ਮਹਿੰਗਾਈ ਨੇ ਲੋਕਾਂ ਦਾ ਕੀਤਾ ਬੁਰਾ ਹਾਲ, ਚਾਰ ਜੂਨ ਨੂੰ ਲੋਕ ਬੰਨ੍ਹ ਦੇਣਗੇ ਦੇਸ਼ ਤੋਂ ਭਾਜਪਾ ਦਾ ਬੋਰੀਆ ਬਿਸਤਰਾ : ਕੁਲਜੀਤ ਸਿੰਘ ਬੇਦੀ
ਤਾਜ਼ੀਆਂ ਖਬਰਾਂ ਆਈਆਂ ਹਨ ਕਿ ਭਾਰਤ ਨੇ ਪਿਛਲੇ ਵਿੱਤੀ ਸਾਲ ਦੌਰਾਨ ਰੂਸ ਤੋਂ ਸਸਤਾ ਤੇਲ ਖਰੀਦ ਕੇ 1.94 ਲੱਖ ਕਰੋੜ ਰੁਪਏ ਦਾ ਫਾਇਦਾ ਕਮਾਇਆ ਪਰ ਭਾਰਤ ਦੇ ਲੋਕਾਂ ਨੂੰ ਇਸਦਾ ਧੇਲੇ ਦਾ ਵੀ ਫਾਇਦਾ ਨਹੀਂ ਦਿੱਤਾ ਗਿਆ: ਬੇਦੀ
ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਕਿਹਾ ਕਿ ਮੀਡੀਆ ਇਸ ਮਾਮਲੇ ਵਿੱਚ ਭਾਜਪਾ ਦੀ ਕੇਂਦਰੀ ਸਰਕਾਰ ਦੀ ਵਡਿਆਈ ਕਰਨ ਤੇ ਤਾਂ ਲੱਗਿਆ ਹੋਇਆ ਹੈ ਕਿ ਭਾਰਤ ਦੀਆਂ ਤੇਲ ਰਿਫਾਇਨਰੀ ਕੰਪਨੀਆਂ ਨੇ ਰੂਸ ਤੋਂ ਸਸਤਾ ਤੇਲ ਖਰੀਦ ਕੇ ਵੱਡਾ ਫਾਇਦਾ ਹਾਸਲ ਕੀਤਾ ਹੈ ਪਰ ਇਸ ਬਾਰੇ ਕੇਂਦਰ ਸਰਕਾਰ ਅਤੇ ਉਸਦੇ ਮੰਤਰੀਆਂ ਅਤੇ ਆਗੂਆਂ ਦੇ ਮੂੰਹ ਸੀਤੇ ਜਾਂਦੇ ਹਨ ਜਦੋਂ ਆਮ ਲੋਕਾਂ ਨੂੰ ਇਸ ਮਾਮਲੇ ਵਿੱਚ ਇੱਕ ਧੇਲੇ ਦਾ ਵੀ ਫਾਇਦਾ ਨਹੀਂ ਦਿੱਤੇ ਜਾਣ ਦੀ ਗੱਲ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਅਸਲੀਅਤ ਤਾਂ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਸਾਰਾ ਸਰਮਾਇਆ ਆਪਣੇ ਸਰਮਾਏਦਾਰ ਸਾਥੀਆਂ ਨੂੰ ਸੌਂਪਣ ਵਿੱਚ ਲੱਗੀ ਹੋਈ ਹੈ ਅਤੇ ਆਮ ਲੋਕਾਂ ਦਾ ਖੂਨ ਚੂਸ ਰਹੀ ਹੈ।
ਉਹਨਾਂ ਕਿਹਾ ਕਿ ਭਾਜਪਾ ਦੇ ਜੋ ਅੰਧ ਭਗਤ ਬਿਨਾਂ ਸੋਚੇ ਸਮਝੇ ਕੇਂਦਰ ਸਰਕਾਰ ਦੀਆਂ ਤਰੀਫਾਂ ਦੇ ਪੁੱਲ ਬੰਨ੍ਹਦੇ ਹਨ, ਅਸਲ ਵਿੱਚ ਉਹ ਸਾਰੇ ਹੀ ਇਸ ਮਹਿੰਗਾਈ ਤੋਂ ਬੁਰੀ ਤਰ੍ਹਾਂ ਦਰਸਤ ਵੀ ਹਨ ਤੇ ਉਹਨਾਂ ਦੇ ਬੱਚੇ ਬੇਰੁਜ਼ਗਾਰ ਵੀ ਹਨ। ਉਹਨਾਂ ਕਿਹਾ ਕਿ ਜਿਹੜੀ ਕੇਂਦਰ ਦੀ ਭਾਜਪਾ ਸਰਕਾਰ ਗਰੀਬਾਂ ਦੇ ਫਾਇਦੇ ਦੀ ਗੱਲ ਕਰਦੀ ਹੈ, ਉਹ ਦੱਸੇ ਕਿ ਜਰੂਰੀ ਦਵਾਈਆਂ ਦੇ ਭਾਅ ਕਿਉਂ ਵਧਾਏ ਗਏ ਹਨ, ਸਟੇਸ਼ਨਰੀ ਅਤੇ ਖਾਣ ਪੀਣ ਦੀਆਂ ਵਸਤਾਂ ਉੱਤੇ ਜੀਐਸਟੀ ਕਿਉਂ ਲਗਾਇਆ ਗਿਆ ਹੈ।
ਉਹਨਾਂ ਕਿਹਾ ਕਿ ਭਾਜਪਾ ਦੇ ਅੰਧ ਭਗਤਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ ਕਿਉਂਕਿ ਅੰਧ ਭਗਤਾਂ ਦਾ ਜਿਉਣਾ ਵੀ ਇਸ ਮਹਿੰਗਾਈ ਨੇ ਦੂਭਰ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਚਾਰ ਜੂਨ ਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਭਾਰਤ ਤੋਂ ਬੋਰੀਆ ਬਿਸਤਰਾ ਬੰਨ੍ਹ ਦਿੱਤਾ ਜਾਵੇਗਾ।