Follow us

20/04/2025 8:30 am

Search
Close this search box.
Home » News In Punjabi » ਚੰਡੀਗੜ੍ਹ » ਫੇਜ਼ 3ਬੀ1 ਕਮਿਊਨਿਟੀ ਹੈਲਥ ਸੈਂਟਰ ਦੇ ਮਾਮਲੇ ਵਿੱਚ ਪੰਜਾਬ ਦੇ ਮੁੱਖ ਸਕੱਤਰ ਅਤੇ ਹੋਰਨਾਂ ਨੂੰ ਹਾਈ ਕੋਰਟ ਦਾ ਨੋਟਿਸ ਜਾਰੀ

ਫੇਜ਼ 3ਬੀ1 ਕਮਿਊਨਿਟੀ ਹੈਲਥ ਸੈਂਟਰ ਦੇ ਮਾਮਲੇ ਵਿੱਚ ਪੰਜਾਬ ਦੇ ਮੁੱਖ ਸਕੱਤਰ ਅਤੇ ਹੋਰਨਾਂ ਨੂੰ ਹਾਈ ਕੋਰਟ ਦਾ ਨੋਟਿਸ ਜਾਰੀ

ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੱਲੋਂ ਪਾਏ ਕੇਸ ਦੀ ਸੁਣਵਾਈ ਉਪਰੰਤ ਅਦਾਲਤ ਨੇ ਦਿੱਤੇ ਨਿਰਦੇਸ਼

ਕਮਿਊਨਿਟੀ ਹੈਲਥ ਸੈਂਟਰ ਨੂੰ ਸੰਤੇ ਮਾਜਰਾ ਤਬਦੀਲ ਕਰਨ ਖਿਲਾਫ ਸੰਘਰਸ਼ ਜਾਰੀ ਰਹੇਗਾ : ਕੁਲਜੀਤ ਸਿੰਘ ਬੇਦੀ

ਮੋਹਾਲੀ : ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੱਲੋਂ ਫੇਜ਼ 3ਬੀ1 ਦੇ ਸਰਕਾਰੀ ਹਸਪਤਾਲ ਵਿੱਚ ਚਲਦੇ ਕਮਿਊਨਿਟੀ ਹੈਲਥ ਸੈਂਟਰ ਨੂੰ ਸੰਤੇਮਾਜਰਾ ਤਬਦੀਲ ਕੀਤੇ ਜਾਣ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪਾਏ ਗਏ ਕੇਸ ਵਿੱਚ ਮਾਨਯੋਗ ਅਦਾਲਤ ਨੇ ਪੰਜਾਬ ਦੇ ਮੁੱਖ ਸਕੱਤਰ ਅਤੇ ਹੋਰਨਾਂ ਨੂੰ ਨੋਟਿਸ ਆਫ ਮੋਸ਼ਨ ਜਾਰੀ ਕੀਤਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 20 ਮਈ ਨੂੰ ਹੋਵੇਗੀ।

ਇੱਥੇ ਜ਼ਿਕਰਯੋਗ ਹੈ ਕਿ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੱਲੋਂ ਆਪਣੇ ਵਕੀਲ ਰੰਜੀਵਨ ਸਿੰਘ ਰਾਹੀਂ ਮਾਨਯੋਗ ਅਦਾਲਤ ਵਿੱਚ ਕੇਸ ਦਾਇਰ ਕੀਤਾ ਗਿਆ ਸੀ ਕਿ ਇਸ ਸਰਕਾਰੀ ਕਮਿਊਨਿਟੀ ਹੈਲਥ ਸੈਂਟਰ ਨੂੰ ਪੰਜਾਬ ਸਰਕਾਰ ਨੇ ਲੀਵਰ ਅਤੇ ਬਾਇਲਰੀ ਇੰਸਟੀਚਿਊਟ ਵਿੱਚ ਤਬਦੀਲ ਕਰ ਦਿੱਤਾ ਹੈ ਅਤੇ ਇਸ ਨੂੰ ਸੰਤੇ ਮਾਜਰਾ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ। ਇਸ ਨਾਲ ਇਸ ਇਲਾਕੇ ਦੇ ਲੋਕਾਂ ਖਾਸ ਤੌਰ ਤੇ ਸੀਨੀਅਰ ਸਿਟੀਜਨਾਂ ਨੂੰ ਸਿਹਤ ਸੁਵਿਧਾਵਾਂ ਸਬੰਧੀ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਡਿਸਪੈਂਸਰੀ 21 ਨਵੰਬਰ 2022 ਨੂੰ ਤਬਦੀਲ ਕੀਤੀ ਗਈ ਸੀ ਅਤੇ ਇਸ ਦੇ ਖਿਲਾਫ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪਹਿਲਾਂ ਅਧਿਕਾਰੀਆਂ ਨੂੰ ਕਈ ਪੱਤਰ ਲਿਖੇ ਪਰ ਜਦੋਂ ਕੋਈ ਸੁਣਵਾਈ ਨਾ ਹੋਈ ਤਾਂ ਉਹਨਾਂ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ।

ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਇੱਥੇ ਪਿਛਲੇ 40 ਸਾਲ ਤੋਂ ਸਰਕਾਰੀ ਡਿਸਪੈਂਸਰੀ ਚੱਲ ਰਹੀ ਸੀ। ਉਹਨਾਂ ਕਿਹਾ ਕਿ ਫੇਜ਼ 3ਬੀ1, ਸਗੋਂ ਫੇਜ਼ 3ਬੀ2, ਫੇਜ਼ 7 ਅਤੇ ਹੋਰ ਨੇੜਲੇ ਖੇਤਰ ਤੋਂ ਮਰੀਜ਼ ਇੱਥੇ ਆਉਂਦੇ ਸਨ ਤੇ ਇੱਥੇ ਆਯੁਰਵੈਦਿਕ ਡਿਸਪੈਂਸਰੀ ਵੀ ਸੀ। ਉਹਨਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਵੇਲੇ ਇਸ ਡਿਸਪੈਂਸਰੀ ਨੂੰ ਅਪਗ੍ਰੇਡ ਕਰਕੇ ਹਸਪਤਾਲ ਬਣਾਇਆ ਗਿਆ ਸੀ, ਓਪਰੇਸ਼ਨ ਥੀਏਟਰ ਵੀ ਬਣਾਏ ਗਏ ਅਤੇ ਪ੍ਰਾਈਵੇਟ ਕਮਰਿਆਂ ਤੋਂ ਇਲਾਵਾ ਹੋਰ ਵਾਰਡ ਵੀ ਬਣਾਏ ਗਏ ਸਨ। ਇੱਥੇ ਐਕਸਰੇ ਅਤੇ ਹੋਰ ਜਾਂਚ ਲੈਬੋਟਰੀਆਂ ਬਣਨੀਆਂ ਸਨ। ਉਨ੍ਹਾਂ ਕਿਹਾ ਕਿ ਟ੍ਰੈਫਿਕ ਬਹੁਤ ਜਿਆਦਾ ਵੱਧ ਚੁੱਕਿਆ ਹੈ ਅਤੇ ਡਿਸਪੈਂਸਰੀ ਦੇ ਤਬਦੀਲ ਹੋਣ ਕਾਰਨ ਲੋਕਾਂ ਨੂੰ ਹੁਣ ਜਾਂ ਤਾਂ ਇਸ ਛੇ ਦੇ ਸਿਵਲ ਹਸਪਤਾਲ ਜਾਣਾ ਪੈਂਦਾ ਹੈ ਜਾਂ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾਉਣਾ ਪੈਂਦਾ ਹੈ ਜੋ ਬਹੁਤ ਮਹਿੰਗਾ ਪੈਂਦਾ ਹੈ।

ਉਹਨਾਂ ਕਿਹਾ ਪਿਛਲੀ ਸਰਕਾਰ ਨੇ ਇਸ ਹਸਪਤਾਲ ਵਿੱਚ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਜੋ ਉਪਰਾਲਾ ਕੀਤਾ ਸੀ, ਸਰਕਾਰ ਨੇ ਇਸ ਨੂੰ ਆਉਂਦਿਆਂ ਹੀ ਖੋਹ ਲਿਆ। ਉਹਨਾਂ ਕਿਹਾ ਕਿ ਪਿਛਲੇ 2 ਸਾਲ ਤੋਂ ਡਿਸਪੈਂਸਰੀ ਬੰਦ ਪਈ ਹੈ। ਸੰਤੇ ਮਾਜਰਾ ਵਿਖੇ ਜਿੱਥੇ ਇਸ ਕਮਿਊਨਿਟੀ ਹੈਲਥ ਸੈਂਟਰ ਨੂੰ ਤਬਦੀਲ ਕੀਤਾ ਗਿਆ ਹੈ ਉਹ ਖਰੜ ਹਲਕੇ ਅਤੇ ਖਰੜ ਤਹਿਸੀਲ ਅਧੀਨ ਪੈਂਦਾ ਹੈ।

