਜ ਕਰਨਾ ਚਾਹੀਦਾ ਹੈ ਤੇ ਜੇਲ ਵਿੱਚ ਬੰਦ ਕਰਨਾ ਚਾਹੀਦਾ ਤਾਂ ਜੋ ਇਸ ਤਰ੍ਹਾਂ ਦੇ ਊਲ ਜਲੂਲ ਬਿਆਨ ਦੇ ਕੇ ਕਿਤੇ ਕੰਗਨਾ ਦੇਸ਼ ਅਤੇ ਪੰਜਾਬ ਵਿੱਚ ਅਮਨ ਸ਼ਾਂਤੀ ਦਾ ਮਾਹੌਲ ਪੂਰੀ ਤਰ੍ਹਾਂ ਬਰਬਾਦ ਨਾ ਕਰ ਦੇਵੇ।