ਡਿਪਟੀ ਮੇਅਰ ਨੇ ਮੋਹਾਲੀ ਵਿੱਚ ਟਰਾਂਸਪੋਰਟ ਨਗਰ ਦੀ ਤਜਵੀਜ਼ ਬਾਰੇ ਵੀ ਗਮਾਡਾ ਨੂੰ ਪੁੱਛਿਆ
ਕਈ ਸਾਲਾਂ ਤੋਂ ਲਮਕ ਰਿਹਾ ਹੈ ਮੋਟਰ ਮਾਰਕੀਟ ਦਾ ਮਾਮਲਾ : ਕੁਲਜੀਤ ਸਿੰਘ ਬੇਦੀ
ਮੋਹਾਲੀ ਵਿੱਚ ਕਈ ਸਾਲ ਪਹਿਲਾਂ ਪਿੰਡ ਮੋਹਾਲੀ ਦੇ ਨਾਲ ਲੱਗਦੀ ਥਾਂ ਤੋਂ ਮੋਟਰ ਮਾਰਕੀਟ ਦੇ ਦੁਕਾਨਦਾਰ ਦਾ ਉਜਾੜਾ ਕੀਤਾ ਗਿਆ ਸੀ ਅਤੇ ਉਸ ਸਮੇਂ ਮੋਹਾਲੀ ਵਿੱਚ ਵੱਖ-ਵੱਖ ਥਾਵਾਂ ਉੱਤੇ ਗੱਡੀਆਂ ਸਕੂਟਰਾਂ ਦਾ ਕੰਮ ਕਰਨ ਵਾਲਿਆਂ ਦੇ ਸਰਵੇ ਕੀਤੇ ਗਏ ਸੀ। ਇਸ ਤੋਂ ਬਾਅਦ ਉਨਾਂ ਨੂੰ ਬਲਕ ਮਾਰਕੀਟ ਦੇ ਪਿਛਲੇ ਪਾਸੇ ਥਾਂ ਦੇਣ ਦੀ ਤਜਵੀਜ਼ ਵੀ ਸੀ। ਇਸ ਸਬੰਧੀ ਸਰਵੇ ਵਿੱਚ ਆਏ ਦੁਕਾਨਦਾਰਾਂ ਤੋਂ ਪੈਸੇ ਵੀ ਗਮਾਡਾ ਨੇ ਜਮਾ ਕਰਵਾਏ ਸੀ ਅਤੇ ਇਸ ਕਾਰਵਾਈ ਨੂੰ ਸੱਤ ਅੱਠ ਸਾਲ ਹੋ ਚੁੱਕੇ ਹਨ ਪਰ ਇਹ ਮੋਟਲ ਮਾਰਕੀਟ ਜਾਂ ਸਕੂਟਰ ਮਾਰਕੀਟ ਦੇ ਦੁਕਾਨਦਾਰ ਹਾਲੇ ਵੀ ਆਪਣੀਆਂ ਦੁਕਾਨਾਂ ਨੂੰ ਤਰਸ ਰਹੇ ਹਨ।
ਇਸ ਮਾਮਲੇ ਵਿੱਚ ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਗਮਾਡਾ ਕੋਲੋਂ ਸੂਚਨਾ ਦੇ ਅਧਿਕਾਰ ਤਹਿਤ ਜਾਣਕਾਰੀ ਮੰਗੀ ਹੈ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੁੱਛਿਆ ਹੈ ਕਿ ਸਰਵੇ ਵਿੱਚ ਆਏ ਦੁਕਾਨਦਾਰਾਂ ਵਾਸਤੇ ਮੋਟਰ ਮਾਰਕੀਟ ਵਿੱਚ ਕਿੰਨੀਆਂ ਦੁਕਾਨਾਂ ਦਿੱਤੀਆਂ ਗਈਆਂ ਹਨ ਅਤੇ ਇਹਨਾਂ ਦਾ ਮੌਜੂਦਾ ਸਟੇਟਸ ਕੀ ਹੈ।
