ਇੱਕ ਮਹੀਨੇ ਤੋਂ ਕਰ ਰਹੇ ਹਾਂ ਸ਼ਿਕਾਇਤਾਂ ਬਿਜਲੀ ਵਿਭਾਗ ਨਹੀਂ ਕਰਦਾ ਕਾਰਵਾਈ, ਹਾਦਸੇ ਦੇ ਜ਼ਿੰਮੇਵਾਰੀ ਹੋਣਗੇ ਅਧਿਕਾਰੀ : ਕੁਲਜੀਤ ਸਿੰਘ ਬੇਦੀ
ਮੋਹਾਲੀ:
ਮੋਹਾਲੀ ਦੇ ਫੇਜ਼ 3ਬੀ2 ਵਿਖੇ ਮਾਰਕੀਟ ਦੇ ਸ਼ੋਰੂਮਾਂ ਦੇ ਪਿਛਲੇ ਪਾਸੇ ਬਿਜਲੀ ਬੋਰਡ ਦੇ ਤਿੰਨ ਖੰਭੇ ਡਿਗਣ ਦੀ ਹਾਲਤ ਵਿੱਚ ਹਨ ਜਿਸ ਨਾਲ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਇਥੋਂ ਦੇ ਕੌਂਸਲਰ ਅਤੇ ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਇਸ ਮਾਮਲੇ ਵਿੱਚ ਬਿਜਲੀ ਵਿਭਾਗ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਇਹ ਖੰਬੇ ਬੁਰੀ ਹਾਲਤ ਵਿੱਚ ਹਨ ਪਰ ਬਿਜਲੀ ਵਿਭਾਗ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ ਅਤੇ ਜੇਕਰ ਕੋਈ ਹਾਦਸਾ ਵਾਪਰ ਗਿਆ ਤਾਂ ਇਸ ਦੀ ਪੂਰੀ ਜਿੰਮੇਵਾਰੀ ਬਿਜਲੀ ਬੋਰਡ ਦੀ ਹੋਵੇਗੀ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਉਹ ਪਿਛਲੇ ਇੱਕ ਮਹੀਨੇ ਤੋਂ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਇਹਨਾਂ ਖੰਭਿਆਂ ਦੀ ਸਮੱਸਿਆ ਦੂਰ ਕਰਨ ਬਾਰੇ ਸ਼ਿਕਾਇਤ ਕਰ ਚੁੱਕੇ ਹਨ ਪਰ ਅਧਿਕਾਰੀ ਇਹ ਬਹਾਨਾ ਲਾ ਦਿੰਦੇ ਹਨ ਕਿ ਸੰਬੰਧਿਤ ਠੇਕੇਦਾਰ ਨਹੀਂ ਆ ਰਿਹਾ। ਉਹਨਾਂ ਕਿਹਾ ਕਿ ਇਹ ਮਸਲਾ ਬਹੁਤ ਸੰਵੇਦਨਸ਼ੀਲ ਹੈ ਇਸ ਲਈ ਬਿਜਲੀ ਬੋਰਡ ਨੂੰ ਚਾਹੀਦਾ ਹੈ ਕਿ ਐਮਰਜੰਸੀ ਤੌਰ ਤੇ ਇਹਨਾਂ ਖੰਭਿਆਂ ਦਾ ਕੋਈ ਪ੍ਰਬੰਧ ਕਰੇ ਕਿਉਂਕਿ ਇਸ ਮਾਰਕੀਟ ਵਿੱਚ ਵੱਡੀ ਗਿਣਤੀ ਵਿੱਚ ਲੋਕ ਆਉਂਦੇ ਹਨ ਅਤੇ ਇਹ ਖੰਬੇ ਕਦੇ ਵੀ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਇਥੋਂ ਸੀਵਰੇਜ ਲਾਈਨ ਨਿਕਲ ਰਹੀ ਹੈ ਜੋ ਖੰਬਿਆਂ ਦੇ ਟੁੱਟਣ ਕਾਰਨ ਬਿਲਕੁਲ ਬੰਦ ਪਈ ਹੈ ਅਤੇ ਬਰਸਾਤ ਵਿੱਚ ਪਾਣੀ ਖੜਨ ਕਾਰਨ ਮਾਰਕੀਟ ਅਤੇ ਸਥਾਨਕ ਨਿਵਾਸੀਆਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ । ਉਹਨਾਂ ਕਿਹਾ ਕਿ ਮੋਹਾਲੀ ਵਰਗੇ ਸ਼ਹਿਰ ਵਿੱਚ ਇਹ ਹਾਲ ਹੈ ਤੇ ਪਿੰਡਾਂ ਜਾਂ ਹੋਰ ਸ਼ਹਿਰਾਂ ਵਿੱਚ ਕੀ ਹਾਲ ਹੋਵੇਗਾ ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਉਹਨਾਂ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇੱਕ ਹਫਤੇ ਦੇ ਅੰਦਰ ਇਨ੍ਹਾਂ ਖੰਭਿਆਂ ਨੂੰ ਨਾ ਬਦਲਿਆ ਗਿਆ ਤਾਂ ਉਹ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਲਿਖਣ ਲਈ ਮਜਬੂਰ ਹੋਣਗੇ ਅਤੇ ਜੇਕਰ ਕੋਈ ਹਾਦਸਾ ਵਾਪਰ ਗਿਆ ਤਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੇ ਖਿਲਾਫ ਵੱਡਾ ਸੰਘਰਸ਼ ਕੀਤਾ ਜਾਵੇਗਾ ਜਿਸ ਦੀ ਜ਼ਿੰਮਵਾਰੀ ਬਿਜਲੀ ਬੋਰਡ ਦੇ ਸਥਾਨਕ ਅਧਿਕਾਰੀਆਂ ਦੀ ਹੋਵੇਗੀ।