ਉਹਨਾਂ ਕਿਹਾ ਕਿ ਇਸ ਦੇ ਖਿਲਾਫ ਧਰਨੇ ਵੀ ਲੱਗੇ ਪਰ ਸਰਕਾਰ ਨੇ ਕੋਈ ਗੌਰ ਨਾ ਕੀਤੀ ਸਗੋਂ ਇਹ ਪੂਰੀ ਬਿਲਡਿੰਗ ਲੀਵਰ ਅਤੇ ਬਾਇਲਰੀ ਇੰਸਟੀਚਿਊਟ ਦੇ ਨਾਮ ਤੇ ਉਸਦੇ ਹਵਾਲੇ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇੰਨੀ ਕੁ ਥਾਂ ਵਿਚ ਲੀਵਰ ਅਤੇ ਬਾਇਲਰੀ ਇੰਸਟੀਚਿਊਟ ਚੱਲ ਹੀ ਨਹੀਂ ਸਕਦਾ। ਉਹਨਾਂ ਕਿਹਾ ਕਿ ਇਸ ਦੇ ਖਿਲਾਫ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਕਈ ਪੱਤਰ ਲਿਖੇ ਪਰ ਜਦੋਂ ਕੋਈ ਹੱਲ ਨਾ ਹੋਇਆ ਤਾਂ ਮਜਬੂਰ ਹੋ ਕੇ ਉਹਨਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅਦਾਲਤ ਨੂੰ ਗੁੰਮਰਾਹ ਕਰਨ ਦਾ ਬਥੇਰਾ ਯਤਨ ਕੀਤਾ ਪਰ ਉਹਨਾਂ ਨੂੰ ਤਸੱਲੀ ਹੈ ਕਿ ਹੁਣ ਅਦਾਲਤ ਨੇ ਇਸ ਮਾਮਲੇ ਵਿੱਚ ਮੁਖ ਸਕੱਤਰ ਨੂੰ ਨੋਟਿਸ ਕਰ ਦਿੱਤਾ ਹੈ।

ਉਹਨਾਂ ਕਿਹਾ ਕਿ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ ਦੋ ਸਾਲ ਤੋਂ ਇਹ ਹਸਪਤਾਲ ਬੰਦ ਕੀਤਾ ਹੋਇਆ ਹੈ ਅਤੇ ਕੈਬਿਨੇਟ ਮੀਟਿੰਗ ਵਿੱਚ ਪੰਜਾਬ ਸਰਕਾਰ ਨੇ ਇੱਥੇ ਅਸਾਮੀਆਂ ਭਰਨ ਲਈ ਮਤਾ ਪਾਸ ਕੀਤ ਹੈ। ਉਨ੍ਹਾਂ ਕਿਹਾ ਕਿ ਉਹ ਲੀਵਰ ਅਤੇ ਬਾਇਲਰੀ ਇੰਸਟੀਚਿਊਟ ਦਾ ਵਿਰੋਧ ਨਹੀਂ ਕਰਦੇ, ਪਰ ਅਜਿਹੇ ਕੇਂਦਰ ਵਾਸਤੇ ਘੱਟੋ ਘੱਟ 40-50 ਏਕੜ ਦੀ ਜਗ੍ਹਾ ਚਾਹੀਦੀ ਹੈ। ਇਸ ਲਈ ਅਜਿਹਾ ਕੇਂਦਰ ਤਾਂ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਨਾਲ ਬਣਾਇਆ ਜਾਣਾ ਚਾਹੀਦਾ ਸੀ।

ਉਹਨਾਂ ਕਿਹਾ ਕੇ ਦੂਜੇ ਪਾਸੇ ਫੇਜ਼ 3ਬੀ1 ਦੇ ਇਸ ਹਸਪਤਾਲ ਦੀ ਬਿਲਡਿੰਗ ਵਿੱਚੋਂ ਹੀ ਕੁੱਝ ਹਿੱਸਾ ਡਿਸਪੈਂਸਰੀ ਵਾਸਤੇ ਦਿੱਤਾ ਜਾ ਸਕਦਾ ਸੀ ਅਤੇ ਡਿਸਪੈਂਸਰੀ ਨੂੰ ਚਾਲੂ ਰੱਖਿਆ ਜਾ ਸਕਦਾ ਸੀ ਪਰ ਸਰਕਾਰ ਨੇ ਪਤਾ ਨਹੀਂ ਕਿਹੜੇ ਕਾਰਨਾਂ ਕਰਕੇ ਚਲਦੀ ਡਿਸਪੈਂਸਰੀ ਨੂੰ ਤਬਦੀਲ ਕਰ ਦਿੱਤਾ।

ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਲੀਵਰ ਇੰਸਟੀਟਿਊਟ ਨੂੰ ਮੈਡੀਕਲ ਕਾਲਜ ਦੇ ਨਾਲ ਤਬਦੀਲ ਕੀਤਾ ਜਾਵੇ ਅਤੇ ਇੱਥੇ ਅਪਗ੍ਰੇਡ ਕੀਤੇ ਹੋਏ ਹਸਪਤਾਲ ਨੂੰ ਹੀ ਸਰਕਾਰ ਚਲਾਵੇ ਤਾਂ ਜੋ ਫੇਜ਼ 6 ਦੇ ਸਿਵਲ ਹਸਪਤਾਲ ਉਤੇ ਮਰੀਜ਼ਾਂ ਦਾ ਬੋਝ ਘਟ ਸਕੇ ਅਤੇ ਇਲਾਕੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ  ਹਾਸਲ ਹੋ ਸਕਣ।

dawn punjab
Author: dawn punjab

Leave a Comment

RELATED LATEST NEWS

Top Headlines

Live Cricket

Rashifal