ਉਹਨਾਂ ਇਹ ਵੀ ਪੁੱਛਿਆ ਹੈ ਕਿ ਕਿੰਨੇ ਦੁਕਾਨਦਾਰਾਂ ਨੂੰ ਦੁਕਾਨਾਂ ਦਾ ਕਬਜ਼ਾ ਦਿੱਤਾ ਗਿਆ ਹੈ ਅਤੇ ਇਹਨਾਂ ਕੋਲੋਂ ਬੂਥ ਜਾਂ ਸ਼ੋਰੂਮ ਦੇ ਹਿਸਾਬ ਨਾਲ ਕਿੰਨੇ ਕਿੰਨੇ ਪੈਸੇ ਗਮਾਡਾ ਨੇ ਲਏ ਹਨ।
ਉਹਨਾਂ ਇਹ ਵੀ ਪੁੱਛਿਆ ਕਿ ਮੋਹਾਲੀ ਦਾ ਵੱਡੇ ਪੱਧਰ ਤੇ ਵਿਸਥਾਰ ਹੋਇਆ ਹੈ। ਅਤੇ ਕਈ ਨਵੇਂ ਸੈਕਟਰ ਬਣੇ ਹਨ। ਉਹਨਾਂ ਪੁੱਛਿਆ ਹੈ ਕਿ ਕੀ ਮੋਹਾਲੀ ਵਿੱਚ ਇੱਕ ਤੋਂ ਵੱਧ ਮੋਟਰ ਮਾਰਕੀਟਾਂ ਬਣਾਉਣ ਦੀ ਵੀ ਤਜਵੀਜ਼ ਹੈ ਤੇ ਜੇਕਰ ਅਜਿਹਾ ਹੈ ਤਾਂ ਕੀ ਇਸ ਦੇ ਵਾਸਤੇ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਗਈ ਹੈ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੋਹਾਲੀ ਵਿੱਚ ਕੋਈ ਟਰਾਂਸਪੋਰਟ ਨਗਰ ਨਾ ਹੋਣ ਸਬੰਧੀ ਵੀ ਗਮਾਡਾ ਤੋਂ ਜਾਣਕਾਰੀ ਮੰਗਦਿਆਂ ਪੁੱਛਿਆ ਹੈ ਕਿ ਕੀ ਮੋਹਾਲੀ ਵਿੱਚ ਟਰਾਂਸਪੋਰਟ ਨਗਰ ਬਣਾਉਣ ਦਾ ਵੀ ਕੋਈ ਪ੍ਰਸਤਾਵ ਹੈ। ਉਹਨਾਂ ਕਿਹਾ ਕਿ ਚੰਡੀਗੜ੍ਹ ਵਿੱਚ ਟਰਾਂਸਪੋਰਟ ਨਗਰ ਹੈ ਜਿਸ ਨਾਲ ਵਪਾਰੀ ਵਰਗ ਅਤੇ ਸਨਅਤਕਾਰਾਂ ਨੂੰ ਇਸ ਦਾ ਫਾਇਦਾ ਹੁੰਦਾ ਇਹ ਜਦੋਂ ਕਿ ਮੋਹਾਲੀ ਵਿੱਚ ਅਜਿਹੀ ਕੋਈ ਟਰਾਂਸਪੋਰਟ ਵਾਸਤੇ ਵੱਖਰੀ ਥਾਂ ਗਮਾਡਾ ਵੱਲੋਂ ਅਲਾਟ ਨਹੀਂ ਕੀਤੀ ਗਈ।
ਡਿਪਟੀ ਮੇਰ ਨੇ ਕਿਹਾ ਹੈ ਕਿ ਇਸ ਸਬੰਧੀ ਉਹਨਾਂ ਨੇ ਸੂਚਨਾ ਦੇ ਅਧਿਕਾਰ ਤਹਿਤ ਜਾਣਕਾਰੀ ਹਾਸਿਲ ਕਰਨ ਲਈ ਲੋੜੀਂਦੀ ਫੀਸ ਜਮ੍ਹਾਂ ਕਰਵਾ ਦਿੱਤੀ ਹੈ। ਉਹਨਾਂ ਗਮਾਡਾ ਦੇ ਸੂਚਨਾ ਅਧਿਕਾਰੀ ਨੂੰ ਬੇਨਤੀ ਕੀਤੀ ਹੈ ਕਿ ਸਮੇਂ ਸਿਰ ਉਹਨਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਵੇ।